ਨਗਰ ਕੌਂਸਲ ਦੀ ਅਣਗਹਿਲੀ ਕਾਰਣ ਸਫ਼ਾਈ ਦੇ ਢੁੱਕਵੇਂ ਪ੍ਰਬੰਧਾਂ ਦੀ ਅਣਹੋਂਦ ਕਾਰਣ ਵੱਧ ਰਹੇ ਡੇਂਗੂ ਦੇ ਮਰੀਜ਼

10/27/2020 4:59:44 PM

ਜਲਾਲਾਬਾਦ (ਸੇਤੀਆ): ਇਕ ਪਾਸੇ ਜਿੱਥੇ ਕੋਰੋਨਾ ਮਹਾਮਾਰੀ ਦਾ ਫੈਲਾਅ ਅਜੇ ਤੱਕ ਜਾਰੀ ਹੈ। ਪਰ ਉਸਦੇ ਨਾਲ-ਨਾਲ ਹੁਣ ਡੇਂਗੂ ਨੇ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਹਲਕੇ ਅੰਦਰ ਆਏ ਦਿਨ ਲਗਾਤਾਰ ਡੇਂਗੂ ਦੇ ਕੇਸ ਵੱਧ ਰਹੇ ਹਨ। ਇਸ ਤੋਂ ਇਲਾਵਾ ਨਿੱਜੀ ਹਸਪਤਾਲਾਂ ਦੀ ਗੱਲ ਕਰੀਏ ਤਾਂ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਲਈ ਕਈ ਹਸਪਤਾਲਾਂ 'ਚ ਬੈੱਡ ਤੱਕ ਖਾਲੀ ਨਹੀਂ ਹਨ ਅਤੇ ਮਜਬੂਰਨ ਲੋਕਾਂ ਨੂੰ ਘਰ 'ਚ ਹੀ ਇਲਾਜ ਕਰਵਾਉਣਾ ਪੈ ਰਿਹਾ ਹੈ। ਸ਼ਹਿਰ 'ਚ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਜਿੱਥੇ ਆਮ ਲੋਕ ਲਾਪਰਵਾਹੀ ਵਰਤ ਰਹੇ ਹਨ ਉੱਥੇ ਹੀ ਨਗਰ ਕੌਂਸਲ ਦੀ ਲਾਪਰਵਾਹੀ ਦੇ ਚੱਲਦਿਆਂ ਸਫ਼ਾਈ ਦੇ ਢੁੱਕਵੇਂ ਪ੍ਰਬੰਧਾਂ ਦੀ ਅਣਹੋਂਦ ਕਾਰਣ ਵੀ ਕੂੜੇ ਦੇ ਢੇਰ ਲੱਗੇ ਹਨ ਅਤੇ ਡੇਂਗੂ ਦੇ ਮਰੀਜ਼ ਸ਼ਹਿਰ 'ਚ ਲਗਾਤਾਰ ਵੱਧ ਰਹੇ ਹਨ।

ਜਾਣਕਾਰੀ ਮੁਤਾਬਕ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਅੰਦਰ ਇਨ੍ਹਾਂ ਦਿਨਾਂ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕਈ ਨਿੱਜੀ ਹਸਪਤਾਲਾਂ 'ਚ ਤਾਂ ਆਲਮ ਇਹ ਹੈ ਕਿ ਮਰੀਜ਼ਾਂ ਲਈ ਬੈੱਡ ਵੀ ਖਾਲੀ ਨਹੀਂ ਹਨ ਅਤੇ ਮਜਬੂਰਨ ਉਨ੍ਹਾਂ ਆਪਣੇ ਘਰਾਂ ਹੀ ਇਲਾਜ ਕਰਵਾਉਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਕਈ ਲੈਬ ਟੈਕਨੀਸ਼ੀਅਨਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਹਰ ਰੋਜ਼ 100 ਦੇ ਕਰੀਬ ਸੈਂਪਲ ਲਏ ਜਾ ਰਹੇ ਹਨ ਅਤੇ ਜਿਨ੍ਹਾਂ 'ਚ ਪ੍ਰਤੀ ਲੈਬ 30 ਤੋਂ 35 ਮਰੀਜ਼ ਡੇਂਗੂ ਦੇ ਪਾਜ਼ੇਟਿਵ ਪਾਏ ਜਾ ਰਹੇ ਹਨ।

ਇਸ ਸਬੰਧੀ ਡਾ.ਪ੍ਰਮੋਦ ਚੁੱਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਰੋਜ਼ਾਨਾ 15-20 ਡੇਂਗੂ ਪਾਜ਼ੇਟਿਵ ਮਰੀਜ਼ ਆ ਰਹੇ ਹਨ ਅਤੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਤੇ ਮੁੱਢਲੇ ਲੱਛਣਾਂ ਦੌਰਾਨ ਮਰੀਜ ਨੂੰ 2-3 ਦਿਨ ਬੁਖਾਰ ਰਹਿੰਦਾ ਹੈ ਅਤੇ ਉਸਨੂੰ ਆਪਣਾ ਸਰੀਰ ਕਾਫ਼ੀ ਕਮਜੋਰ ਹੁੰਦਾ ਦਿਖਾਈ ਦਿੰਦਾ ਹੈ ਅਤੇ ਕਈ ਮਰੀਜ਼ਾਂ ਨੂੰ ਉਲਟੀਆਂ ਤੇ ਦਸਤ ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਦਿਲ ਦੇ ਰੋਗਾਂ ਦੇ ਨਾਲ ਸਬੰਧਤ ਮਰੀਜ਼ਾਂ ਨੂੰ ਡੇਂਗੂ ਦਾ ਜ਼ਿਆਦਾ ਖਤਰਾ ਹੈ ਕਿਉਂਕਿ ਇਸ ਨਾਲ ਮੌਤ ਵੀ ਹੋ ਸਕਦੀ ਹੈ।ਇਸ ਤੋਂ ਇਲਾਵਾ ਡੇਂਗੂ ਦੇ ਨਾਲ ਗੁਰਦੇ ਤੇ ਲੀਵਰ ਤੇ ਵੀ ਅਸਰ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕਈ ਅਜਿਹੇ ਪਰਿਵਾਰ ਹਨ ਜੋ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਦੇ ਹਨ ਅਤੇ ਆਲਾ-ਦੁਆਲਾ ਵੀ ਸਾਫ਼ ਹੈ। ਉਨ੍ਹਾਂ ਦੇ ਪਰਿਵਾਰਾਂ ਦੇ ਵੀ 1-2 ਮੈਂਬਰ ਡੇਂਗੂ ਪਾਜ਼ੇਟਿਵ ਪਾਏ ਜਾ ਰਹੇ ਹਨ।

ਸਵੱਛ ਭਾਰਤ ਮੁਹਿੰਮ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਜਲਾਲਾਬਾਦ ਨੂੰ ਪਹਿਲੇ 10 ਅੰਕਾਂ 'ਚ ਹਾਸਲ ਕੀਤਾ ਸੀ ਪਰ ਹੁਣ ਸ਼ਹਿਰ ਅੰਦਰ ਸਫਾਈ ਪ੍ਰਬੰਧਾਂ ਦਾ ਹਾਲ ਲਗਾਤਾਰ ਵਿਗੜਦਾ ਨਜ਼ਰ ਆ ਰਿਹਾ ਹੈ ਜਿਸ ਨਾਲ ਮੱਛਰ, ਮੱਖੀਆਂ ਫ਼ੈਲ ਰਹੀਆਂ ਹਨ ਤੇ ਇਸ ਤੋਂ ਇਲਾਵਾ ਅਵਾਰਾ ਪਸ਼ੂ ਗੰਦਗੀ 'ਚ ਮੂੰਹ ਮਾਰਦੇ ਦਿਖਾਈ ਦਿੰਦੇ ਹਨ ਅਤੇ ਅਜਿਹੀ ਹਾਲਤ 'ਚ ਲੋਕਾਂ ਦਾ ਸਿਹਤਯਾਬ ਰਹਿਣਾ ਮੁਸ਼ਕਲ ਹੈ। ਨਗਰ ਕੌਂਸਲ ਨੂੰ ਚਾਹੀਦਾ ਹੈ ਡੇਂਗੂ ਦੇ ਵੱਧਦੇ ਪ੍ਰਕੋਪ ਦੇ ਚਲਦਿਆਂ ਸ਼ਹਿਰ 'ਚ ਸਫ਼ਾਈ ਦੇ ਪ੍ਰਬੰਧ ਕੀਤੇ ਜਾਣ ਤੇ ਦਵਾਈ ਦਾ ਛਿੜਕਾਅ ਲਗਾਤਾਰ ਕਰਵਾਇਆ ਜਾਵੇ ਤਾਂ ਜੋ ਲੋਕ ਅਜਿਹੀਆਂ ਬੀਮਾਰੀਆਂ ਤੋਂ ਬਚ ਸਕਣ।

ਇਸ ਸਬੰਧੀ ਜਦੋਂ ਨਗਰ ਸਾਧਕ ਅਫਸਰ ਨਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਫਾਈ ਪ੍ਰਬੰਧਾਂ ਤੇ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਅਤੇ ਜਦੋਂ ਸ਼ਹਿਰ ਦੇ ਦਵਾਈ ਦੇ ਛਿੜਕਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਛਿੜਕਾਅ ਹੋ ਰਿਹਾ ਹੈ ਪਰ ਸ਼ਹਿਰ ਦੇ ਕਈ ਮੁਹੱਲੇ ਅਜੇ ਵੀ ਛਿੜਕਾਅ ਤੋਂ ਅਧੂਰੇ ਹਨ ਜਿੱਥੇ ਛਿੜਕਾਅ ਦੀ ਸਖ਼ਤ ਲੋੜ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਕੌਂਸਲ ਡੇਂਗੂ ਦੇ ਬਚਾਅ ਲਈ ਸ਼ਹਿਰ 'ਚ ਕਿੰਨੀ ਜਲਦੀ ਸਫਾਈ ਪ੍ਰਬੰਧਾਂ ਨੂੰ ਠੀਕ ਕਰਦਾ ਹੈ।

Shyna

This news is Content Editor Shyna