ਫਿਰੋਜ਼ਪੁਰ 'ਚ ਟਰੈਕਟਰ 'ਤੇ ਉੱਚੀ ਗਾਣੇ ਲਗਾਉਣ 'ਤੇ ਪਿਆ ਕਲੇਸ਼, ਸ਼ਰੇਆਮ ਵੱਢਿਆ ਵਿਅਕਤੀ ਦਾ ਹੱਥ

11/03/2022 12:31:37 PM

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ, ਆਨੰਦ) : ਥਾਣਾ ਮੱਲਾਂਵਾਲਾ ਦੇ ਪਿੰਡ ਖੱਚਰਵਾਲਾ 'ਚ ਇਕ ਵਿਅਕਤੀ ’ਤੇ ਤੇਜ਼ਧਾਰ ਹਥਿਆਰ ਦੇ ਨਾਲ ਜਾਨਲੇਵਾ ਹਮਲਾ ਕਰ ਕੇ ਉਸਦਾ ਹੱਥ ਵੱਢ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਗੁਰਜੰਟ ਸਿੰਘ ਵਾਸੀ ਪਿੰਡ ਖੱਚਰਵਾਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦ ਉਹ ਅੰਮ੍ਰਿਤਸਰ ਗਿਆ ਹੋਇਆ ਸੀ ਤਾਂ ਪਿੰਡ ਦੇ ਵਾਸੀ ਜੀਓਨ ਸਿੰਘ ਨੇ ਉਸ ਨੂੰ ਫੋਨ ਕਰ ਕੇ ਧਮਕਾਇਆ ਸੀ ਕਿ ਉਸਦਾ ਮੁੰਡਾ ਟਰੈਕਟਰ ’ਤੇ ਉੱਚੀ ਆਵਾਜ਼ ਵਿਚ ਗਾਣੇ ਲਗਾ ਕੇ ਉਸਦੇ ਘਰ ਅੱਗੋਂ ਲੰਘਦਾ ਹੈ। ਉਸ ਨੇ ਫੋਨ ’ਤੇ ਦੋਵਾਂ ਪਿਓ-ਪੁੱਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸ਼ਿਕਾਇਤਕਰਤਾ ਮੁਤਾਬਕ ਬੀਤੇ ਦਿਨੀਂ ਜਦੋਂ ਉਹ ਆਪਣੀ ਸੱਸ ਦੀ ਦਵਾਈ ਲੈ ਕੇ ਘਰ ਪਰਤਿਆ ਤਾਂ ਉਨ੍ਹਾਂ ਦੇ ਘਰ ਬਾਹਰ ਕਾਰ ਇਕ ਖੜ੍ਹੀ ਹੋਈ ਸੀ, ਜਿਸ ਵਿੱਚ ਜੀਓਨ ਸਿੰਘ ਸਵਾਰ ਸੀ।

ਇਹ ਵੀ ਪੜ੍ਹੋ- ਆਸਟ੍ਰੇਲੀਆ ਜਾਣ ਦੀ ਤਿਆਰੀ 'ਚ ਨੌਜਵਾਨ ਨੂੰ ਪਤਨੀ ਨੇ ਭੇਜਿਆ ਅਜਿਹਾ ਸੁਨੇਹਾ ਕਿ ਗਲ਼ ਲਾਈ ਮੌਤ

ਉਸ ਨੂੰ ਦੇਖਣ ਉਪਰੰਤ ਦੋਸ਼ੀ ਜੀਓਨ ਸਿੰਘ ਤਲਵਾਰ ਲੈ ਕੇ ਕਾਰ ਤੋਂ ਉਤਰਿਆ ਅਤੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦਾ ਹੱਥ ਵੱਢਿਆ ਗਿਆ ਤੇ ਉਹ ਥੱਲੇ ਡਿੱਗ ਪਿਆ। ਜਿਸ ਤੋਂ ਬਾਅਦ ਦੋਸ਼ੀ ਜੀਓਨ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਗੁਰਜੰਟ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਿਆਂ ਪਰਿਵਾਰ ਵਾਲਿਆਂ ਨੇ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਅਤੇ ਉਹ ਜ਼ੇਰੇ ਇਲਾਜ ਹੈ।  ਥਾਣਾ ਮੱਲਾਂਵਾਲਾ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਜੀਓਨ ਸਿੰਘ ਖ਼ਿਲਾਫ਼ 307, 323, 452, 354, 506 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।  ਜਾਨਲੇਵਾ ਹਮਲਾ ਕਰਨ ਦੇ ਦੋਸ਼ ’ਚ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto