ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੇ ਸੁਪਨਿਆਂ ਨੂੰ ਚਿੰਬੜਿਆ ''ਕੋਰੋਨਾ''

04/09/2020 1:17:38 PM

ਮੋਗਾ (ਗੋਪੀ ਰਾਊਕੇ): ਪੰਜਾਬ 'ਚ 'ਕੋਰੋਨਾ' ਦੀ ਆਫਤ ਕਰ ਕੇ ਕੈਨੇਡਾ ਦੀ ਧਰਤੀ 'ਤੇ ਪੜ੍ਹਨ ਲਈ ਜਾਣ ਵਾਲੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੇ ਸੁਪਨੇ ਧਰੇ ਧਰਾਏ ਰਹਿ ਗਏ ਹਨ। ਮਈ ਇਨਟੇਕ ਰਾਹੀਂ ਸਟੱਡੀ ਵੀਜ਼ੇ 'ਤੇ ਕੈਨੇਡਾ ਜਾਣ ਦੀ ਚਾਹਤ ਇਨ੍ਹਾਂ ਨੌਜਵਾਨਾਂ ਦੇ ਮਨਾਂ ਅੰਦਰ ਹੀ ਦੱਬਣ ਲੱਗੀ ਹੈ। ਮਈ ਇਨਟੇਕ ਲਈ ਆਖਰੀ ਮਿਤੀ 31 ਮਾਰਚ ਦਾ ਸਮਾਂ ਲੰਘਣ ਕਰ ਕੇ ਇਹ ਨੌਜਵਾਨ ਹੁਣ ਸਤੰਬਰ ਇਨਟੇਕ 'ਚ ਹੀ ਕੈਨੇਡਾ ਦੀ ਧਰਤੀ 'ਤੇ ਪੈਰ ਰੱਖਣਗੇ। ਇਨ੍ਹਾਂ ਵਿਚ ਕੁੱਝ ਨੌਜਵਾਨਾਂ ਨੂੰ ਇਹ ਵੀ ਡਰ ਸਤਾਅ ਰਿਹਾ ਹੈ ਕਿ ਜੇਕਰ ਇਹ ਆਫ਼ਤ ਕਾਰਣ ਲਾਕਡਾਊਨ ਹੋਰ ਲੰਮਾਂ ਹੋ ਗਿਆ ਤਾਂ ਇਨ੍ਹਾਂ ਵਿਚੋਂ ਕੁੱਝ ਨੌਜਵਾਨਾਂ ਨੂੰ ਆਈਲੈਟਸ ਦੀ ਮਿਆਦ ਮੁੱਕਣ ਦਾ ਡਰ ਵੀ ਹੈ।

'ਜਗ ਬਾਣੀ' ਵੱਲੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਮਾਲਵਾ ਖਿੱਤੇ ਦਾ ਮੋਗਾ ਸ਼ਹਿਰ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਇਕੱਲੇ ਮੋਗਾ ਸ਼ਹਿਰ ਵਿਚ ਹੀ 300 ਤੋਂ ਵਧੇਰੇ ਆਈਲੈਟਸ ਅਤੇ ਵੀਜ਼ਾ ਇਮੀਗ੍ਰੇਸ਼ਨ ਸੈਂਟਰ ਹਨ। ਮੋਗਾ ਸ਼ਹਿਰ ਦੇ ਮੁੱਖ ਬੱਸ ਸਟੈਂਡ ਨੇੜਲੇ ਆਈਲੈਟਸ ਸੈਂਟਰ ਜਿੱਥੇ ਨੌਜਵਾਨਾਂ ਦੀ ਵੱਡੀ 'ਚਹਿਲ-ਪਹਿਲ' ਹੁੰਦੀ ਹੈ, 'ਚ ਹੁਣ ਸੁੰਨ ਪਸਰੀ ਪਈ ਹੈ। ਕਿੱਧਰੇ ਵੀ ਨੌਜਵਾਨਾਂ ਦੀ ਆਮਦ ਕਰਫਿਊ ਕਰ ਕੇ ਦਿਖਾਈ ਨਹੀਂ ਦਿੰਦੀ ਜਦਕਿ ਪਿਛਲੇ ਸਾਲਾ ਦੌਰਾਨ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁੱਕਣ ਮਗਰੋਂ 1 ਅਪ੍ਰੈਲ ਤੋਂ ਇਨ੍ਹਾਂ ਸੈਂਟਰਾਂ ਵਿਚ ਨੌਜਵਾਨਾਂ ਦੀ ਆਮਦ ਵੱਡੇ ਪੱਧਰ 'ਤੇ ਹੋ ਜਾਂਦੀ ਸੀ। ਪਤਾ ਲੱਗਾ ਹੈ ਕਿ ਮੋਗਾ ਦੀਆਂ ਪੰਜ ਥਾਵਾਂ 'ਤੇ ਹੁੰਦੀਆਂ ਆਈਲੈਟਸ ਦੀਆਂ ਪ੍ਰਖਿਆਵਾਂ ਵਿਚ ਹਰ ਮਹੀਨੇ 20 ਹਜ਼ਾਰ ਤੋਂ ਉੱਪਰ ਨੌਜਵਾਨ ਪ੍ਰੀਖਿਆਵਾਂ ਦਿੰਦੇ ਸਨ ਅਤੇ ਹੁਣ ਇਹ ਪ੍ਰੀਖਿਆਵਾਂ ਵੀ 21 ਮਾਰਚ ਤੋਂ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਈਆਂ ਹਨ।

ਬੈਂਡਾਂ ਵਾਲੀਆਂ ਕੁੜੀਆਂ ਦੀ 'ਪੁੱਛ-ਗਿੱਛ' ਘਟੀ
ਕੋਰੋਨਾ ਕਰ ਕੇ ਆਈਲੈਟਸ ਪਾਸ ਕੁੜੀਆਂ ਨਾਲ ਵਿਆਹ ਕਰਵਾ ਕੇ ਕੈਨੇਡਾ ਜਾਣ ਦੀ ਚਾਹਤ ਲਾਈ ਬੈਠੇ ਨੌਜਵਾਨ ਵੀ 'ਚੁੱਪ' ਹੋ ਗਏ ਹਨ। ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਬੈਂਡਾਂ ਵਾਲੀਆਂ ਕੁੜੀਆਂ ਦੀ 'ਪੁੱਛ-ਗਿੱਛ' ਵੀ ਘਟ ਗਈ ਹੈ। ਪਤਾ ਲੱਗਾ ਹੈ ਕਿ ਕਈ ਨੌਜਵਾਨਾਂ ਨੇ ਆਈਲੈਟਸ ਵਾਲੀਆਂ ਕੁੜੀਆਂ ਨਾਲ ਸ਼ਗਨ ਦੀ ਰਸਮ ਕਰਵਾ ਲਈ ਸੀ ਅਤੇ ਇਨ੍ਹਾਂ ਦੇ ਵਿਆਹ ਦੀਆਂ ਰਸਮਾਂ ਮਈ ਇਨਟੇਕ ਦੇ ਵੀਜ਼ੇ ਆਉਣ ਮਗਰੋਂ ਹੀ ਸ਼ੁਰੂ ਹੋਣੀਆਂ ਸਨ ਪਰ ਹੁਣ ਵੀਜ਼ੇ ਨਾ ਆਉਣ ਕਰ ਕੇ ਵਿਆਹ ਦੀਆਂ ਰਸਮਾਂ ਵੀ ਰੁਕ ਗਈਆਂ ਹਨ।
ਕੋਰੋਨਾ ਕਾਰਣ ਅੰਬੈਸੀਆਂ 'ਚ ਸਮੁੱਚਾ ਕੰਮ 'ਠੱਪ' : ਰੋਹਿਤ ਬਾਂਸਲ
ਆਰ. ਆਈ. ਈ. ਸੀ. ਮੋਗਾ ਅਤੇ ਚੰਡੀਗੜ੍ਹ ਦੇ ਡਾਇਰੈਕਟਰ ਰੋਹਿਤ ਬਾਂਸਲ ਦਾ ਕਹਿਣਾ ਸੀ ਕਿ ਕੋਰੋਨਾ ਕਾਰਣ ਸਾਰੀਆਂ ਅੰਬੈਸੀਆਂ 'ਚ ਸਮੁੱਚਾ ਕੰਮਕਾਜ 'ਠੱਪ' ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਨਾਲ-ਨਾਲ ਇੰਗਲੈਂਡ ਦੇ ਮਈ-ਜੂਨ ਇਨਟੇਕ ਦੀਆਂ ਫਾਈਲਾਂ ਵੀ ਅੱਧ ਵਿਚਕਾਰੇ ਰੁਕ ਗਈਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਣ ਸਾਰੀਆਂ ਅੰਬੈਸੀਆਂ ਦਾ ਕੰਮ ਪ੍ਰਭਾਵਿਤ ਹੋਇਆ ਹੈ।

ਮਈ ਵਾਲੇ ਹੁਣ ਸਤੰਬਰ ਇਨਟੇਕ 'ਚ ਜਾਣਗੇ ਕੈਨੇਡਾ : ਦੀਪਕ ਮਨਚੰਦਾ
ਗੋ ਗਲੋਬਲ ਮੋਗਾ ਦੇ ਡਾਇਰੈਕਟਰ ਦੀਪਕ ਮਨਚੰਦਾ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦੀਆਂ ਫਾਈਲਾਂ ਮਈ ਇਨਟੇਕ ਲਈ ਲਾਈਆਂ ਸਨ ਉਨ੍ਹਾਂ ਨੂੰ ਅੰਬੈਸੀ ਨੇ ਸਤੰਬਰ ਇਨਟੇਕ ਲਈ ਅੱਗੇ ਕਰ ਦਿੱਤਾ ਹੈ, ਜਿਸ ਸਬੰਧੀ ਅੰਬੈਸੀ ਵੱਲੋਂ ਈ-ਮੇਲ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਣ ਵਿਦਿਆਰਥੀ ਨਿਰਾਸ਼ ਜ਼ਰੂਰ ਹਨ।

ਟੂਰ ਟਰੈਵਲਜ਼ ਅਤੇ ਵਿਜ਼ਿਟਰ ਵੀਜ਼ੇ ਦਾ ਕੰਮ ਵੀ ਰੁਕਿਆ : ਸੁਭਾਸ਼ ਪਲਤਾ
ਗੋਲਡਨ ਟਰੈਵਲਜ਼ ਮੋਗਾ ਦੇ ਡਾਇਰੈਕਟਰ ਸੁਭਾਸ਼ ਪਲਤਾ ਦਾ ਕਹਿਣਾ ਸੀ ਕਿ ਵੀਜ਼ਾ ਇਮੀਗ੍ਰੇਸ਼ਨ ਅਤੇ ਆਈਲੈਟਸ ਦੇ ਨਾਲ-ਨਾਲ ਵਿਜ਼ਿਟਰ ਵੀਜ਼ੇ ਜ਼ਰੀਏ ਵਿਦੇਸ਼ਾਂ ਦੀ ਸੈਰ ਕਰਨ ਦੇ ਚਾਹਵਾਨ ਵੀ ਵਿਦੇਸ਼ ਜਾਣ ਤੋਂ ਖੁੰਝਣ ਲੱਗੇ ਹਨ। ਉਨ੍ਹਾਂ ਕਿਹਾ ਕਿ ਵਿਜ਼ਿਟਰ ਵੀਜ਼ੇ ਦੀਆਂ ਲਾਈਆਂ ਫਾਈਲਾਂ ਵੀ ਅੱਧ ਵਿਚਾਲੇ ਰੁਕ ਗਈਆਂ ਹਨ। ਉਨ੍ਹਾਂ ਕਿਹਾ ਕਿ ਟੂਰ ਟਰੈਵਲਜ਼ ਦਾ ਕੰਮ ਵੀ 'ਠੱਪ' ਹੋ ਕੇ ਰਹਿ ਗਿਆ ਹੈ।

ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ : ਮਨਦੀਪ ਖੋਸਾ
ਡੈਫੋਡਿਲਸ ਮੋਗਾ ਦੇ ਡਾਇਰੈਕਟਰ ਮਨਦੀਪ ਖੋਸਾ ਦਾ ਕਹਿਣਾ ਹੈ ਕਿ ਭਾਵੇਂ ਆਈਲੈਟਸ ਅਤੇ ਵੀਜ਼ਾ ਇਮੀਗ੍ਰੇਸ਼ਨ ਸਮੇਤ ਸਮੁੱਚੇ ਕੰਮ ਠੱਪ ਹਨ ਪਰ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਕਿਉਂਕਿ ਜੇਕਰ ਮਨੁੱਖ ਸਿਹਤਮੰਦ ਹੈ ਤਾਂ ਹੀ ਕੋਈ ਕੰਮ ਕਰ ਸਕਦਾ ਹੈ। ਉਨ੍ਹਾਂ ਕਿਹਾ ਸਾਨੂੰ ਸਭ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

Shyna

This news is Content Editor Shyna