34 ਮਹੀਨਿਆਂ ''ਚ ਮੈਕਸੀਮਮ ਸਕਿਓਰਿਟੀ ਜੇਲ ਦੇ 8 ਜੇਲ ਸੁਪਰਡੈਂਟ ਤਬਦੀਲ

10/10/2019 12:59:11 PM

ਨਾਭਾ (ਜੈਨ)—27 ਨਵੰਬਰ 2016 ਨੂੰ ਇਥੇ ਮੈਕਸੀਮਮ ਸਕਿਓਰਿਟੀ ਜ਼ਿਲਾ ਜੇਲ ਵਿਚ ਦਿਨ-ਦਿਹਾੜੇ ਫਿਲਮੀ ਸਟਾਈਲ ਵਿਚ ਫਾਇਰਿੰਗ ਕਰ ਕੇ ਖਤਰਨਾਕ ਗੈਂਗਸਟਰ 6 ਅੱਤਵਾਦੀਆਂ ਨੂੰ ਨਾਲ ਲੈ ਕੇ ਫਰਾਰ ਹੋ ਗਏ ਸਨ। ਇਨ੍ਹਾਂ ਵਿਚੋਂ ਖਾਲਿਸਤਾਨੀ ਲਿਬਰੇਸ਼ਨ ਫੋਰਸ ਦਾ ਪ੍ਰਮੁੱਖ ਹਰਮਿੰਦਰ ਸਿੰਘ ਮਿੰਟਾ 24 ਘੰਟਿਆਂ 'ਚ ਨਵੀਂ ਦਿੱਲੀ ਤੋਂ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੀ ਬਾਅਦ ਵਿਚ ਸੈਂਟਰਲ ਜੇਲ ਵਿਚ ਮੌਤ ਹੋ ਗਈ ਸੀ। ਵਿੱਕੀ ਗੌਂਡਰ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਸੀ। ਜੇਲ ਬ੍ਰੇਕ ਦੇ 24 ਮਹੀਨੇ 12 ਦਿਨਾਂ ਬਾਅਦ ਵੀ ਫਰਾਰ ਅੱਤਵਾਦੀ ਕਸ਼ਮੀਰ ਸਿੰਘ ਅਜੇ ਤੱਕ ਪੁਲਸ ਦੀ ਪਕੜ ਵਿਚ ਨਹੀਂ ਆਇਆ।

ਨਾਭਾ ਜੇਲ ਬ੍ਰੇਕ ਤੋਂ ਬਾਅਦ 34 ਮਹੀਨਿਆਂ ਦੌਰਾਨ ਇਸ ਜੇਲ ਵਿਚੋਂ 8 ਜੇਲ ਸੁਪਰਡੈਂਟਾਂ (ਜੇਲਰਾਂ) ਨੂੰ ਤਬਦੀਲ ਕੀਤਾ ਗਿਆ। ਇਸ ਤੋਂ ਸਪੱਸ਼ਟ ਹੈ ਕਿ ਇਸ ਜੇਲ ਵਿਚ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਦਬਦਬੇ ਕਾਰਣ ਕੋਈ ਵੀ ਜੇਲਰ ਇਥੇ ਆਰਾਮ ਨਾਲ ਨੌਕਰੀ ਨਹੀਂ ਕਰ ਸਕਦਾ। ਜੇਲ ਬ੍ਰੇਕ ਤੋਂ ਬਾਅਦ ਉਸ ਸਮੇਂ ਸੁਖਬੀਰ ਬਾਦਲ ਨੇ ਐੱਸ. ਐੱਸ. ਪੀ. ਡਾ. ਭੂਪਤੀ ਨੂੰ ਇਸ ਜੇਲ ਦਾ ਸੁਪਰਡੈਂਟ ਨਿਯੁਕਤ ਕੀਤਾ ਸੀ। ਫਿਰ ਰਾਜਨ ਕਪੂਰ, ਕੁਲਵੰਤ ਸਿੰਘ, ਮਨਜੀਤ ਸਿੰਘ ਟਿਵਾਣਾ, ਲਲਿਤ ਕੋਹਲੀ ਅਤੇ ਇਕਬਾਲ ਸਿੰਘ ਬਰਾੜ ਵੀ ਜੇਲਰ ਰਹੇ। ਜੇਲਰ ਕੁੱਝ ਮਹੀਨੇ ਹੀ ਇਥੇ ਰਹਿ ਸਕਦੇ ਹਨ। ਨਵੀਂ ਜ਼ਿਲਾ ਜੇਲ ਦੇ ਡਿਪਟੀ ਜੇਲਰ ਰਮਨਦੀਪ ਸਿੰਘ ਭੰਗੂ ਨੂੰ ਨਵਾਂ ਜੇਲ ਸੁਪਰਡੈਂਟ ਬਣਾਇਆ ਗਿਆ ਹੈ। ਪਿਛਲੇ 34 ਮਹੀਨਿਆਂ ਦੌਰਾਨ ਇਸ ਜੇਲ ਦੇ 2 ਸਹਾਇਕ ਸੁਪਰਡੈਂਟ ਭੀਮ ਸਿੰਘ ਅਤੇ ਜਸਵੀਰ ਸਿੰਘ ਮੁਅੱਤਲ ਹੋਏ। ਭੀਮ ਸਿੰਘ ਤਾਂ 33 ਮਹੀਨਿਆਂ ਤੋਂ ਜੇਲ ਵਿਚ ਹੀ ਹਵਾਲਾਤੀ ਹੈ ਜਦੋਂ ਕਿ ਜਸਵੀਰ ਸਿੰਘ ਦੀ ਗ੍ਰਿਫ਼ਤਾਰੀ ਕਿਸੇ ਵੀ ਸਮੇਂ ਸੰਭਵ ਹੈ। ਇਸ ਜੇਲ ਵਿਚ ਗੁਰਪ੍ਰੀਤ ਸੇਖੋਂ ਸਮੇਤ 24 ਗੈਂਗਸਟਰ ਅਤੇ ਲਾਲ ਸਿੰਘ ਸਮੇਤ 18 ਅੱਤਵਾਦੀ ਨਜ਼ਰਬੰਦ ਹਨ। ਜੇਲ ਬ੍ਰੇਕ ਅਤੇ ਟਾਰਗੈੱਟ ਕਿਲਿੰਗ ਵਿਚ ਦੋਸ਼ੀ ਰੋਮੀ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਹਾਂਗਕਾਂਗ ਤੋਂ ਭਾਰਤ ਲਿਆਉਣ ਦੀ ਕਾਰਵਾਈ ਪੰਜਾਬ ਪੁਲਸ ਵੱਲੋਂ ਜਾਰੀ ਹੈ।

ਏ. ਡੀ. ਜੀ. ਪੀ. (ਜੇਲ) ਪ੍ਰਵੀਨ ਕੁਮਾਰ ਸਿਨਹਾ ਨੇ ਜੇਲ ਵਿਚ ਧੜੱਲੇ ਨਾਲ ਇਸਤੇਮਾਲ ਹੋ ਰਹੇ ਮੋਬਾਇਲਾਂ ਨੂੰ ਬੰਦ ਕਰਵਾਉਣ ਲਈ ਸਖਤ ਨਿਰਦੇਸ਼ ਦਿੱਤੇ ਹਨ। ਡੀ. ਆਈ. ਜੀ. ਲਖਵਿੰਦਰ ਸਿੰਘ ਜਾਖੜ ਨੂੰ ਕਿਹਾ ਗਿਆ ਹੈ ਕਿ ਸੁਰੱਖਿਆ ਪ੍ਰਬੰਧਾਂ ਬਾਰੇ ਰਿਪੋਰਟ ਦੇਣ। ਇਸ ਸਮੇਂ ਇਸ ਜੇਲ ਵਿਚ ਸੁਪਰਡੈਂਟ/ਡਿਪਟੀ ਸੁਪਰਡੈਂਟ ਤੋਂ ਇਲਾਵਾ ਸਿਰਫ 6 ਹੀ ਸਹਾਇਕ ਸੁਪਰਡੈਂਟ ਹਨ ਜੋ ਲਗਭਗ 200 ਕੈਦੀਆਂ/ਹਵਾਲਾਤੀਆਂ ਦੀਆਂ ਬੈਰਕਾਂ ਅਤੇ ਬਾਹਰ ਨਿਗਰਾਨੀ ਕਰਦੇ ਹਨ। ਜੈਮਰ ਫੇਲ ਹੋ ਚੁੱਕਾ ਹੈ। ਮੋਬਾਇਲ ਨੈੱਟਵਰਕ ਸਰਗਰਮ ਹੈ। ਇਸੇ ਕਰ ਕੇ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ/ਗੈਂਗਸਟਰ ਇਸ ਜੇਲ ਵਿਚ ਸੰਪਰਕ ਕਾਇਮ ਕਰ ਕੇ ਟਾਰਗੈੱਟ ਕਿਲਿੰਗ ਨੂੰ ਅੰਜਾਮ ਦਿੰਦੇ ਰਹੇ ਸਨ। ਫਿਲਮੀ ਅਭਿਨੇਤਾ ਸਲਮਾਨ ਖਾਨ ਨੂੰ ਧਮਕੀਆਂ ਦੇਣ ਵਾਲਾ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਕਈ ਮਹੀਨੇ ਇਸ ਜੇਲ ਵਿਚ ਬੰਦ ਰਿਹਾ ਸੀ। ਪਿਛਲੇ 34 ਮਹੀਨਿਆਂ ਦੌਰਾਨ 250 ਤੋਂ ਵੱਧ ਮੋਬਾਇਲ, ਚਾਰਜਰ, ਸਿਮਾਂ ਬਰਾਮਦ ਹੋਈਆਂ ਪਰ ਕਿਸੇ ਵੀ ਜੇਲ ਅਧਿਕਾਰੀ ਖਿਲਾਫ ਮਾਮਲੇ ਦਰਜ ਹੋਣ ਤੋਂ ਬਾਅਦ ਕਾਰਵਾਈ ਨਹੀਂ ਹੋਈ। ਸਿਆਸਤਦਾਨਾਂ ਦੇ ਜੇਲ ਵਿਚ ਆਉਣ ਸਮੇਂ ਰਜਿਸਟਰ ਵਿਚ ਐਂਟਰੀ ਨਹੀਂ ਹੁੰਦੀ ਜੋ ਗੰਭੀਰ ਮਾਮਲਾ ਹੈ। ਜਦੋਂ ਗੈਂਗਸਟਰ ਜੇਲ ਪ੍ਰਸ਼ਾਸਨ 'ਤੇ ਸੰਗੀਨ ਦੋਸ਼ ਲਾਉਂਦੇ ਹਨ ਤਾਂ ਉੱਚ ਅਧਿਕਾਰੀ ਕੋਈ ਕਾਰਵਾਈ ਨਹੀਂ ਕਰਦੇ। ਇਸੇ ਕਾਰਨ ਜੇਲ ਪ੍ਰਬੰਧਾਂ ਵਿਚ ਸੁਧਾਰ ਨਹੀਂ ਹੋ ਰਿਹਾ ਬਲਕਿ ਲੜਾਈ-ਝਗੜੇ ਹੋ ਰਹੇ ਹਨ। ਜੇਕਰ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤੁਰੰਤ ਕੋਈ ਸਖਤ ਕਦਮ ਨਾ ਚੁੱਕਿਆ ਤਾਂ ਕਿਸੇ ਸਮੇਂ ਕੋਈ ਵੀ ਵੱਡੀ ਅਣਹੋਣੀ ਮੁੜ ਵਾਪਰ ਸਕਦੀ ਹੈ।