ਮਾਲੇਰਕੋਟਲਾ ਦੇ ਇਕ ਡੇਅਰੀ ਫਾਰਮ ''ਚ 50 ਤੋਂ ਵੱਧ ਦੁਧਾਰੂ ਪਸ਼ੂਆਂ ਦੀ ਮੌਤ

05/31/2019 11:09:15 AM

ਮਾਲੇਰਕੋਟਲਾ (ਮਹਿਬੂਬ, ਜ.ਬ.) : ਵਿਸ਼ਵਕਰਮਾ ਮੰਦਰ ਨਜ਼ਦੀਕ ਇਕ ਡੇਅਰੀ ਫਾਰਮ 'ਤੇ 50 ਤੋਂ ਵੱਧ ਦੁਧਾਰੂ ਪਸ਼ੂਆਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਅਤੇ ਬਚੇ ਇੱਕਾ-ਦੁੱਕਾ ਪਸ਼ੂਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਦੀਆਂ ਟੀਮਾਂ 3-4 ਦਿਨਾਂ ਤੋਂ ਬੀਮਾਰ ਪਸ਼ੂਆਂ ਦੇ ਦਿਨ-ਰਾਤ ਇਲਾਜ 'ਚ ਜੁਟੀਆਂ ਹੋਈਆਂ ਹਨ ਅਤੇ ਇਲਾਜ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ ਪਰ ਦੁਧਾਰੂ ਪਸ਼ੂ ਬਚ ਨਹੀਂ ਰਹੇ।



ਜਾਣਕਾਰੀ ਅਨੁਸਾਰ ਵਿਸ਼ਵਕਰਮਾ ਮੰਦਰ ਤੋਂ ਦੁਲਮਾਂ ਨੂੰ ਜਾਂਦੀ ਸੜਕ ਉੱਪਰ ਸਥਿਤ ਲਿਆਕਤ ਅਲੀ ਦੇ ਡੇਅਰੀ ਫਾਰਮ ਵਿਚ ਰੱਖੀਆਂ ਕਰੀਬ 106 ਮੱਝਾਂ ਤੇ ਗਾਵਾਂ ਦੀ ਤਬੀਅਤ ਸੋਮਵਾਰ ਸਵੇਰੇ ਅਚਾਨਕ ਵਿਗੜ ਗਈ। ਮਾਲਕ ਵੱਲੋਂ ਸਵੇਰੇ ਕਰੀਬ 3 ਵਜੇ ਸੂਚਿਤ ਕਰਨ 'ਤੇ ਵੈਟਰਨਰੀ ਅਫਸਰ ਮਾਲੇਰਕੋਟਲਾ ਡਾ. ਮੁਹੰਮਦ ਇਕਬਾਲ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਪਸ਼ੂਆਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਨ੍ਹਾਂ ਵਿਭਾਗ ਦੇ ਹੋਰ ਡਾਕਟਰ ਤੇ ਪੈਰਾ ਵੈਟਰਨਰੀ ਸਟਾਫ ਨੂੰ ਬੁਲਾ ਕੇ ਇਲਾਜ ਸ਼ੁਰੂ ਕਰ ਦਿੱਤਾ।

ਘਟਨਾ ਦਾ ਪਤਾ ਲੱਗਦਿਆਂ ਹੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸੰਗਰੂਰ ਡਾ. ਕੇ. ਜੀ. ਗੋਇਲ ਅਤੇ ਸੀਨੀਅਰ ਵੈਟਰਨਰੀ ਅਫਸਰ ਮਾਲੇਰਕੋਟਲਾ ਡਾ. ਬਲਜੀਤ ਸਿੰਘ ਅਤੇ ਵੈਟਰਨਰੀ ਪੋਲੀਕਲੀਨਿਕ ਸੰਗਰੂਰ ਦੇ ਮਾਹਰ ਡਾਕਟਰਾਂ ਦੀ ਟੀਮ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਤੋਂ ਪਸ਼ੂ ਰੋਗ ਵਿਗਿਆਨੀ ਡਾ. ਐੱਸ. ਪੀ. ਐੱਸ. ਸੈਣੀ ਆਦਿ ਦੀ ਅਗਵਾਈ ਹੇਠ ਮਾਹਰ ਵਿਗਿਆਨੀਆਂ ਦੀ ਟੀਮ ਵੀ ਫਾਰਮ 'ਚ ਪਹੁੰਚ ਗਈ, ਜਿਨ੍ਹਾਂ ਨੇ ਤੜਫ ਰਹੇ ਪਸ਼ੂਆਂ ਦੇ ਖੂਨ, ਗੋਹੇ ਅਤੇ ਖੁਰਾਕ ਦੇ ਨਮੂਨੇ ਹਾਸਲ ਕੀਤੇ ਅਤੇ ਟੈਸਟ ਲਈ ਭੇਜੇ।

ਡਿਪਟੀ ਡਾਇਰੈਕਟਰ ਡਾ. ਕੇ. ਜੀ. ਗੋਇਲ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵਲੋਂ ਯੂਨੀਵਰਸਿਟੀ ਮਾਹਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਇਲਾਜ ਆਰੰਭ ਕੀਤਾ ਗਿਆ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਬੀਮਾਰ ਪਸ਼ੂਆਂ ਦੇ ਇਲਾਜ ਲਈ ਤਾਇਨਾਤ ਕਰ ਦਿੱਤੀਆਂ ਗਈਆਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕੋਈ ਲਾਗ ਦੀ ਬੀਮਾਰੀ ਨਹੀਂ ਹੈ। ਮਾਲਕ ਵਲੋਂ ਲਗਭਗ 50 ਪਸ਼ੂ ਕਿਤੇ ਹੋਰ ਸ਼ਿਫਟ ਕਰ ਦਿੱਤੇ ਗਏ ਹਨ। ਉਸ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਹੀ ਉਹ ਆਪਣੇ ਪਸ਼ੂਆਂ ਨੂੰ ਖੁਰਾਕ ਪਾਉਂਦੇ ਸਨ ਪਰ ਅਜਿਹਾ ਕੀ ਹੋਇਆ, ਉਹ ਕੁੱਝ ਨਹੀਂ ਜਾਣਦਾ।

ਜਦੋਂ ਕਿ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵਲੋਂ ਜਾਰੀ ਮਿਤੀ 28 ਮਈ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਸ਼ੂਆਂ ਨੂੰ ਬਾਸੀ ਸਬਜ਼ੀਆਂ, ਆਲੂ, ਰੋਟੀਆਂ ਆਦਿ ਪਾਉਣ ਕਾਰਣ ਇਹ ਘਟਨਾ ਵਾਪਰੀ ਹੈ ਅਤੇ ਮੁੱਢਲੀ ਜਾਂਚ 'ਚ ਬੈਕਟੀਰੀਆ ਤੇ ਫੰਗਸ ਦੇ ਟਾਕਸੀਨ ਪਾਏ ਗਏ ਅਤੇ ਪਸ਼ੂਆਂ ਨੂੰ ਹਰਾ ਚਾਰਾ ਨਹੀਂ ਪਾਇਆ ਗਿਆ ਸੀ, ਜਿਸ ਕਾਰਣ ਪਸ਼ੂਆਂ ਨੂੰ ਅਧਰੰਗ, ਚੱਕਰ, ਲੜਖੜਾਹਟ, ਔਖੇ ਸਾਹ ਅਤੇ ਸਬਨਾਰਮਲ ਬੁਖਾਰ ਦੀ ਤਕਲੀਫ ਹੋ ਗਈ। ਯੂਨੀਵਰਸਿਟੀ ਦੇ ਡਾ. ਕੇ.ਐੱਸ.ਸੰਧੂ ਨੇ ਡੇਅਰੀ ਮਾਲਕਾਂ ਨੂੰ ਅਪੀਲ਼ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਤਾਜ਼ਾ ਹਰਾ ਚਾਰਾ ਹੀ ਪਾਉਣ।

ਦੂਜੇ ਪਾਸੇ ਮਾਲਕ ਲਿਆਕਤ ਨੇ ਭਰੇ ਮਨ ਨਾਲ ਕਿਹਾ ਕਿ ਇਲਾਜ ਉੱਪਰ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਉਸ ਦੇ ਪੱਲੇ ਕੁਝ ਨਹੀਂ ਪਿਆ। ਸਥਾਨਕ ਐੱਸ.ਡੀ.ਐੱਮ.ਚਰਨਦੀਪ ਸਿੰਘ ਵਲੋਂ ਵੀ ਮੌਕਾ ਵੇਖਿਆ ਗਿਆ ਅਤੇ ਉਨ੍ਹਾਂ ਹਾਜ਼ਰ ਡਾਕਟਰਾਂ ਨੂੰ ਕਿਹਾ ਕਿ ਉਹ ਆਖਰੀ ਸਾਹ ਤੱਕ ਬਾਕੀ ਰਹਿੰਦੇ ਪਸ਼ੂਆਂ ਨੂੰ ਬਚਾਉਣ ਲਈ ਪੂਰੀ ਵਾਹ ਲਗਾਉਣ। ਮਾਲਕ ਲਿਆਕਤ ਤੋਂ ਇਹ ਪੁੱਛਣ 'ਤੇ ਕਿ ਕੀ ਉਸ ਨੇ ਆਪਣੇ ਪਸ਼ੂਆਂ ਦਾ ਬੀਮਾ ਕਰਵਾਇਆ ਹੋਇਆ ਸੀ, ਤਾਂ ਉਸਨੇ ਨਾਂਹ 'ਚ ਜਵਾਬ ਦਿੱਤਾ।

cherry

This news is Content Editor cherry