ਕੈਨੇਡਾ ਭੇਜਣ ਦੇ ਨਾਂ ’ਤੇ ਕੀਤੀ ਲੱਖਾਂ ਦੀ ਠੱਗੀ

08/29/2019 11:13:53 PM

ਸ੍ਰੀ ਮੁਕਤਸਰ ਸਾਹਿਬ, (ਪਵਨ)- ਥਾਣਾ ਸਿਟੀ ਪੁਲਸ ਨੇ ਕੈਨੇਡਾ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਤਹਿਤ ਇਕ ਔਰਤ ਸਮੇਤ ਤਿੰਨ ਲੋਕਾਂ ’ਤੇ ਮਾਮਲਾ ਦਰਜ ਕੀਤਾ ਹੈ ਜਦੋਂਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਥਾਣਾ ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਿੰਡ ਮਹਾਂਬੱਧਰ ਨਿਵਾਸੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਬੀ. ਏ. ਪਾਸ ਹੈ। ਉਹ ਕੈਨੇਡਾ ਜਾ ਕੇ ਕੰਮ ਕਰਨਾ ਚਾਹੁੰਦੀ ਸੀ। ਉਸ ਨੇ ਕਈ ਵਾਰ ਅਖਬਾਰ ’ਚ ਹਰਦੇਵ ਸਿੰਘ ਦੇ ਨੈਨੀ ਕੇਅਰ ਇੰਸਟੀਚਿਊਟ ਬਠਿੰਡਾ ਦਾ ਇਸ਼ਤਿਹਾਰ ਪਡ਼੍ਹਿਆ। ਉਹ ਉਸ ਨੂੰ ਮਈ 2017 ’ਚ ਬਠਿੰਡਾ ਸਥਿਤ ਉਸ ਦੇ ਦਫ਼ਤਰ ’ਚ ਮਿਲੇ। ਜਿਥੇ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਉਸ ਦੀ ਬੇਟੀ ਦਾ ਕੈਨੇਡਾ ਦਾ ਵਰਕ ਪਰਮਿਟ ਵੀਜ਼ਾ ਲਵਾ ਦੇਣਗੇ। ਉਸ ਨੇ ਜੂਨ 2017 ’ਚ ਉਸ ਦੀ ਬੇਟੀ ਦੇ ਸਾਰੇ ਕਾਗਜ਼ਾਤ ਅਤੇ ਬਤੌਰ ਫੀਸ 25 ਹਜ਼ਾਰ ਰੁਪਏ ਲੈ ਲਏ। ਬਾਕੀ ਦੇ ਪੈਸਿਆਂ ਦਾ ਜਲਦੀ ਪ੍ਰਬੰਧ ਕਰਨ ਨੂੰ ਕਿਹਾ। ਉਨ੍ਹਾਂ ਨੇ ਫੋਨ ਕਰ ਕੇ ਸਾਨੂੰ ਤਿੰਨ ਲੱਖ ਰੁਪਏ ਲਿਆਉਣ ਲਈ ਕਿਹਾ। ਜਦਕਿ 1 ਲੱਖ ਰੁਪਏ ਹਰਦੇਵ ਸਿੰਘ ਮੇਰੇ ਘਰ ਤੋਂ ਆ ਕੇ ਲੈ ਗਿਆ ਅਤੇ ਇਕ ਚੈੱਕ ਵੀ ਉਸ ਨੂੰ ਦੇ ਦਿੱਤਾ। ਕੁਝ ਦਿਨਾਂ ਬਾਅਦ ਜਸਪ੍ਰੀਤ ਕੌਰ ਦਾ ਫੋਨ ਆਇਆ ਅਤੇ ਉਹ ਕਹਿਣ ਲੱਗੀ ਕਿ ਤੁਹਾਡੀ ਬੇਟੀ ਦਾ ਵੀਜ਼ਾ ਆ ਗਿਆ ਹੈ ਅਤੇ ਪੈਸੇ ਜਮ੍ਹਾ ਕਰਵਾ ਦਿਓ, ਜਿਸ ’ਤੇ ਉਸ ਨੇ ਚਾਰ ਦਸੰਬਰ 2018 ਨੂੰ 4 ਲੱਖ ਅਤੇ 5 ਦਸੰਬਰ ਨੂੰ 5 ਲੱਖ ਰੁਪਏ ਉਸ ਦੇ ਖਾਤੇ ’ਚ ਪਾ ਦਿੱਤੇ। ਜਦੋਂ ਉਹ ਉਨ੍ਹਾਂ ਦੇ ਸੈਂਟਰ ’ਤੇ ਗਿਆ ਤਾਂ ਉਨ੍ਹਾਂ ਨੇ ਫਰਜ਼ੀ ਵੀਜ਼ਾ ਉਸ ਨੂੰ ਦੇ ਦਿੱਤਾ, ਜਿਸ ਸਬੰਧ ’ਚ ਉਸ ਨੂੰ ਬਾਅਦ ’ਚ ਪਤਾ ਲੱਗਾ। ਉਹ ਲਗਾਤਾਰ ਉਸ ਨੂੰ ਕਹਿੰਦੇ ਰਹੇ ਕਿ ਜਲਦੀ ਹੀ ਟਿਕਟ ਮੰਗਵਾ ਕੇ ਉਸ ਦੀ ਬੇਟੀ ਨੂੰ ਕੈਨੇਡਾ ਭੇਜ ਦੇਣਗੇ ਪਰ ਉਹ ਉਸ ਨੂੰ ਲਾਰੇ ਹੀ ਲਾਉਂਦੇ ਰਹੇ। ਇਕ ਦਿਨ ਇਹ ਦੋਵੇਂ ਉਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ’ਤੇ ਇਕ ਇੰਸਟੀਚਿਊਟ ’ਤੇ ਮਿਲੇ ਅਤੇ ਕਹਿਣ ਲੱਗੇ ਕਿ ਉਹ 26 ਜਨਵਰੀ 2019 ਤੱਕ ਉਸ ਦੀ ਬੇਟੀ ਨੂੰ ਕੈਨੇਡਾ ਭੇਜ ਦੇਣਗੇ। ਇਸ ਦੌਰਾਨ ਸ਼ੱਕ ਹੋਣ ’ਤੇ ਉਸ ਨੇ ਜਦੋਂ ਕਿਸੇ ਨੂੰ ਵੀਜ਼ਾ ਚੈੱਕ ਕਰਵਾਇਆ ਤਾਂ ਉਹ ਜਾਅਲੀ ਨਿਕਲਿਆ। ਇਸ ’ਤੇ ਜਦੋਂ ਉਸ ਨੇ ਉਨ੍ਹਾਂ ਦੇ ਦਫ਼ਤਰ ਜਾ ਕੇ ਕਿਹਾ ਕਿ ਉਹ ਉਨ੍ਹਾਂ ਦੀ ਸ਼ਿਕਾਇਤ ਕਰੇਗਾ ਕਿਉਂਕਿ ਉਨ੍ਹਾਂ ਨੇ ਉਸ ਨਾਲ ਠੱਗੀ ਕੀਤੀ ਹੈ, ਇਸ ’ਤੇ ਉਨ੍ਹਾਂ ਨੇ ਉਸ ਨੂੰ ਸ਼ਾਂਤ ਕਰਵਾਉਣ ਲਈ ਏ. ਯੂ. ਸਮਾਲ ਫਾਈਨਾਂਸ ਬੈਂਕ ਬ੍ਰਾਂਚ ਬਠਿੰਡਾ ਦਾ 11 ਲੱਖ 52 ਹਜ਼ਾਰ ਰੁਪਏ ਦਾ ਚੈੱਕ ਦੇ ਦਿੱਤਾ ਪਰ ਜਦੋਂ ਉਸ ਨੇ ਸ੍ਰੀ ਮੁਕਤਸਰ ਸਾਹਿਬ ਆਪਣੇ ਬੈਂਕ ਖਾਤੇ ਚੈੱਕ ਲਾਇਆ ਤਾਂ ਪੈਸੇ ਨਾ ਹੋਣ ਕਾਰਣ ਚੈੱਕ ਬਾਊਂਸ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ, ਜਿਸ ’ਤੇ ਮੈਂ ਇਸ ਸਬੰਧੀ ਥਾਣਾ ਸਿਟੀ ਪੁਲਸ ਨੂੰ ਸ਼ਿਕਾਇਤ ਕੀਤੀ। ਉਧਰ ਥਾਣਾ ਸਿਟੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਹਰਦੇਵ ਸਿੰਘ ਅਤੇ ਜਸਪ੍ਰੀਤ ਕੌਰ ਨਿਵਾਸੀ ਸੋਥਾ ਹਾਲ ਆਬਾਦ ਨੰਦੀ ਇਕਲੇਵ ਪੰਚ ਮੁੱਖ ਮੰਦਰ ਗਲੀ ਬਠਿੰਡਾ ਅਤੇ ਜਰਮਨਜੋਤ ਉਰਫ਼ ਮਨਜੋਤ ਨਿਵਾਸੀ ਖੂਨਣ ਕਲਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਦਕਿ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

Bharat Thapa

This news is Content Editor Bharat Thapa