ਅਜੇ ਵੀ ਭਰੂਣ ਹੱਤਿਆ ਨੂੰ ਕਮਾਈ ਦਾ ਸਾਧਨ ਬਣਾਈ ਬੈਠੇ ਹਨ ਕਈ ਲਾਲਚੀ ਲੋਕ

06/08/2023 6:07:56 PM

ਜਲਾਲਾਬਾਦ (ਬੰਟੀ) : ਇਕ ਪਾਸੇ ਤਾਂ ਕੁੜੀਆਂ ਦੀ ਮੁੰਡਿਆਂ ਦੇ ਮੁਕਾਬਲੇ ਘੱਟ ਰਹੀ ਗਿਣਤੀ ਚਿੰਤਾਂ ਦਾ ਵਿਸ਼ਾ ਬਣੀ ਹੋਈ ਹੈ ਅਤੇ ਦੂਜੇ ਪਾਸੇ ਸਰਕਾਰਾਂ ਵੀ ਇਹ ਨਾਅਰਾ ਲਗਾ ਰਹੀਆਂ ਹਨ ਕਿ ‘ਬੇਟੀ ਬਚਾਓ ਬੇਟੀ ਪੜ੍ਹਾਓ’ ਪਰ ਹੋ ਇਸਦੇ ਉਲਟ ਰਿਹਾ ਹੈ। ਕੁਝ ਅਖੋਤੀ ਡਾਕਟਰ ਅਤੇ ਦਾਹੀਆਂ ਇਸ ਗੌਰਖ ਧੰਦੇ ਨੂੰ ਅੰਜਾਮ ਦੇ ਰਹੇ ਹਨ ਤੇ ਕੁਝ ਅਨਪੜ੍ਹ ਅਤੇ ਗਰੀਬ ਵਰਗ ਦੇ ਲੋਕ ਵੀ ਖਰਚਾ ਬਚਾਉਣ ਤੇ ਘੱਟ ਹੋਣ ਖਾਤਿਰ ਬੱਚੇ ਦੀ ਜ਼ਿੰਦਗੀ ਦਾਅ ’ਤੇ ਲਗਾ ਦਿੰਦੇ ਹਨ। ਜੇ ਗੱਲ ਕਰੀਏ ਸਿਹਤ ਵਿਭਾਗ ਦੀ ਤਾਂ ਵੱਖ-ਵੱਖ ਥਾਂਈ ਪ੍ਰਾਈਵੇਟ ਹਸਪਤਾਲਾਂ ’ਚ ਹੋ ਰਹੇ ਭਰੂਣ ਹੱਤਿਆ ਕਾਂਡ ਨੰਗੇ ਹੋਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਇਲਾਕੇ ਦੇ ਪਿੰਡਾਂ ਤੇ ਸ਼ਹਿਰਾਂ ’ਚ ਕੰਮ ਕਰ ਰਹੇ ਡਾਕਟਰਾਂ ਉਪਰ ਕਾਫ਼ੀ ਸ਼ਿਕੰਜਾ ਕੱਸਿਆ ਸੀ ਪਰ ਹੁਣ ਇਹ ਗੋਰਖ ਧੰਦਾ ਸ਼ਹਿਰ ਅਤੇ ਪਿੰਡਾਂ ’ਚ ਲੁਕ-ਛੁਪ ਕੇ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ਹਿਰ ਅਤੇ ਕੁਝ ਪਿੰਡਾਂ ’ਚ ਬੈਠੇ ਝੋਲਾ ਛਾਪ ਅਖੋਤੀ ਡਾਕਟਰ ਅਤੇ ਅਨਪੜ੍ਹ ਕਿਸਮ ਦੀਆਂ ਦਾਹੀਆਂ ਇਸ ਕੰਮ ਲਈ ਲੋਕਾਂ ਨੂੰ ਉਕਸਾਉਂਦੇ ਹਨ ਕਿ ਅਲਟਰਾਂ ਸਾਊਂਡ ਤੁਹਾਨੂੰ ਕਰਵਾ ਦਿੰਦੇ ਹਾਂ ਤੇ ਉਸ ’ਚ ਉਹ ਕਮਿਸ਼ਨ ਖਾਂਦੇ ਹਨ ਅਤੇ ਜੇ ਉਸ ਦੌਰਾਣ ਪਤਾ ਚੱਲੇ ਕਿ ਭਰੂਣ ’ਚ ਪਲ ਰਿਹਾ ਬੱਚਾ ਕੁੜੀ ਹੈ ਤਾਂ ਉਸ ਦਾ ਗਰਭਪਾਤ ਕਰਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਉਸ ’ਚੋਂ ਵੀ ਇਹ ਦਾਹੀਆਂ ਤੇ ਅਖੋਤੀ ਡਾਕਟਰ ਮੋਟਾ ਕਮਿਸ਼ਨ ਖਾਂਦੇ ਹਨ।

ਇਹ ਵੀ ਪੜ੍ਹੋ : ਬਰਸਾਤ ਨੇ ਦੂਜੀ ਵਾਰ ਝੰਬੇ ਮਿਰਚ ਉਤਪਾਦਕ, ਲੱਖਾਂ ਰੁਪਏ ਦੀ ਮਿਰਚ ਖਰਾਬ

ਜ਼ਿਕਰਯੋਗ ਹੈ ਕਿ ਇਲਾਕੇ ’ਚ ਕਈ ਪੇਂਡੂ ਅਖੋਤੀ ਡਾਕਟਰ ਆਪਣੀ ਪ੍ਰੈਕਟਸ ’ਚੋਂ ਘੱਟ ਅਤੇ ਇਸ ਕੰਮ ’ਚ ਜ਼ਿਆਦਾ ਕਮਾਈ ਕਰ ਰਹੇ ਹਨ। ਕੁਝ ਸੁਲਝੇ ਹੋਏ ਡਾਕਟਰਾਂ ਨੇ ਆਪਣਾ ਨਾਂ ਨਾ ਛਾਪਣ ਦੀ ਸੂਰਤ ’ਚ ਦੱਸਿਆ ਕਿ ਬਹੁਤ ਸਾਰੇ ਅਜਿਹੇ ਜਾਅਲੀ ਡਾਕਟਰ ਪਿੰਡਾਂ ਤੇ ਸ਼ਹਿਰਾਂ ਵਿਚ ਹਨ, ਜੋ ਅਜਿਹੇ ਕੰਮ ਕਰ ਕੇ ਡਾਕਟਰੀ ਵਰਗੇ ਪਵਿੱਤਰ ਪੈਸ਼ੇ ਨੂੰ ਆਪਣੇ ਨਿੱਜੀ ਮੁਨਾਫੇ ਲਈ ਬਦਨਾਮ ਕਰ ਰਹੇ ਹਨ। ਕੁਝ ਛੋਲਾ ਛਾਪ ਡਾਕਟਰ ਇਸ ਆੜ ’ਚ ਨਸ਼ਾ, ਸਰਿੰਜਾਂ ਅਤੇ ਹੋਰ ਮੈਡੀਕਲ ਨਸ਼ੇ ਵੇਚ ਰਹੇ ਹਨ, ਜਿਸ ਨਾਲ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਆਮ ਵੇਖਣ ਨੂੰ ਮਿਲ ਰਹੀਆਂ ਹਨ। ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਅਜਿਹੇ ਅਖੋਤੀ ਡਾਕਟਰਾਂ ਅਤੇ ਦਾਹੀਆਂ ’ਤੇ ਸਖ਼ਤੀ ਨਾਲ ਠੱਲ ਪਾਈ ਜਾਵੇ ਤਾਂ ਜੋ ਇਸ ਭਰੂਣ ਹੱਤਿਆ ਤੇ ਨਸ਼ਿਆਂ ’ਤੇ ਠੱਲ ਪਾਈ ਜਾ ਸਕੇ।

ਇਹ ਵੀ ਪੜ੍ਹੋ : ਹੈਂਡ ਟੂਲ ਫੈਕਟਰੀ ’ਚ ਸ਼ਾਰਟ-ਸਰਕਟ ਨਾਲ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha