ਲੁਟੇਰਿਆਂ ਨੇ ਕੱਪੜਾ ਕਾਰੋਬਾਰੀ ਤੋਂ ਖੋਹਿਆ 3.5 ਲੱਖ ਰੁਪਏ ਨਾਲ ਭਰਿਆ ਬੈਗ

02/16/2020 6:00:00 PM

ਲੁਧਿਆਣਾ (ਰਿਸ਼ੀ)— ਸ਼ਨੀਵਾਰ ਦੁਪਹਿਰ 12 ਵਜੇ ਫਿਰਜ਼ਗਾਂਧੀ ਮਾਰਕੀਟ 'ਚ ਲਾਲ ਕਾਲੇ ਰੰਗ ਦੇ ਮੋਟਰਸਾੲੀਕਲ 'ਤੇ ਆਏ 2 ਲੁਟੇਰਿਆਂ ਨੇ ਕੱਪੜਾ ਕਾਰੋਬਾਰੀ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਪੀ. ਐੱਨ. ਬੀ. ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਸਮੇਂ ਪੈਦਲ ਜਾਂਦੇ ਸਮੇਂ ਹੱਥ ਵਿਚ ਫੜਿਆ ਬੈਗ ਲੈ ਉੱਡੇ। ਬੈਗ 'ਚ 3 ਲੱਖ 50 ਹਜ਼ਾਰ ਦੀ ਨਕਦੀ ਸਮੇਤ ਹੋਰ ਦਸਤਾਵੇਜ਼ ਸਨ। ਪਤਾ ਲਗਦੇ ਹੀ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਏ. ਸੀ. ਪੀ. ਸਿਵਲ ਲਾਈਨਜ਼ ਜਤਿੰਦਰ ਕੁਮਾਰ, ਏ. ਸੀ. ਪੀ. ਡਿਟੈਕਟਿਵ ਮਨਦੀਪ ਸਿੰਘ ਸਮੇਤ ਡਿਵੀਜ਼ਨ ਨੰ.5 ਦੀ ਪੁਲਸ ਜਾਂਚ ਵਿਚ ਲੱਗ ਗਈ।

ਜਾਣਕਾਰੀ ਦਿੰਦੇ ਹੋਏ ਹੰਬੜਾਂ ਰੋਡ ਦੇ ਰਹਿਣ ਵਾਲੇ ਵਪਾਰੀ ਅਰੁਣ (60) ਸਾਲ ਨੇ ਦੱਸਿਆ ਕਿ ਉਸ ਦੀ ਪਿੰਡ ਬਾਜੜਾ ਵਿਚ ਕੱਪੜੇ ਦੀ ਫੈਕਟਰੀ ਹੈ। ਰੋਜ਼ਾਨਾ ਵਾਂਗ ਉਹ ਆਪਣੀ ਕਾਰ ਵਿਚ ਪੈਸੇ ਜਮ੍ਹਾ ਕਰਵਾਉਣ ਆਉਂਦੇ ਹਨ। ਅੱਗੇ ਉਸ ਦਾ ਡਰਾਈਵਰ ਨਾਲ ਹੁੰਦਾ ਹੈ ਪਰ ਅੱਜ ਉਹ ਇਕੱਲਾ ਸੀ। ਜਦੋਂ ਪਾਰਕਿੰਗ ਵਿਚ ਕਾਰ ਖੜ੍ਹੀ ਕਰ ਕੇ ਬੈਂਕ ਵੱਲ ਪੈਦਲ ਜਾ ਰਿਹਾ ਸੀ ਤਾਂ ਸਟਾਕ ਐਕਸਚੇਂਜ ਦੇ ਕੋਲ ਪੁੱਜਾ ਤਾਂ ਉਸ ਨੂੰ ਇਕ ਦੋਸਤ ਮਿਲ ਗਿਆ ਜਿਸ ਨੂੰ ਕੈਂਸਰ ਹੋਣ ਕਾਰਨ ਉਸ ਦਾ ਹਾਲ ਚਾਲ ਪਤਾ ਕਰਨ ਲੱਗ ਪਿਆ। ਇਸੇ ਦੌਰਾਨ ਕਚਹਿਰੀ ਕੰਪਲੈਕਸ ਵੱਲੋਂ ਇਕ ਮੋਟਰਸਾੲੀਕਲ 'ਤੇ ਦੋ ਸਨੈਚਰ ਆਏ ਅਤੇ ਹੱਥ ਵਿਚ ਫੜਿਆ ਬੈਗ ਖੋਹ ਕੇ ਪੱਖੋਵਾਲ ਰੋਡ ਵੱਲ ਫਰਾਰ ਹੋ ਗਏ।

ਸੀ.ਪੀ. ਦਫਤਰ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਬੇਖੌਫ ਲੁਟੇਰੇ
ਫਿਰੋਜ਼ਗਾਂਧੀ ਮਾਰਕੀਟ ਪੁਲਸ ਕਮਿਸ਼ਨਰ ਦਫਤਰ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਹੈ ਜਿਥੇ ਹਰ ਸਮੇਂ ਹਜ਼ਾਰਾਂ ਲੋਕ ਮੌਜੂਦ ਰਹਿੰਦੇ ਹਨ ਅਤੇ ਸ਼ਹਿਰ ਦਾ ਸਭ ਤੋਂ ਭੀੜ ਵਾਲਾ ਇਲਾਕਾ ਹੈ। ਇਸ ਇਲਾਕੇ ਵਿਚ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਬੇਖੌਫ ਹੋ ਕੇ ਕੀਤੀ ਵਾਰਦਾਤ ਨੇ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ।

ਕੈਮਰੇ 'ਚ ਕੈਦ ਲੁਟੇਰੇ, ਮੋਟਰਸਾੲੀਕਲ ਦਾ ਨੰਬਰ ਅੱਧਾ
ਹਾਲਾਂਕਿ ਘਟਨਾ ਸਥਾਨ 'ਤੇ ਪੁੱਜੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਕੈਮਰਿਆਂ ਵਿਚ ਲੁਟੇਰੇ ਕੈਦ ਹੋ ਗਏ ਜਿਨ੍ਹਾਂ ਦੇ ਚਿਹਰੇ ਵੀ ਸਾਫ ਨਜ਼ਰ ਆ ਰਹੇ ਹਨ। ਫੁਟੇਜ ਵਿਚ ਪਤਾ ਲੱਗ ਰਿਹਾ ਹੈ ਕਿ ਲੁਟੇਰੇ ਕੋਚਰ ਮਾਰਕੀਟ ਰੋਡ ਵੱਲ ਭੱਜੇ ਹਨ ਜਿਸ ਮੋਟਰਸਾੲੀਕਲ 'ਤੇ ਵਾਰਦਾਤ ਕੀਤੀ ਗਈ ਹੈ, ਉਸ ਦੇ ਨੰਬਰ ਤਾਂ ਪੂਰੇ ਹਨ ਪਰ ਅੱਗੇ ਦਾ ਨੰਬਰ ਨਹੀਂ ਲਿਖਿਆ ਹੋਇਆ। ਹੁਣ ਪੁਲਸ ਅੱਧੇ ਨੰਬਰ ਦੇ ਸਹਾਰੇ ਮੁਜਰਮਾਂ ਤੱਕ ਪੁੱਜਣ ਦਾ ਯਤਨ ਕਰ ਰਹੀ ਹੈ।

ਰੌਲਾ ਪਾਉਣ 'ਤੇ ਮੋਟਰਸਾੲੀਕਲ 'ਤੇ ਕੀਤਾ ਪਿੱਛਾ, ਨਹੀਂ ਲੱਗੇ ਹੱਥ
ਕਾਰੋਬਾਰੀ ਵੱਲੋਂ ਵਾਰਦਾਤ ਤੋਂ ਬਾਅਦ ਜਦੋਂ ਰੌਲਾ ਪਾਇਆ ਗਿਆ ਤਾਂ ਉੱਥੋਂ ਗੁਜ਼ਰ ਰਹੇ ਮੋਟਰਸਾੲੀਕਲ ਸਵਾਰ ਦੋ ਨੌਜਵਾਨ ਮਦਦ ਲਈ ਰੁਕੇ ਜਿਨ੍ਹਾਂ ਨੇ ਆਪਣੇ ਮੋਟਰਸਾੲੀਕਲ 'ਤੇ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਹੱਥ ਨਹੀਂ ਲਗ ਸਕੇ।

ਜਿਊਲਰਜ਼ ਨਾਲ ਹੋਈ ਲੁੱਟ ਦਾ ਕੇਸ ਨਹੀਂ ਸੁਲਝਿਆ
18 ਦਿਨ ਪਹਿਲਾਂ ਸ਼ਹਿਰ ਦੇ ਸਭ ਤੋਂ ਪਾਸ਼ ਇਲਾਕੇ ਘੁਮਾਰ ਮੰਡੀ ਵਿਚ ਪਰਲ ਪੈਲੇਸ ਵਿਚ ਬੀ. ਆਰ. ਐੱਸ. ਨਗਰ ਦੇ ਰਹਿਣ ਵਾਲੇ ਜਿਊਲਰ ਵਿਜੇ ਜੈਨ ਨੂੰ ਦਿਨ ਦਿਹਾੜੇ ਗੰਨ ਪੁਆਇੰਟ 'ਤੇ ਬੰਦੀ ਬਣਾ ਕੇ 80 ਲੱਖ ਰੁਪਏ ਦੀ ਲੁੱਟ ਦਾ ਕੇਸ ਵੀ ਪੁਲਸ ਹੁਣ ਤੱਕ ਸੁਲਝਾ ਨਹੀਂ ਸਕੀ। ਇਸ ਕੇਸ ਵਿਚ ਵੀ ਪੁਲਸ ਦੇ ਹੱਥ ਫੁਟੇਜ ਲੱਗੀ ਸੀ ਜਿਸ ਵਿਚ ਸਪੱਸ਼ਟ ਹੋਇਆ ਸੀ ਕਿ ਲੁਟੇਰੇ ਫਾਰਚਿਊਨਰ ਕਾਰ ਵਿਚ ਆਏ ਸਨ। ਵਾਰਦਾਤ ਤੋਂ ਬਾਅਦ ਲੁਟੇਰੇ ਜਿਊਲਰੀ ਸ਼ਾਪ ਵਿਚ ਲੱਗੇ ਕੈਮਰਿਆਂ ਦਾ ਡੀ.ਵੀ.ਆਰ. ਵੀ ਆਪਣੇ ਨਾਲ ਲੈ ਗਏ ਸਨ। ਲੁਟੇਰਿਆਂ ਨੇ ਬੈਂਕ ਮੁਲਾਜ਼ਮ ਦੱਸ ਕੇ ਵਰਕਰ ਨੀਰਜ ਤੋਂ ਦਰਵਾਜ਼ਾ ਖੁੱਲ੍ਹਵਾਇਆ ਸੀ।
ਕੱਪੜਾ ਕਾਰੋਬਾਰੀ ਦੇ ਬਿਆਨ ਨੋਟ ਕਰ ਕੇ ਪਰਚਾ ਦਰਜ ਕਰ ਲਿਆ ਗਿਆ ਹੈ। ਫੁਟੇਜ ਦੇ ਸਹਾਰੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦ ਕੇਸ ਹੱਲ ਕਰ ਲਿਆ ਜਾਵੇਗਾ।–ਐੱਸ.ਆਈ. ਰਿਚਾ, ਐੱਸ.ਐੱਚ.ਓ. ਡਿਵੀਜ਼ਨ ਨੰ.5

shivani attri

This news is Content Editor shivani attri