ਸਕੂਲ ’ਚ ਹੋਏ ਝਗਡ਼ੇ ਦੌਰਾਨ ਨਾਬਾਲਗ ਵਿਦਿਆਰਥੀ ਦੀ ਮੌਤ

10/19/2019 7:44:02 PM

ਅਬੋਹਰ, (ਸੁਨੀਲ)- ਲਗਭਗ 20 ਦਿਨ ਪਹਿਲਾਂ ਨਹਿਰੂ ਪਾਰਕ ਨੇਡ਼ੇ ਹੋਏ ਝਗਡ਼ੇ ’ਚ ਫੱਟਡ਼ ਹੋਏ ਇਕ ਸਕੂਲ ਵਿਦਿਆਰਥੀ ਨੇ ਬੀਤੀ ਰਾਤ ਇਲਾਜ ਦੌਰਾਨ ਦਮ ਤੋਡ਼ ਦਿੱਤਾ। ਪਰਿਵਾਰ ਵਾਲਿਆਂ ਨੇ ਪੁਲਸ ਦੇ ਸਹਿਯੋਗ ਨਾਲ ਉਸ ਦੀ ਲਾਸ਼ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਈ ਅਤੇ ਮੁਲਜ਼ਮਾਂ ਵਿਰੁੱਧ ਰੋਸ ਪ੍ਰਗਟ ਕੀਤਾ। ਮੌਕੇ ’ਤੇ ਪਹੁੰਚੇ ਨਗਰ ਥਾਣਾ ਨੰ. 1 ਮੁਖੀ ਚੰਦਰ ਸ਼ੇਖਰ ਨੇ ਪਰਿਵਾਰ ਵਾਲਿਆਂ ਨੂੰ ਮੁਲਜ਼ਮਾਂ ਵਿਰੁੱਧ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਬਿਆਨ ਕਲਮਬੰਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ 16 ਸਾਲਾ ਅਜੀਤ ਨਗਰ ਵਾਸੀ ਆਕਾਸ਼ਦੀਪ ਪੁੱਤਰ ਗੁਰਮੀਤ ਸਿੰਘ ਜਿਹਡ਼ਾ ਕਿ ਫਾਜ਼ਿਲਕਾ ਰੋਡ ਸਥਿਤ ਇਕ ਸਕੂਲ ’ਚ 10ਵੀਂ ਜਮਾਤ ਦਾ ਵਿਦਿਆਰਥੀ ਸੀ। 29 ਸਤੰਬਰ ਨੂੰ ਸੀਡ ਫਾਰਮ ’ਚ ਹੋਏ ਇਕ ਜਗਰਾਤੇ ਦੌਰਾਨ ਆਕਾਸ਼ਦੀਪ ਦਾ ਉਥੋਂ ਦੇ ਕੁਝ ਨੌਜਵਾਨਾਂ ਨਾਲ ਝਗਡ਼ਾ ਹੋ ਗਿਆ, ਜਿਸ ਨੂੰ ਇਕ ਵਾਰ ਪਿੰਡ ਦੀ ਪੰਚਾਇਤ ਨੇ ਸੁਲਝਾ ਦਿੱਤਾ ਪਰ 30 ਸਤੰਬਰ ਨੂੰ ਜਦ ਆਕਾਸ਼ਦੀਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕਿਆਂ ਦੇ ਬਾਹਰ ਆਪਣੇ ਦੋਸਤ ਦੇਵੇਂਦਰ ਕੁਮਾਰ ਨਾਲ ਖਡ਼੍ਹਾ ਸੀ ਤਾਂ ਉਕਤ ਨੌਜਵਾਨਾਂ ਨੇ ਉਸ ’ਤੇ ਡੰਡਿਆਂ ਨਾਲ ਹਮਲਾ ਕਰ ਕੇ ਉਸ ਨੂੰ ਅਤੇ ਉਸ ਦੇ ਦੋਸਤ ਨੂੰ ਬੁਰੀ ਤਰਾਂ ਫੱਟਡ਼ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਕੁਝ ਦਿਨਾਂ ਤੱਕ ਚਲੇ ਇਲਾਜ ਤੋਂ ਬਾਅਦ ਉਸ ਨੂੰ ਉਥੋਂ ਛੁੱਟੀ ਦੇ ਦਿੱਤੀ ਗਈ ਪਰ ਕੱਲ ਘਰ ’ਚ ਜਦ ਉਸ ਦੀ ਹਾਲਤ ਵਿਗਡ਼ੀ ਤਾਂ ਉਸ ਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਬੀਤੀ ਰਾਤ ਉਸ ਨੇ ਦਮ ਤੋਡ਼ ਦਿੱਤਾ। ਦੱਸਿਆ ਜਾਂਦਾ ਹੈ ਕਿ ਆਕਾਸ਼ਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਗੱਲਬਾਤ ਕਰਨ ’ਤੇ ਥਾਣਾ ਮੁਖੀ ਨੇ ਦੱਸਿਆ ਕਿ ਇਹ ਮਾਮਲਾ ਕਰੀਬ 20 ਦਿਨ ਪੁਰਾਣੇ ਝਗਡ਼ੇ ਦਾ ਹੈ। ਇਸ ਮਾਮਲੇ ’ਚ ਪੁਲਸ ਵੱਲੋਂ ਆਕਾਸ਼ਦੀਪ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਲਡ਼ਕਿਆਂ ’ਤੇ ਰਿਪੋਰਟ ਦਰਜ ਕੀਤੀ ਹੋਈ ਹੈ ਪਰ ਲਡ਼ਕੇ ਦੀ ਮੌਤ ਬਾਅਦ ਧਾਰਾ ’ਚ ਵਾਧਾ ਕੀਤਾ ਜਾਵੇਗਾ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕੱਲ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਆਕਾਸ਼ਦੀਪ ਦੇ ਪਰਿਵਾਰ ਵਾਲਿਆਂ ’ਚ ਅਜੈ ਕੁਮਾਰ, ਸੰਜੂ, ਰੋਹਨ, ਗੋਪੀ ਸਿੰਘ, ਕ੍ਰਿਸ਼ਨ ਕੁਮਾਰ, ਮਨਜੀਤ ਕੌਰ, ਪ੍ਰੀਤੀ, ਗਗਨਦੀਪ ਕੌਰ, ਮੱਖਣ ਸਿੰਘ, ਸਵਰਣਾ ਰਾਣੀ ਨੇ ਮੋਰਚਰੀ ਬਾਹਰ ਰੋਸ ਜਤਾਉਂਦੇ ਹੋਏ ਉਕਤ ਹਮਲਾਵਰਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

 

KamalJeet Singh

This news is Content Editor KamalJeet Singh