ਤਨਖਾਹਾਂ ਨਾ ਮਿਲਣ ਵਿਰੁੱਧ ਖਜ਼ਾਨਾ ਦਫਤਰਾਂ ਅੱਗੇ ਖੜਕਣਗੇ ਭਾਂਡੇ

12/04/2019 12:44:06 AM

ਸੰਗਰੂਰ,(ਵਿਵੇਕ ਸਿੰਧਵਾਨੀ)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਅਤੇ ਪ੍ਰੈੱਸ ਸਕੱਤਰ ਇੰਦਰਜੀਤ ਵਿਰਦੀ ਨੇ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਕਿਹਾ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ’ਤੇ ਰੋਕ ਲਾਉਣ ਸਬੰਧੀ ਖਜ਼ਾਨਾ ਦਫਤਰਾਂ ਨੂੰ ਦਿੱਤੇ ਜ਼ੁਬਾਨੀ ਹੁਕਮਾਂ ਦੇ ਵਿਰੁੱਧ ਪੂਰੇ ਪੰਜਾਬ ਅੰਦਰ ਜਥੇਬੰਦੀ ਵੱਲੋਂ ਸਮੁੱਚੇ ਖਜ਼ਾਨਾ ਦਫਤਰਾਂ ਅੱਗੇ ਮਿਤੀ 5 ਅਤੇ 6 ਦਸੰਬਰ ਨੂੰ ਖਾਲੀ ਭਾਂਡੇ ਖਡ਼ਕਾਅ ਕੇ ਅਰਥੀ ਫੂਕ ਰੈਲੀਆਂ ਕੀਤੀਆਂ ਜਾਣਗੀਆਂ।

ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਵੱਲੋਂ ਸਰਕਾਰ ਬਣਨ ਤੋਂ ਲੈ ਕੇ ਹੀ ਖਜ਼ਾਨਾ ਖਾਲੀ ਹੈ, ਦਾ ਰਾਗ ਅਲਾਪਿਆ ਜਾ ਰਿਹਾ ਹੈ ਅਤੇ ਇਸ ਦਾ ਜ਼ਿੰਮੇਵਾਰ ਸਮੁੱਚੀ ਮੁਲਾਜ਼ਮ ਜਮਾਤ ਨੂੰ ਠਹਿਰਾਇਆ ਜਾ ਰਿਹਾ ਹੈ ਜਦਕਿ ਆਪਣੀਆਂ ਗੱਡੀਆਂ, ਤਨਖਾਹਾਂ, ਪੈਨਸ਼ਨਾਂ, ਭੱਤਿਆਂ ਅਤੇ ਓ. ਐੱਸ. ਡੀਜ਼. ਦੀ ਬੇਲੋਡ਼ੀ ਫੌਜ ’ਤੇ ਲੋਕਾਂ ਦੇ ਪੈਸੇ ਨੂੰ ਉਡਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਰੋਕੀਆਂ ਤਨਖਾਹਾਂ ਨੂੰ ਤੁਰੰਤ ਜਾਰੀ ਨਾ ਕੀਤਾ ਗਿਆ ਤਾਂ ਇਨ੍ਹਾਂ ਅਰਥੀ ਫੂਕ ਰੈਲੀਆਂ ਤੋਂ ਬਾਅਦ ਸੂਬੇ ਅੰਦਰ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਜਿਸਦਾ ਸਾਹਮਣਾ ਸਮੁੱਚੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਰਨਾ ਔਖਾ ਹੋ ਜਾਵੇਗਾ।

ਇਸ ਮੌਕੇ ਗੁਰਦੀਪ ਬਾਜਵਾ, ਕਰਮਜੀਤ ਬੀਹਲਾ, ਗੁਰਵਿੰਦਰ ਸਿੰਘ, ਹੰਸਰਾਜ ਬਾਜਵਾ, ਸੁਖਦੇਵ ਸਿੰਘ, ਕੁਲਦੀਪ ਦੌਡ਼ਕਾ, ਧਰਮਿੰਦਰ ਭੰਗੂ, ਬਲਜਿੰਦਰ ਸਿੰਘ, ਸੁਖਵਿੰਦਰ ਚਾਹਲ, ਰਾਮਜੀਦਾਸ ਚੌਹਾਨ, ਮੱਖਣ ਸਿੰਘ, ਹਰੀ ਬਿਲਾਸ, ਕੁਲਦੀਪ ਕੌਡ਼ਾ, ਕ੍ਰਿਸ਼ਨ ਚੰਦ ਜਾਗੋਵਾਲੀਆ, ਬੀਰਇੰਦਰਜੀਤ ਪੁਰੀ, ਸੁਰਜੀਤ ਮੁਹਾਲੀ, ਅਨਿਲ ਕੁਮਾਰ, ਜਤਿੰਦਰ ਕੁਮਾਰ, ਗੋਬਿੰਦ ਆਦਿ ਆਗੂ ਵੀ ਹਾਜ਼ਰ ਸਨ।

Bharat Thapa

This news is Content Editor Bharat Thapa