ਸੇਜਲ ਅੱਖਾਂ ਨਾਲ ਦਿੱਤੀ ਸ਼ਹੀਦ ਮਨਪ੍ਰੀਤ ਨੂੰ ਅੰਤਿਮ ਵਿਦਾਇਗੀ

11/28/2019 2:27:56 PM

ਲੌਂਗੋਵਾਲ (ਵਸ਼ਿਸ਼ਟ, ਵਿਜੇ) : ਜੰਮੂ-ਕਸ਼ਮੀਰ ਦੇ ਕੁੱਪਵਾੜਾ ਖੇਤਰ 'ਚ ਫਰਕੀਆ ਨਾਰਥ ਹਿੱਲਜ਼ ਦੀਆਂ ਬਰਫੀਲੀਆਂ ਪਹਾੜੀਆਂ 'ਤੇ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋਏ 18 ਸਿੱਖ ਰੇਜੀਮੈਂਟ ਸਿਪਾਹੀ ਮਨਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਸਥਾਨਕ ਜੈਦ ਪੱਤੀ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ, ਜਿਥੇ ਹਜ਼ਾਰਾਂ ਹੀ ਸੇਜਲ ਅੱਖਾਂ ਨੇ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ। ਫ਼ੌਜ ਦੀ ਟੁਕੜੀ ਵੱਲੋਂ ਸਲਾਮੀ ਦੇ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵੱਲੋਂ ਏ. ਡੀ. ਸੀ. ਰਾਜੇਸ਼ ਤਿਵਾੜੀ, ਐੱਸ. ਪੀ. (ਐੱਚ.) ਸ਼ਰਨਜੀਤ ਸਿੰਘ ਐੱਸ. ਡੀ .ਐੱਮ. ਬਬਨਜੀਤ ਸਿੰਘ ਵਾਲੀਆ, ਡੀ. ਐੱਸ. ਪੀ. ਰਾਜੇਸ਼ ਸਨੇਹੀ ਅਤੇ ਸੈਨਿਕ ਵੈੱਲਫੇਅਰ ਦੇ ਡਿਪਟੀ ਡਾਇਰੈਕਟਰ ਵੱਲੋਂ ਸ਼ਹੀਦ ਦੀ ਦੇਹ 'ਤੇ ਰੀਥ ਭੇਟ ਕੀਤੇ ਗਏ। ਚਿਖਾ ਨੂੰ ਅਗਨੀ ਸ਼ਹੀਦ ਦੇ ਛੋਟੇ ਭਰਾ ਜਸਵੀਰ ਸਿੰਘ ਨੇ ਦਿੱਤੀ। ਮ੍ਰਿਤਕ ਦੇ ਦਾਦਾ ਪਿਆਰਾ ਸਿੰਘ, ਪਿਤਾ ਜਗਤਾਰ ਸਿੰਘ, ਮਾਤਾ ਗੁਰਜੀਤ ਕੌਰ, ਭਰਾ ਜਸਵੀਰ ਸਿੰਘ ਅਤੇ ਭੈਣ ਲਵਪ੍ਰੀਤ ਕੌਰ ਦਾ ਦੁੱਖ ਕਿਸੇ ਤੋਂ ਸਹਿਣ ਨਹੀਂ ਹੋਇਆ।

ਮਨਪ੍ਰੀਤ ਦਾ 26 ਘੰਟੇ ਹਸਪਤਾਲ ਵਿਚ ਚੱਲਦਾ ਰਿਹਾ ਇਲਾਜ
ਸ਼੍ਰੀਨਗਰ ਤੋਂ ਆਏ ਸਿੱਖ ਰੇਜੀਮੈਂਟ ਦੇ ਸੂਬੇਦਾਰ ਸੁਖਦਰਸ਼ਨ ਸਿੰਘ ਅਤੇ ਹੋਲਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਦੀ ਸ਼ਹਾਦਤ ਨਮੋਨੀਆਂ ਹੋਣ ਕਾਰਨ ਹੋਈ ਹੈ ਅਤੇ 26 ਘੰਟੇ ਉਸ ਦਾ ਹਸਪਤਾਲ ਵਿਚ ਇਲਾਜ ਵੀ ਚੱਲਦਾ ਰਿਹਾ ਪਰ ਆਖਰ ਉਹ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲੱਗਾ ਗਿਆ।

ਆਪਣੇ ਨਾਨੇ ਤੋਂ ਪ੍ਰੇਰਨਾ ਲੈ ਕੇ ਬੜੇ ਚਾਵਾਂ ਨਾਲ ਹੋਇਆ ਸੀ ਫੌਜ ਵਿਚ ਭਰਤੀ
ਸ਼ਹੀਦ ਦੇ ਮਾਮੇ ਸਤਨਾਮ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕਾਫੀ ਸਮਾਂ ਨਾਨਕੇ ਘਰ ਸਾਡੇ ਕੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਨਾਨੇ ਅਤੇ ਮੇਰੇ ਪਿਤਾ ਦਰਸ਼ਨ ਸਿੰਘ ਫੌਜੀ ਤੋਂ ਪ੍ਰੇਰਨਾ ਲੈ ਕੇ ਮਨਪ੍ਰੀਤ ਬੜੇ ਹੀ ਚਾਵਾਂ ਨਾਲ 20 ਮਹੀਨੇ ਪਹਿਲਾ ਫੌਜ ਵਿਚ ਭਰਤੀ ਹੋਇਆ ਸੀ ਅਤੇ ਆਪਣੇ ਛੋਟੇ ਭਰਾ ਜਸਵੀਰ ਨੂੰ ਵੀ ਉਹ ਫੌਜ ਵਿਚ ਭਰਤੀ ਹੋਣ ਲਈ ਪ੍ਰੇਰਿਤ ਕਰਦਾ ਰਹਿੰਦਾ ਸੀ ।

ਪ੍ਰਸ਼ਾਸਨ ਕੋਲ ਮਦਦ ਲਈ ਕੀਤੀ ਅਪੀਲ
ਮਨਪ੍ਰੀਤ ਦਾ ਪਰਿਵਾਰ ਪਿਛਲੇ ਸਮੇਂ ਤੋਂ ਕਾਫ਼ੀ ਗਰੀਬੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ, ਜਿਸ ਕਾਰਨ ਇੱਥੋਂ ਦੇ ਬਹੁਤ ਸਾਰੇ ਮੋਹਤਬਰ ਵਿਅਕਤੀਆਂ ਨੇ ਪ੍ਰਸ਼ਾਸਨ ਕੋਲ ਬੇਨਤੀ ਕਰਕੇ ਉਸ ਦੇ ਭਰਾ ਲਈ ਸਰਕਾਰੀ ਨੌਕਰੀ ਅਤੇ ਪਰਿਵਾਰ ਦੀ ਹਰ ਪੱਖੋਂ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ ਹੈ।

ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਨਗਰ ਕੌਂਸਲ ਪ੍ਰਧਾਨ, ਜਗਦੇਵ ਸਿੰਘ ਸਿੱਧੂ ਸਿਟੀ ਪ੍ਰਧਾਨ, ਵਿਜੈ ਕੁਮਾਰ ਗੋਇਲ, ਰਮਨਦੀਪ ਸਿੰਘ ਚੋਟੀਆਂ ਆਦਿ ਸਮੇਤ ਹਜ਼ਾਰਾਂ ਹੀ ਨਗਰ ਨਿਵਾਸੀ ਹਾਜ਼ਰ ਸਨ।

cherry

This news is Content Editor cherry