ਮੁੱਖ ਮੰਤਰੀ ਨਿਵਾਸ ਸਾਹਮਣੇ ਤਨਖਾਹ ਦੀ ਲੋਹੜੀ ਮੰਗਣ ਗਏ ਅਧਿਅਾਪਕਾਂ ’ਤੇ ਲਾਠੀਚਾਰਜ

01/14/2019 7:03:46 AM

ਪਟਿਆਲਾ,    (ਜੋਸਨ, ਬਲਜਿੰਦਰ)-  7 ਮਹੀਨਿਅਾਂ  ਤੋਂ  ਤਨਖਾਹ  ਨਾ  ਮਿਲਣ  ਕਾਰਨ  ਅੱਜ  ਅਧਿਅਾਪਕਾਂ  ਨੇ  ਮੁੱਖ  ਮੰਤਰੀ  ਕੈਪਟਨ  ਅਮਰਿੰਦਰ  ਸਿੰਘ  ਦੇ  ਪਟਿਅਾਲਾ  ਸਥਿਤ  ਨਿਵਾਸ  ਮੋਤੀ  ਮਹਿਲ  ਦੇ  ਸਾਹਮਣੇ  ਪ੍ਰਦਰਸ਼ਨ  ਕੀਤਾ।  ਅਧਿਅਾਪਕਾਂ  ਨੇ  ਮੁੱਖ  ਮੰਤਰੀ  ਦੇ  ਨਿਵਾਸ  ਵੱਲ  ਨੂੰ  ਰੋਸ  ਮਾਰਚ  ਕਰਦੇ  ਸਮੇਂ ਸੁਰੱਖਿਅਾ ਲਈ ਵਾਈ. ਪੀ. ਐੱਸ. ਚੌਕ ’ਚ ਲਾਏ 2 ਮੁੱਖ ਬੈਰੀਕੇਡ ਵੀ  ਤੋੜੇ। 
ਇਸ ਦੌਰਾਨ ਮਹਿਲਾ ਅਧਿਅਾਪਕਾਂ ਨਾਲ ਪੁਰਸ਼ ਪੁਲਸ ਮੁਲਾਜ਼ਮਾਂ ਨੇ ਖਿੱਚ-ਧੂਹ ਵੀ ਕੀਤੀ। ਇਸ ਸਭ ਦੇ ਬਾਵਜੂਦ ਅਧਿਅਾਪਕ ਨੇ ਸੀ. ਐੱਮ. ਦੇ ਮਹਿਲ ਸਾਹਮਣੇ ਧਰਨਾ ਲਾ ਕੇ ਦਿੱਤਾ। ਜਦੋਂ ਦੀ ਕਾਂਗਰਸ  ਸਰਕਾਰ ਬਣੀ ਹੈ, ਪਟਿਆਲਾ ਵਿਚ ਬਹੁਤ ਸਾਰੇ ਧਰਨੇ-ਮੁਜ਼ਾਹਰੇ ਹੋਏ ਹਨ। ਲਗਭਗ 2  ਸਾਲਾਂ ਅੰਦਰ ਇਹ ਪਹਿਲੀ ਵਾਰ ਹੋਇਆ ਕਿ ਸਾਰੇ ਪਾਸਿਅਾਂ ਤੋਂ ਪੁਲਸ ਨੇ ਘੇਰਿਅਾ ਹੋਣ ਦੇ ਬਾਵਜੂਦ ਧਰਨਾਕਾਰੀ ਸਾਰੇ ਨਾਕੇ ਤੋੜ  ਕੇ ਮੁੱਖ ਮੰਤਰੀ ਦੇ ਮਹਿਲ ਅੱਗੇ ਪਹੁੰਚੇ ਹੋਣ। ਇਸ ਮੌਕੇ ਐੱਸ. ਐੱਸ. ਏ. ਰਮਸਾ ਅਧਿਆਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ  ਟੋਡਰਪੁਰ, ਪਰਮਿੰਦਰ ਸਿੰਘ, ਵਿਕਰਮ ਦੀਪ ਸਿੰਘ, ਅਜਿੰਦਰ ਪਾਲ ਘੱਗਾ, ਪਰਮੀਤ ਸਿੰਘ ਅਤੇ  ਹੋਰ ਨੇਤਾਵਾਂ ਨੇ ਆਖਿਆ ਕਿ ਸਿੱਖਿਆ ਮੰਤਰੀ ਓ. ਪੀ. ਸੋਨੀ 1 ਦਸੰਬਰ ਨੂੰ ਅਧਿਆਪਕਾਂ ਦਾ  ਮਰਨ ਵਰਤ ਖੁਲ੍ਹਵਾ ਕੇ ਗਏ ਸਨ। 
ਜਨਤਕ ਐਲਾਨ ਕਰ ਕੇ ਗਏ ਸਨ ਕਿ ਸੰਘਰਸ਼ ਦੌਰਾਨ ਅਧਿਆਪਕਾਂ  ਦੀਆਂ ਹੋਈਆਂ ਬਦਲੀਆਂ ਤੇ ਮੁਅੱਤਲੀਆਂ ਸਮੇਤ ਸਮੁੱਚੇ ਹੁਕਮਾਂ ਨੂੰ ਸਿੱਖਿਆ ਵਿਭਾਗ ਰੱਦ ਕਰ  ਦੇਵੇਗਾ ਤੇ 1886 ਐੱਸ. ਐੱਸ. ਏ. ਰਮਸਾ ਤੇ ਹੋਰ  ਅਧਿਆਪਕਾਂ ਨੂੰ ਪੂਰੀਆਂ  ਤਨਖਾਹਾਂ ਦੇਵੇਗਾ। 1 ਦਸੰਬਰ ਤੋਂ ਲੈ ਕੇ ਅੱਜ 13 ਜਨਵਰੀ ਤੱਕ ਡੇਢ ਮਹੀਨਾ ਬੀਤਣ ਤੋਂ  ਬਾਅਦ ਵੀ ਸਿੱਖਿਆ ਵਿਭਾਗ ਅਧਿਆਪਕਾਂ ਨਾਲ ਧੋਖਾ ਕਰ ਕੇ ਲਾਰੇ ਲਾ ਰਿਹਾ ਹੈ। ਇਸ ਕਾਰਨ  ਅਧਿਆਪਕ ਹੁਣ ਰਾਜੇ ਦੇ ਮਹਿਲ ਅੱਗੇ  ਧਰਨਾ ਲਾ ਕੇ ਸਰਕਾਰ ਦਾ ਪਿੱਟ-ਸਿਆਪਾ ਕਰ ਰਹੇ ਹਨ।