ਪਿੰਡਾਂ ਦੀ ਨੁਹਾਰ ਬਦਲਣ ਵਾਲੇ ਕਲੱਬਾਂ ਅਤੇ ਪੰਚਾਇਤਾਂ ਨੂੰ ਮੰਤਰੀ ਵੱਲੋਂ 5-5 ਲੱਖ ਰੁਪਏ ਦੇਣ ਦਾ ਐਲਾਨ

01/28/2020 2:36:55 PM

ਮਾਨਸਾ (ਸੰਦੀਪ ਮਿੱਤਲ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਆਪਣੇ ਵੱਲੋਂ ਚਲਾਈ ਗਈ ਮੁਹਿੰਮ 'ਮੇਰਾ ਪਿੰਡ, ਮੇਰਾ ਮਾਣ' ਤਹਿਤ ਪਿੰਡ ਬੁਰਜ ਢਿੱਲਵਾਂ ਅਤੇ ਭਾਈਦੇਸਾ ਨੂੰ ਵਧੀਆ ਕਾਰਗੁਜ਼ਾਰੀ ਅਤੇ ਵਿਕਾਸ ਕੰਮਾਂ 'ਚ ਮੋਹਰੀ ਬਣਾਉਣ ਲਈ ਉਥੋਂ ਦੇ ਕਲੱਬਾਂ ਦੀ ਚੋਣ ਕੀਤੀ ਗਈ। ਜਿਨ੍ਹਾਂ ਨੇ ਪਿੰਡ ਦੀ ਪੰਚਾਇਤ ਨਾਲ ਮਿਲ ਕੇ ਪਿੰਡ ਨੂੰ ਸੋਹਣਾ ਸੁਨੱਖਾ, ਵਾਤਾਵਰਣ ਨੂੰ ਸ਼ੁੱਧ ਬਣਾ ਕੇ ਰੱਖਣ ਲਈ ਕੰਮ ਕੀਤੇ ਅਤੇ ਹੋਰਨਾਂ ਪਿੰਡਾਂ ਦੇ ਮੁਕਾਬਲੇ ਇਨ੍ਹਾਂ ਪਿੰਡਾਂ ਦੀ ਨੁਹਾਰ ਬਦਲਣ ਲਈ ਬੀੜਾ ਚੁੱਕਿਆ ਹੈ। 71ਵੇਂ ਗਣਤੰਤਰ ਦਿਵਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਦੀ ਸ਼ਿਫਾਰਿਸ 'ਤੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਉਕਤ ਦੋਵੇਂ ਕਲੱਬਾਂ ਤੇ ਪੰਚਾਇਤਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਪਿੰਡ ਬੁਰਜ ਢਿੱਲਵਾਂ ਦੇ ਸਰਪੰਚ ਜਗਦੀਪ ਸਿੰਘ, ਭਾਈ ਘਨੱਈਆ ਕਲੱਬ ਬੁਰਜ ਢਿੱਲਵਾਂ ਅਤੇ ਭਾਈਦੇਸਾ ਦੇ ਸਰਪੰਚ ਹਰਬੰਸ ਸਿੰਘ, ਪਿੰਡ ਭਾਈਦੇਸਾ ਦੇ ਨੌਜਵਾਨ ਏਕਤਾ ਕਲੱਬ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ।

ਇਸ ਸਬੰਧੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਉਕਤ ਕਲੱਬਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਥੋੜ੍ਹੇ ਸਮੇਂ 'ਚ ਪਿੰਡਾਂ ਦੀ ਦਿੱਖ ਬਦਲੀ ਹੈ। ਇਸ ਮੌਕੇ ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਵੱਲੋਂ ਵੀ ਦੋਵੇਂ ਸਰਪੰਚਾਂ ਨੂੰ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਅਤੇ ਪੁਲਸ ਦਾ ਸਹਿਯੋਗ ਕਰਨ 'ਤੇ ਵਿਸ਼ੇਸ਼ ਤੌਰ 'ਤੇ ਸਰਪੰਚਾਂ ਨੂੰ ਸਰਟੀਫਿਕੇਟ ਦਿੱਤਾ ਗਿਆ। ਇਸ ਮੌਕੇ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ ਅਤੇ ਸਰਪੰਚ ਹਰਬੰਸ ਸਿੰਘ ਭਾਈਦੇਸਾ ਨੇ ਕਿਹਾ ਕਿ ਉਨ੍ਹਾਂ ਦਾ ਜੋ ਮਾਣ ਸਨਮਾਨ ਜ਼ਿਲਾ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਅਤੇ ਐੱਸ.ਐੱਸ.ਪੀ ਡਾ. ਨਰਿੰਦਰ ਭਾਰਗਵ ਨੇ ਕੀਤਾ ਹੈ, ਜਿਸ ਦੀ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ ਹੈ।

ਇਸ ਸਮੇਂ ਕਲੱਬ ਦੇ ਪ੍ਰਧਾਨ ਜਗਮੇਲ ਸਿੰਘ, ਭਾਈਦੇਸਾ ਦੇ ਕਲੱਬ ਪ੍ਰਧਾਨ ਕੇਵਲ ਸਿੰਘ, ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ, ਜ਼ਿਲਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਪ੍ਰੇਮ ਕੁਮਾਰ ਮਿੱਤਲ ਆਦਿ ਹਾਜ਼ਰ ਸਨ।

cherry

This news is Content Editor cherry