ਮੋਗਾ ''ਚ ਪਾਰਾ 44 ਤੋਂ ਪਾਰ, ਚਾਰੇ ਪਾਸੇ ਹਾ-ਹਾਕਾਰ

05/26/2020 1:00:50 PM

ਮੋਗਾ (ਗੋਪੀ ਰਾਊਕੇ): ਪੰਜਾਬ ਦੇ ਮਾਲਵਾ ਖਿੱਤੇ 'ਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਅੰਤਾ ਦੀ ਗਰਮੀ ਨੇ ਮਨੁੱਖੀ ਜ਼ਿੰਦਗੀ ਦੀ ਰਫ਼ਤਾਰ ਨੂੰ ਰੋਕ ਦਿੱਤਾ ਹੈ। ਤਾਪਮਾਨ 44 ਡਿਗਰੀ ਤੋਂ ਪਾਰ ਹੋਣ ਕਰ ਕੇ ਚਾਰੇ ਹਾ-ਹਾਕਾਰ ਮੱਚ ਗਈ ਹੈ। ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਚਾਰ ਦਿਨਾਂ ਤੱਕ ਗਰਮੀ ਤੋਂ ਕੋਈ ਰਾਹਤ ਨਾ ਮਿਲਣ ਦੇ ਜਾਰੀ ਕੀਤੇ ਆਦੇਸ਼ ਮਗਰੋਂ ਲੋਕ ਹੋਰ ਵੀ ਚੌਕਸ ਹੋਣ ਲੱਗੇ ਹਨ। ਦੂਜੇ ਪਾਸੇ ਅਤਿ ਦੀ ਗਰਮੀ ਸ਼ੁਰੂ ਹੋਣ ਮਗਰੋਂ ਬਿਜਲੀ ਦੀ ਮੰਗ ਵਿਚ ਵੀ ਇਕਦਮ ਇਜ਼ਾਫ਼ਾ ਹੋ ਗਿਆ ਹੈ ਭਾਵੇਂ ਸਨਅਤੀ ਖ਼ੇਤਰ ਦੇ ਪੂਰੀ ਤਰ੍ਹਾਂ ਕੋਰੋਨਾ ਦੀ ਮਹਾਮਾਰੀ ਕਰਕੇ ਲਾਏ ਕਰਫਿਊ ਮਗਰੋਂ ਮੁੜ ਸ਼ੁਰੂ ਨਾ ਹੋਣ ਕਰ ਕੇ ਘਰੇਲੂ ਬਿਜਲੀ ਦੇ ਹਾਲੇ 'ਕੱਟ' ਲੱਗਣੇ ਸ਼ੁਰੂ ਨਹੀਂ ਹੋਏ ਪਰ ਜਿਸ ਤਰ੍ਹਾਂ ਬਿਜਲੀ ਦੀ ਮੰਗ ਵਿਚ ਵਾਧਾ ਹੋ ਰਿਹਾ ਹੈ, ਇਸ ਨਾਲ ਆਉਣ ਵਾਲੇ ਦਿਨਾਂ ਵਿਚ ਪਾਵਰ ਕੱਟ ਵੀ ਲੱਗਣ ਦਾ ਖ਼ਦਸਾ ਹੈ ਕਿਉਕਿ ਜੂਨ ਮਹੀਨੇ ਝੋਨੇ ਦੀ ਬਿਜਾਈ ਮਗਰੋਂ ਖ਼ੇਤੀ ਖ਼ੇਤਰ ਲਈ ਵੀ ਬਿਜਲੀ ਦੀ ਮੰਗ ਵਿਚ ਵੱਡਾ ਇਜ਼ਾਫ਼ਾ ਹੋਣ ਵਾਲਾ ਹੈ।

'ਜਗ ਬਾਣੀ' ਵੱਲੋਂ ਅੱਜ ਜਦੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਦੁਪਹਿਰ ਵੇਲੇ 12 ਤੋਂ 4 ਵਜੇ ਤੱਕ ਪੂਰੀ ਤਰ੍ਹਾਂ ਨਾਲ ਬਾਜ਼ਾਰਾ 'ਚ ਸੁੰਨ ਪਸਰਣ ਲੱਗੀ ਹੈ। ਕੋਰੋਨਾ ਦਾ ਕਰਫਿਊ ਖੁੱਲ੍ਹਣ ਮਗਰੋਂ ਜਿਉ ਹੀ ਬਾਜ਼ਾਰ ਖੁੱਲ੍ਹਣ ਲੱਗੇ ਸਨ ਤਾਂ ਪਿੰਡਾਂ 'ਚੋਂ ਬਾਜ਼ਾਰਾਂ ਵਿਚ ਆਉਣ ਵਾਲੇ ਲੋਕਾਂ ਦੀ ਵੱਡੀ ਭੀੜ ਦੇਖਣ ਨੂੰ ਮਿਲਦੀ ਸੀ ਪਰ ਗਰਮੀ ਕਰ ਕੇ ਹੁਣ ਸਵੇਰ ਅਤੇ ਸ਼ਾਮ ਸਮੇਂ ਹੀ ਲੋਕ ਆਪਣੇ ਕੰਮ ਧੰਦਿਆ ਲਈ ਬਾਜ਼ਾਰਾਂ ਵਿਚ ਨਿਕਲਣ ਲੱਗੇ ਹਨ। ਮੌਸਮ ਵਿਭਾਗ ਦੇ ਸੂਤਰਾਂ ਦਾ ਦੱਸਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਮੌਸਮ ਖੁਸ਼ਕ ਰਹਿਣ ਕਰਕੇ ਤੇਜ਼ ਗਰਮ ਹਵਾਵਾਂ ਚੱਲਣਗੀਆਂ, ਜਿਸ ਨਾਲ ਗਰਮੀ ਹੋਰ ਵੱਧਣ ਦਾ ਅਨੁਮਾਨ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ਾ 'ਤੇ ਪਹਿਲਾ ਹੀ ਲੋਕ ਕੋਰੋਨਾ ਤੋਂ ਬਚਣ ਲਈ ਮਾਸਕ ਪਾ ਕੇ ਤਾਂ ਨਿਕਲਦੇ ਸਨ ਪਰ ਲੋਕ ਗਰਮੀ ਕਰਕੇ ਪੂਰਾ ਮੂੰਹ ਸਿਰ ਢੱਕ ਕੇ ਘਰੋ ਨਿਕਲਣ ਲਈ ਮਜ਼ਬੂਰ ਹੋਏ ਹਨ।

ਗਰਮੀ ਕਰਕੇ ਇਨਵਰਟਰ, ਏ. ਸੀ. ਅਤੇ ਕੂਲਰ ਦੀ ਵਿਕਰੀ ਵਿਚ ਇਕਦਮ ਵਾਧਾ
ਪਿਛਲੇ ਦੋ ਦਿਨਾਂ ਤੋਂ ਸ਼ੁਰੂ ਹੋਈ ਅੰਤਾ ਦੀ ਗਰਮੀ ਕਰ ਕੇ ਇਨਵਰਟਰ, ਏ. ਸੀ. ਅਤੇ ਕੂਲਰ ਦੀ ਵਿਕਰੀ 'ਚ ਇਕਦਮ ਵਾਧਾ ਹੋਇਆ ਹੈ। ਬਿਜਲੀ ਦੇ ਉਪਕਰਨ ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਰਫਿਊ ਕਰ ਕੇ ਉਹ ਲਗਭਗ ਦੋ ਮਹੀਨੇ ਪੂਰੀ ਤਰ੍ਹਾਂ ਨਾਲ ਵਿਹਲੇ ਰਹੇ ਸਨ ਤੇ ਹੁਣ ਅਤਿ ਦੀ ਗਰਮੀ ਪੈਣ ਕਰ ਕੇ ਬਿਜਲੀ ਦੇ ਉਪਕਰਨਾਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਜੂਸ, ਠੰਡੇ ਅਤੇ ਹੋਰ ਗਰਮੀ ਤੋਂ ਰਾਹਤ ਦਿਵਾਉਣ ਵਾਲੇ ਤਰਲ ਪਦਾਰਥਾ ਦੀ ਵਿਕਰੀ ਵਿਚ ਵੀ ਤੇਜ਼ੀ ਆਈ ਹੈ।

ਘਰਾਂ ਦੀ ਛੱਤਾਂ 'ਤੇ ਲੋਕ ਪੰਛੀਆਂ ਲਈ ਪਾਣੀ ਰੱਖਣ : ਰਿਸ਼ੂ ਅਗਰਵਾਲ
ਯੂਥ ਅਗਰਵਾਲ ਸਭਾ ਦੇ ਚੇਅਰਮੈਨ ਰਿਸ਼ੂ ਅਗਰਵਾਲ ਦਾ ਕਹਿਣਾ ਸੀ ਗਰਮੀ ਵਿਚ ਪਾਣੀ ਦੀ ਹਰ ਕਿਸੇ ਨੂੰ ਵਧੇਰੇ ਲੋੜ ਹੈ, ਜਿਸ ਤਰ੍ਹਾਂ ਮਨੁੱਖੀ ਸਰੀਰ ਲਈ ਪਾਣੀ ਜ਼ਰੂਰੀ ਹੈ, ਉਸੇ ਤਰ੍ਹਾਂ ਪਸ਼ੂ ਪੰਛੀਆਂ ਲਈ ਵੀ ਪਾਣੀ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਘਰਾਂ ਦੀ ਛੱਤਾ ਅਤੇ ਹੋਰ ਨੇੜੇ ਤੇੜੇ ਦੀਆਂ ਜਨਤਕ ਥਾਵਾਂ 'ਤੇ ਪੰਛੀਆਂ ਲਈ ਪਾਣੀ ਜ਼ਰੂਰ ਰੱਖਣ ਤਾਂ ਜੋ ਗਰਮੀ ਵਿਚ ਪੰਛੀ ਪਾਣੀ ਪੀ ਸਕਣ। ਉਨ੍ਹਾਂ ਕਿਹਾ ਕਿ ਯੂਥ ਅਗਰਵਾਲ ਸਭਾ ਇਸ ਮਾਮਲੇ 'ਤੇ ਜਾਗਰੂਕਤਾ ਮੁਹਿੰਮ ਵੀ ਵਿੱਢੇਗੀ।

ਗਰਮੀ ਤੋਂ ਬਚਾਅ ਲਈ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ : ਤਿਆਗੀ
ਪਿਛਲੇ ਵਰ੍ਹੇ ਵਾਤਾਵਰਣ ਬਚਾਉਣ ਲਈ ਵੱਡੇ ਪੱਧਰ 'ਤੇ ਮੁਹਿੰਮ ਵਿੱਢਣ ਵਾਲੇ ਰਾਈਟ-ਵੇ ਏਅਰਲਿੰਕਸ ਦੇ ਡਾਇਰੈਕਟਰ ਦੇਵ ਪ੍ਰਿਯਾ ਤਿਆਗੀ ਦਾ ਕਹਿਣਾ ਸੀ ਕਿ ਗਰਮੀ ਤੋਂ ਬਚਾਅ ਲਈ ਸਾਨੂੰ ਸਭ ਨੂੰ ਵੱਧ ਤੋਂ ਵੱਧ ਦਰੱਖਤ ਲਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਕਿਸੇ ਨੂੰ ਆਪਣਾ ਬਣਦਾ ਰੋਲ ਅਦਾ ਕਰਨਾ ਚਾਹੀਦਾ ਹੈ।

Shyna

This news is Content Editor Shyna