ਮੋਗਾ: ਕਿਸਾਨ ਨੇ ਖੇਤਾਂ 'ਚ ਲਾਇਆ ਆਕਸੀਜਨ ਦਾ ਕਾਰਖਾਨਾ

09/19/2019 11:16:04 AM

ਮੋਗਾ (ਵਿਪਨ)—ਅੱਜ ਦੇ ਸਮੇਂ ਵਿਚ ਜਿੱਥੇ ਲੋਕ ਜ਼ਮੀਨਾਂ ਪਿੱਛੇ ਲੜ ਕੇ ਮਰਨ ਨੂੰ ਤਿਆਰ ਹੋ ਜਾਂਦੇ ਨੇ ਉੱਥੇ ਮੋਗਾ ਦੇ ਇਕ ਨੌਜਵਾਨ ਕਿਸਾਨ ਨੇ ਲੋਕਾਂ ਦੀ ਭਲਾਈ ਲਈ ਜ਼ਮੀਨ ਛੱਡ ਮਿਸਾਲ ਪੈਦਾ ਕਰ ਦਿੱਤੀ ਹੈ। ਮੋਗਾ ਜ਼ਿਲੇ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਨਾਥੋਕੇ ਦੇ ਕਿਸਾਨ ਸੁਰਜੀਤ ਸਿੰਘ ਦੇ ਬੇਟੇ ਗਗਨਦੀਪ ਸਿੰਘ ਨੇ ਆਪਣੀ ਅੱਧਾ ਏਕੜ ਖੇਤੀ ਲਾਇਕ ਜ਼ਮੀਨ 'ਤੇ ਖੇਤੀ ਛੱਡ ਆਕਸੀਜਨ ਦਾ ਕਾਰਖਾਨਾ ਲਗਾ ਲਿਆ। ਗਗਨਦੀਪ ਨੇ ਵਾਤਾਵਰਣ ਨੂੰ ਮੁੜ ਸੁਰਜੀਤ ਕਰਨ ਲਈ ਖੇਤੀ ਦੀ ਥਾਂ ਜੰਗਲ ਉਗਾ ਲਿਆ। ਗਗਨਦੀਪ ਨੇ ਇਹ ਉਪਾਰਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦੇ ਸੰਬੰਧ ਵਿਚ ਕੀਤਾ ਹੈ।

ਇਸ ਜੰਗਲ ਨੂੰ ਬਾਬਾ ਨਾਨਕ ਵਿਰਾਸਤੀ ਜੰਗਲ ਦਾ ਨਾਂ ਦਿੱਤਾ ਗਿਆ ਹੈ। ਬਾਬੇ ਨੂੰ ਸਮਰਪਿਤ ਇਸ ਵਿਰਾਸਤੀ ਜੰਗਲ ਦਾ ਨਿਰਮਾਣ ਬੀੜ ਸੋਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵਿਰਾਸਤੀ ਜੰਗਲ ਵਿਚ ਕਿਹੜੇ ਦਰੱਖਤ ਲਗਾਏ ਜਾਣਗੇ, ਉਹ ਬੀੜ ਗਰੁੱਪ ਤੋਂ ਹੀ ਸੁਣੋ।
ਗਗਨ ਦੀ ਇਸ ਪਹਿਲ ਤੋਂ ਪਿੰਡ ਦੇ ਲੋਕ ਵੀ ਬਹੁਤ ਖੁਸ਼ ਹਨ। ਗਗਨ ਪਹਿਲਾਂ 35000 ਰੁਪਏ ਦੇ ਠੇਕੇ 'ਤੇ ਜ਼ਮੀਨ ਦਿੰਦਾ ਸੀ ਪਰ ਇਸ ਉਪਰਾਲੇ ਕਾਰਨ ਉਸ ਨੇ ਪੈਸੇ ਵੀ ਛੱਡ ਦਿੱਤੇ। ਬਹੁਤ ਘੱਟ ਲੋਕ ਹੁੰਦੇ ਨੇ ਜੋ ਆਪਣਾ ਫਾਇਦਾ ਛੱਡ ਕੇ ਵਾਤਾਵਰਣ ਭਲਾਈ ਲਈ ਕੁਝ ਕਰਦੇ ਹਨ। ਇਸ ਕਰਕੇ ਗਗਨ ਦੇ ਹਰ ਪਾਸੇ ਚਰਚੇ ਹੋ ਰਹੇ ਹਨ।

ਦੱਸ ਦੇਈਏ ਕਿ ਇਸ ਜੰਗਲ ਵਿਚ ਲੱਗੇ ਦਰੱਖਤਾਂ ਦੀ ਲੱਕੜ ਜਲਾਉਣ ਤੋਂ ਇਲਾਵਾ ਕਿਸੇ ਕੰਮ ਨਹੀਂ ਆ ਸਕਦੀ, ਸੋ ਗਗਨ ਨੂੰ ਇਸ ਤੋਂ ਕੋਈ ਮੁਨਾਫਾ ਨਹੀਂ ਹੋਵੇਗਾ।  ਉਸ ਨੇ ਸਿਰਫ ਲੋਕਾਂ ਨੂੰ ਸਾਫ ਹਵਾ ਦਿਵਾਉਣ ਲਈ ਇਹ ਕਦਮ ਚੁੱਕਿਆ ਹੈ। ਦੂਜਾ ਇੱਥੇ ਪੰਛੀਆਂ ਦਾ ਵੀ ਰੈਣ ਵਸੇਰਾ ਹੋਵੇਗਾ। ਗਗਨ ਨੇ ਕਿਹਾ ਕਿ ਉਨ੍ਹਾਂ ਨੂੰ ਪੰਛੀਆਂ ਦੇ ਚਹਿਚਹਾਉਣ ਦੀ ਸੁਰੀਲੀ ਆਵਾਜ਼ ਕਾਫੀ ਪਸੰਦ ਹੈ।  ਤਾਜ਼ੀ ਹਵਾ ਵਿਚ ਜਦੋਂ ਇਹ ਸੁਰੀਲੀ ਆਵਾਜ਼ ਮਿਲੇਗੀ ਤਾਂ ਜੋ ਆਨੰਦਮਈ ਵਾਤਾਵਰਣ ਬਣੇਗਾ। ਉਹ ਰੂਹਾਨੀਅਤ ਭਰਿਆ ਹੋਵੇਗਾ ਤੇ ਬਾਬੇ ਨਾਨਕ ਦੇ ਗੁਰਪੁਰਬ 'ਤੇ ਸੱਚੀ ਭੇਟ ਹੋਵੇਗਾ।

Shyna

This news is Content Editor Shyna