ਮਾਮਲਾ ਭੱਠਲ ਕਾਲਜ ਦੇ ਵਿੱਤੀ ਸੰਕਟ ਦਾ, ਮੁਲਾਜ਼ਮ ਨੇ ਕਾਲਜ ਵਿਖੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

02/20/2020 12:20:31 PM

ਲਹਿਰਾਗਾਗਾ (ਗਰਗ) : ਸਥਾਨਕ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਚ ਵਿੱਤੀ ਸੰਕਟ ਦੇ ਕਾਰਨ ਸਟਾਫ ਨੂੰ ਪਿਛਲੇ ਕਰੀਬ 14 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਚਲਦੇ ਅਰਥਿਕ ਤੰਗੀ ਵਿਚੋਂ ਗੁਜ਼ਰ ਰਹੇ ਸਟਾਫ਼ ਦੇ ਇਕ ਮੁਲਾਜ਼ਮ ਨੇ ਕਾਲਜ ਵਿਖੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਰਹੀ ਕਿ ਅਚਾਨਕ ਰੱਸੀ ਟੁੱਟ ਜਾਣ ਕਾਰਨ ਉਹ ਜ਼ਮੀਨ 'ਤੇ ਡਿੱਗ ਪਿਆ ਤੇ ਗੰਭੀਰ ਜ਼ਖ਼ਮੀ ਹਾਲਤ ਵਿਚ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ।

ਮੌਕੇ 'ਤੇ ਪਹੁੰਚ ਕੇ ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਲਾਹਕਾਰ ਸਨਮੀਕ ਸਿੰਘ ਹੈਨਰੀ ਨੇ ਉਕਤ ਮੁਲਾਜ਼ਮ ਦਾ ਹਾਲ ਚਾਲ ਪੁੱਛਦਿਆਂ ਕਾਲਜ ਦਾ ਵਿੱਤੀ ਸੰਕਟ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਖ਼ਮੀ ਦਵਿੰਦਰ ਕੁਮਾਰ ਕਲਰਕ ਨੇ ਦੱਸਿਆ ਕਿ ਪਿਛਲੇ ਕਰੀਬ 14 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਕਾਰਨ ਉਹ ਭਾਰੀ ਆਰਥਿਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਬੱਚਿਆਂ ਦੇ ਸਕੂਲਾਂ ਦੀ ਫੀਸ ਨਹੀਂ ਭਰ ਸਕਦਾ, ਬੱਚਿਆਂ ਦੀ ਕੋਈ ਖੁਸ਼ੀ ਪੂਰੀ ਨਹੀਂ ਕਰ ਸਕਦਾ, ਬੈਂਕਾਂ ਤੋਂ ਲਏ ਕਰਜ਼ੇ ਨਹੀਂ ਭਰ ਸਕਦਾ, ਜਿਸ ਦੇ ਕਾਰਨ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਤਨਖਾਹ ਰਿਲੀਜ਼ ਨਾ ਕੀਤੀ ਤਾਂ ਉਸ ਵਰਗੇ ਹੋਰ ਕਈ ਮੁਲਾਜ਼ਮ ਅਜਿਹਾ ਕਦਮ ਚੁੱਕਣ ਲਈ ਮਜਬੂਰ ਹੋਣਗੇ , ਜਿਸ ਦੇ ਲਈ ਸਿੱਧੇ ਤੌਰ 'ਤੇ ਸਰਕਾਰ ਤੇ ਕਾਲਜ ਮੈਨੇਜਮੈਂਟ ਜ਼ਿੰਮੇਵਾਰ ਹੋਵੇਗੀ।

ਦੂਜੇ ਪਾਸੇ ਕਾਲਜ ਦੇ ਸਮੂਹ ਸਟਾਫ਼ ਨੇ ਕਾਲਜ ਦੇ ਗੇਟ ਅੱਗੇ ਧਰਨਾ ਲਗਾ ਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਾਲਜ ਦੇ ਵਿੱਤੀ ਸੰਕਟ ਦਾ ਸਥਾਈ ਹੱਲ ਕਰਨ ਦੀ ਮੰਗ ਕਰਨ ਦੇ ਨਾਲ-ਨਾਲ ਮੁਲਾਜ਼ਮ ਦਵਿੰਦਰ ਕੁਮਾਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਘਟਨਾ ਦਾ ਪਤਾ ਚੱਲਦੇ ਹੀ ਥਾਣਾ ਸਦਰ ਦੇ ਇੰਚਾਰਜ ਸੁਰਿੰਦਰ ਸਿੰਘ ਭੱਲਾ, ਥਾਣਾ ਸਿਟੀ ਦੇ ਇੰਚਾਰਜ ਪ੍ਰਸ਼ੋਤਮ ਸ਼ਰਮਾ , ਨਾਇਬ ਤਹਸੀਲਦਾਰ ਹਮੀਰ ਸਿੰਘ ਕਾਲਜ ਵਿਖੇ ਪਹੁੰਚੇ ਅਤੇ ਸਮੂਹ ਸਟਾਫ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਵਿਸ਼ਵਾਸ ਦਿਵਾਇਆ। ਖ਼ਬਰ ਲਿਖੇ ਜਾਣ ਤੱਕ ਸਮੂਹ ਸਟਾਫ਼ ਧਰਨੇ 'ਤੇ ਬੈਠਾ ਹੋਇਆ ਸੀ ਅਤੇ ਜ਼ਖਮੀ ਦਵਿੰਦਰ ਕੁਮਾਰ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਹੁਣ ਦੇਖਣਾ ਇਹ ਹੈ ਕਿ ਸਰਕਾਰ ਸਬੰਧਿਤ ਵਿਭਾਗ ਜਾਂ ਪ੍ਰਸ਼ਾਸਨ ਉਕਤ ਕਾਲਜ ਦਾ ਸਥਾਈ ਵਿੱਤੀ ਹੱਲ ਕਰਦਾ ਹੈ ਜਾਂ ਨਹੀਂ ਜਾਂ ਫਿਰ ਹੋਰ ਮੁਲਾਜ਼ਮਾਂ ਨੂੰ ਵੀ ਖੁਦਕੁਸ਼ੀ ਵਰਗੇ ਕਦਮ ਚੁੱਕਣ ਲਈ ਮਜਬੂਰ ਹੋਣਾ ਪਏਗਾ।

cherry

This news is Content Editor cherry