ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ ਤਿੰਨ ਦੁਕਾਨਦਾਰ ਵੀਡਿਓ ਫੁਟੇਜ਼ ਜ਼ਰੀਏ ਕੀਤੇ ਨਾਮਜ਼ਦ

06/25/2020 4:59:26 PM

ਸ਼੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖ਼ੁਰਾਣਾ) - ਕੋਵਿਡ-19 ਤਹਿਤ ਜ਼ਿਲ੍ਹਾ ਪੁਲਸ  ਵੱਲੋਂ ਜ਼ਿਲ੍ਹੇ 'ਤੇ ਨਿਗਰਾਨੀ ਲਈ ਤਾਇਨਾਤ ਕੀਤੇ ਗਏ ਡਰੋਨ ਹੁਣ ਪੁਲਸ ਲਈ ਵੱਡੇ ਮਦਦਗਾਰ ਸਾਬਤ ਹੋ ਰਹੇ ਹਨ। ਜ਼ਿਲ੍ਹਾ ਪੁਲਸ ਮੁਖੀ ਰਾਜਬਚਨ ਸਿੰੰਘ ਸੰਧੂ ਦੀਆਂ ਹਦਾਇਤਾਂ  ਤਹਿਤ ਉਡਾਏ ਗਏ ਡਰੋਨਾਂ ਦੀ ਮਦਦ ਨਾਲ ਬੁੱਧਵਾਰ ਥਾਣਾ ਸਿਟੀ ਪੁਲਸ ਨੇ ਅਜਿਹੇ ਤਿੰਨ  ਦੁਕਾਨਦਾਰਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਜੋ ਆਪਣੀਆਂ ਦੁਕਾਨਾਂ 'ਤੇ ਗ੍ਰਾਹਕਾਂ ਦਾ  ਇਕੱਠ ਕਰਕੇ ਤਾਲਾਬੰਦੀ ਦੇ ਨਿਯਮ ਦੀ ਉਲੰਘਣਾ ਕਰ ਰਹੇ ਸਨ। ਇਹ ਸਾਰੇ ਮਾਮਲੇ ਡਰੋਨਾਂ ਵੱਲੋਂ ਜਾਰੀ ਕੀਤੀਆਂ ਫੁਟੇਜ਼ ਦੇ ਅਧਾਰ 'ਤੇ ਦਰਜ ਗਏ ਹਨ, ਜਿੰਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-

ਡਰੋਨਾਂ ਦੀ ਮਦਦ ਨਾਲ ਦਰਜ ਹੋਏ ਮਾਮਲੇ

ਡਰੋਨਾ ਦੀ ਮਦਦ ਨਾਲ ਸ਼ਹਿਰ ਦੇ ਅਜਿਹੇ ਤਿੰਨ ਦੁਕਾਨਦਾਰ ਨਾਮਜ਼ਦ ਹੋਏ ਹਨ, ਜੋ ਦੁਕਾਨਾਂ 'ਤੇ ਗ੍ਰਾਹਕਾਂ ਦਾ ਇਕੱਠ ਕਰ ਰਹੇ ਸਨ। ਪਹਿਲੇ ਮਾਮਲੇ ਦੀ ਜਾਣਕਾਰੀ ਦਿੰਦਿਆਂ  ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਡਰੋਨ ਜ਼ਰੀਏ ਇਹ ਫੁਟੇਜ਼ ਮਿਲੀ ਸੀ ਕਿ ਸਥਾਨਕ ਬੱਸ  ਸਟੈਂਡ ਦੇ ਸਾਹਮਣੇ ਸਥਿਤ ਸਾਲਾਸਰ ਸਵੀਟ ਹਾਊਸ 'ਤੇ ਲੋਕਾਂ ਦਾ ਭਾਰੀ ਇਕੱਠ ਹੈ, ਜਿਸ  ਤੋਂ ਬਾਅਦ ਪੁਲਸ ਨੇ ਦੁਕਾਨ ਮਾਲਕ ਪਿਆਰੇ ਲਾਲ ਪੁੱਤਰ ਮੋਹਨ ਲਾਲ ਵਾਸੀ ਗੋਨਿਆਣਾ  ਰੋਡ ਖ਼ਿਲਾਫ਼ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ।

ਦੂਜਾ ਮਾਮਲਾ ਸਬਜ਼ੀ ਮੰਡੀ ਚੌਂਕ ਤੋਂ ਹੈ, ਜਿੱਥੇ ਫੁਟੇਜ਼ ਦੇ ਅਧਾਰ 'ਤੇ ਇਹ ਵੇਖਿਆ ਗਿਆ ਕਿ ਇੱਕ ਬਰਫ਼ ਦੀ ਦੁਕਾਨ 'ਤੇ 6-7 ਵਿਅਕਤੀ ਸਮਾਜਿਕ ਦੂਰੀ ਦੀ ਉਲੰਘਣਾ ਕਰ ਰਹੇ ਸਨ। ਇਸ ਮਾਮਲੇ ਵਿਚ ਪੁਲਸ ਨੇ ਕ੍ਰਿਸ਼ਨ ਕੁਮਾਰ ਪੁੱਤਰ ਜੋਗਿੰਦਰ ਸਿੰਘ ਵਾਸੀ ਕੱਚਾ ਭਾਗਸਰ ਰੋਡ ਨੂੰ ਕਾਬੂ ਵੀ ਕੀਤਾ ਹੈ।

ਇਸੇ ਤਰ੍ਹਾਂ ਤੀਜਾ ਮਾਮਲਾ ਸਥਾਨਕ ਤੁਲਸੀ ਰਾਮ ਸਟਰੀਟ ਤੋਂ ਹੈ, ਜਿੱਥੇ ਇਹ ਵੇਖਿਆ ਗਿਆ ਕਿ ਸੰਦੀਪ ਕਲਾਥ ਹਾਊਸ ਦੁਕਾਨ 'ਤੇ ਲੋਕਾਂ ਦਾ ਭਾਰੀ ਜਮਾਵੜਾ ਹੈ, ਜਿਸ ਤੋਂ ਬਾਅਦ ਪੁਲਸ ਨੇ ਦੁਕਾਨ ਮਾਲਕ ਸੰਦੀਪ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਅਬੋਹਰ ਰੋਡ ਨੂੰ ਕਾਬੂ
ਕਰਕੇ  ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Harinder Kaur

This news is Content Editor Harinder Kaur