ਮੋਹਾਲੀ ਵਿਖੇ ਖੋਲਿਆ ਜਾਵੇਗਾ ਆਯੂਰਵੇਦਿਕ ਕਾਲਜ : ਬ੍ਰਹਮ ਮਹਿੰਦਰਾ

11/05/2018 8:15:03 PM

ਮੋਹਾਲੀ,(ਨਿਆਮੀਆਂ)— ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿਨ-ਰਾਤ ਇਕ ਕਰਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਸੂਬੇ 'ਚ ਆਯੂਰਵੇਦ ਨੂੰ ਪ੍ਰਫੁੱਲਿਤ ਕਰਨ ਲਈ ਵੀ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਹੀ ਮੋਹਾਲੀ 'ਚ ਇਕ ਆਯੂਰਵੇਦਿਕ ਕਾਲਜ ਅਤੇ ਫਾਰਮੈਸੀ ਖੋਲ੍ਹੀ ਜਾਵੇਗੀ । ਇਸ ਦੇ ਨਾਲ-ਨਾਲ ਆਯੂਰਵੇਦ ਯੂਨੀਵਰਸਿਟੀ ਦਾ ਉੱਪ ਕੁਲਪਤੀ ਵੀ ਕਿਸੇ ਆਯੂਰਵੇਦ ਆਚਾਰਿਆ ਨੂੰ ਲਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੇ ਡਾਇਰੈਕਟੋਰੇਟ ਆਫ ਆਯੂਰਵੇਦ ਪੰਜਾਬ, ਬੋਰਡ ਆਫ ਆਯੂਰਵੇਦਿਕ ਐਂਡ ਯੂਨਾਨੀ ਸਿਸਟਮਜ਼ ਆਫ ਮੈਡੀਸਨ ਪੰਜਾਬ, ਪੰਜਾਬ ਸਟੇਟ ਫੈਕਲਟੀ ਆਫ ਆਯੂਰਵੇਦਿਕ ਐਂਡ ਯੂਨਾਨੀ ਸਿਸਟਮਜ਼ ਆਫ ਮੈਡੀਸਨਜ਼ ਵਲੋਂ ਕੌਮੀ ਆਯੂਰਵੇਦ ਦਿਵਸ-ਕਮ-ਧਨਵੰਤਰੀ ਦਿਵਸ ਸਬੰਧੀ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਵਿਖੇ ਕਰਵਾਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਸੂਬੇ 'ਚ ਆਯੂਰਵੇਦ ਇਲਾਜ ਪ੍ਰਣਾਲੀ ਕਾਫੀ ਪੱਛੜ ਗਈ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ ਅਤੇ ਆਯੂਰਵੇਦ ਨਾਲ ਸਬੰਧਿਤ ਅਦਾਰਿਆਂ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ। ਇਨ੍ਹਾਂ ਉਪਰਾਲਿਆਂ ਤਹਿਤ ਹੀ ਪਟਿਆਲਾ ਸਥਿਤ ਆਯੂਰਵੇਦਿਕ ਕਾਲਜ ਨੂੰ ਯੂਨੀਵਰਸਿਟੀ ਦਾ ਕਾਨਸਟੀਚਿਊਂਟ ਕਾਲਜ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਆਪਣੇ ਵਿਰਸੇ ਦਾ ਲੜ ਨਹੀਂ ਛੱਡਣਾ ਚਾਹੀਦਾ ਅਤੇ ਆਯੂਰਵੇਦ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਆਯੂਰਵੇਦ ਚੰਗੀ ਜ਼ਿੰਦਗੀ ਜਿਊਣ ਸਬੰਧੀ ਅਹਿਮ ਯੋਗਦਾਨ ਪਾ ਸਕਦਾ ਹੈ।