NHM ਸਿਹਤ ਮੁਲਾਜ਼ਮਾਂ ਨੇ ਵਿਧਾਇਕਾ ਨਰਿੰਦਰ ਭਰਾਜ ਨੂੰ ਹੱਕੀ ਮੰਗਾਂ ਲਈ ਦਿੱਤਾ ਮੰਗ ਪੱਤਰ

04/11/2022 8:57:17 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਐੱਨ. ਐੱਚ. ਐੱਮ. ਸਿਹਤ ਮੁਲਾਜ਼ਮਾਂ ਨੇ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਜਾਇਜ਼ ਅਤੇ ਹੱਕੀ ਮੰਗਾਂ ਲਈ ਯਾਦ ਪੱਤਰ ਦਿੱਤਾ। ਵਿਧਾਇਕਾ ਭਰਾਜ ਸਥਾਨਕ ਕਾਮਰੇਡ ਜਗਦੀਸ਼ ਚੰਦਰ ਫ੍ਰੀਡਮ ਫਾਈਟਰ ਸਿਵਲ ਹਸਪਤਾਲ ਦੇ ਦੌਰੇ 'ਤੇ ਸਨ। ਜ਼ਿਕਰਯੋਗ ਹੈ ਕਿ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਮੁਲਾਜ਼ਮ ਪਿਛਲੀਆਂ ਤਿੰਨ ਸਰਕਾਰਾਂ ਦੇ ਝੂਠੇ ਵਾਅਦਿਆਂ ਤੋਂ ਪੀੜਤ ਹਨ ਪਰ ਫਿਰ ਵੀ ਲੋਕਾਂ ਦੀ ਪੂਰੀ ਸ਼ਿੱਦਤ ਨਾਲ ਸੇਵਾ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਲਖਵਿੰਦਰ ਕੌਸ਼ਿਕ ਤੇ ਸ਼੍ਰੀਮਤੀ ਕੀਰਤਨ ਕੌਰ ਨੇ ਦੱਸਿਆ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੂੰ ਨਾ ਤਾਂ ਸਿਹਤ ਮੁਲਾਜ਼ਮਾਂ ਦੀ ਕੋਈ ਚਿੰਤਾ ਸੀ, ਨਾ ਲੋਕਾਂ ਦੀ ਸਿਹਤ ਦੀ ਕੋਈ ਚਿੰਤਾ ਸੀ। ਹੁਣ ਐੱਨ. ਐੱਚ. ਐੱਮ. ਦੇ ਮੁਲਾਜ਼ਮ 'ਆਪ' ਸਰਕਾਰ ਤੋਂ ਉਮੀਦ ਕਰਦੇ ਹਨ ਕਿ ਇਹ ਸਰਕਾਰ ਜਲਦ ਤੋਂ ਜਲਦ ਕੱਚੇ ਸਿਹਤ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ।

ਇਹ ਵੀ ਪੜ੍ਹੋ : ਕਣਕ ਦੀ ਥਾਂ ਆਟਾ ਵੰਡਣ ਦੀ ਤਿਆਰੀ 'ਚ ਪੰਜਾਬ ਦੀ 'ਆਪ' ਸਰਕਾਰ!

ਇਸ ਮੌਕੇ ਕਰਨੈਲ ਸਿੰਘ ਤੇ ਸ਼੍ਰੀਮਤੀ ਨਿਤਾਸ਼ਾ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਨਿਰਦੇਸ਼ ਅਤੇ ਲਿਖਤੀ ਹਦਾਇਤਾਂ ਕਈ ਵਾਰ ਜਾਰੀ ਕਰ ਚੁੱਕੀ ਹੈ ਪਰ ਪੰਜਾਬ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼ ਰਾਜਾਂ ਦੀਆਂ ਸਰਕਾਰ ਵੀ ਤਾਂ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੂੰ ਪੱਕਾ ਕਰ ਚੁੱਕੀਆਂ ਹਨ ਤਾਂ ਪੰਜਾਬ ਸਰਕਾਰ ਨੂੰ ਕੀ ਦਿੱਕਤ ਹੈ। ਜੇਕਰ ਐੱਨ. ਐੱਚ. ਐੱਮ. ਦੇ ਕਰਮਚਾਰੀਆਂ ਨੂੰ ਪੱਕਾ ਕਰਨ 'ਚ ਅਜੇ ਕੁਝ ਸਮਾਂ ਲੱਗੇਗਾ ਤਾਂ ਓਨਾ ਸਮਾਂ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਹਰਿਆਣਾ ਦੀ ਸਰਕਾਰ ਵਾਂਗ ਜਲਦ ਫੈਸਲਾ ਲੈ ਕੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾਵੇ।

ਇਹ ਵੀ ਪੜ੍ਹੋ : ਮੁਸੀਬਤ 'ਚ ਸ਼੍ਰੀਲੰਕਾ ਨੂੰ ਚੀਨ ਤੋਂ ਮਿਲਿਆ ਧੋਖਾ, ਭਾਰਤ ਨੇ ਕੀਤੀ ਮਦਦ

ਵਿਧਾਇਕਾ ਭਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਐੱਨ. ਐੱਚ. ਐੱਮ. ਕੱਚੇ ਸਿਹਤ ਮੁਲਾਜ਼ਮਾਂ ਬਾਰੇ ਪੂਰੀ ਜਾਣਕਾਰੀ ਹੈ ਅਤੇ ਇਨ੍ਹਾਂ ਮੁਲਾਜ਼ਮਾਂ ਦੀ ਮੰਗ ਜਾਇਜ਼ ਵੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੁਝ ਸਮਾਂ ਦਿੱਤਾ ਜਾਵੇ। ਸਰਕਾਰ ਜਲਦ ਹੀ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕਰੇਗੀ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਜੀਤ ਸਿੰਘ ਵੀ ਹਾਜ਼ਰ ਸਨ।

Harnek Seechewal

This news is Content Editor Harnek Seechewal