ਏਮਜ਼ ਕਾਰਣ ਡੱਬਵਾਲੀ ਰੋਡ ’ਤੇ ਜ਼ਮੀਨਾਂ ਦੇ ਰੇਟ ਆਸਮਾਨ ਛੂਹਣ ਲੱਗੇ

09/12/2019 1:06:28 AM

ਬਠਿੰਡਾ, (ਵਰਮਾ)- ਬੇਸ਼ੱਕ ਦੇਸ਼ ਭਰ ’ਚ ਜ਼ਮੀਨਾਂ ਨੂੰ ਲੈ ਕੇ ਬਹੁਤ ਮੰਦੀ ਦਾ ਦੌਰ ਜਾਰੀ ਹੈ ਅਤੇ ਜ਼ਮੀਨਾਂ ਦੇ ਰੇਟ ’ਚ 40-60 ਫੀਸਦੀ ਤਕ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ ਪਰ ਏਮਜ਼ ਦੇ ਕਾਰਣ ਡੱਬਵਾਲੀ ਰੋਡ ’ਤੇ ਰੇਟ ਕਈ ਗੁਣਾ ਵਧ ਕੇ ਆਸਮਾਨ ਨੂੰ ਛੂਹਣ ਲੱਗੇ ਹਨ। ਕਈ ਪੂੰਜੀਪਤੀਆਂ ਨੇ ਆਪਣੀ ਦੋ ਨੰਬਰ ਦੀ ਕਮਾਈ ਅਤੇ ਕਾਲਾ ਧਨ ਡੱਬਵਾਲੀ ਰੋਡ ’ਤੇ ਜ਼ਮੀਨ ਖਰੀਦਣ ’ਚ ਲਾ ਦਿੱਤਾ ਹੈ, ਜਿਸ ਕਾਰਣ ਰੇਟ ਕਈ ਗੁਣਾ ਵਧ ਗਏ ਹਨ ਅਤੇ ਆਮਦਨ ਵਿਭਾਗ ਇਸ ਮਾਮਲੇ ’ਚ ਚੁੱਪ ਹੈ। ਜ਼ਿਆਦਾਤਰ ਇਸ ਰੋਡ ’ਤੇ ਜ਼ਮੀਨ ਡਾਕਟਰਾਂ ਨੇ ਲਈ ਹੈ ਉਨ੍ਹਾਂ ਨੂੰ ਉਮੀਦ ਹੈ ਕਿ ਏਮਜ਼ ਦੇ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਦੇ ਹਸਪਤਾਲ ਵੀ ਚੱਲਣੇ ਸ਼ੁਰੂ ਹੋ ਜਾਣਗੇ। ਬਠਿੰਡਾ ਤੋਂ ਅੰਮ੍ਰਿਤਸਰ ਲਈ ਬਣਾਈ ਗਈ 6 ਲਾਈਨ ਹਾਈਵੇ ਰੋਡ ’ਤੇ ਸੀ. ਐੱਲ. ਯੂ. ਦੇ ਨਾਂ ’ਤੇ ਪਟਵਾਰੀਆਂ, ਤਹਿਸੀਲਦਾਰਾਂ, ਕਾਨੂੰਨਗੋ ਅਤੇ ਉਪ ਮੰਡਲ ਅਧਿਕਾਰੀਆਂ ਤੱਕ ਨੇ ਖੂਬ ਹੱਥ ਰੰਗੇ ਅਤੇ ਲੋਕਾਂ ਨੂੰ ਜ਼ਮੀਨਾਂ ਦੇ ਰੇਟ ਕਈ ਗੁਣਾ ਦੇ ਦਿੱਤੇ, ਜਿਸ ਦੀ ਜਾਂਚ ਚਲ ਰਹੀ ਹੈ। ਇਸ ਮਾਮਲੇ ’ਚ ਇਕ ਐੱਸ. ਡੀ. ਐੱਮ. ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ ਅਤੇ ਅਜੇ ਕਈ ਲੋਕਾਂ ’ਤੇ ਗਾਜ ਡਿੱਗਣ ਵਾਲੀ ਹੈ।

ਆਮਦਨ ਵਿਭਾਗ ਜਾਂਚ ਕਰੇ ਤਾਂ ਹੱਥ ਲੱਗ ਸਕਦੇ ਹਨ ਕਈ ਸਬੂਤ

ਆਮਦਨ ਵਿਭਾਗ ਜੇਕਰ ਡੱਬਵਾਲੀ ਰੋਡ ’ਤੇ ਸਥਿਤ ਜਿਨ੍ਹਾਂ ਜ਼ਮੀਨਾਂ ਦੇ ਸੌਦੇ ਹੋਏ ਉਨ੍ਹਾਂ ਦੀ ਜਾਣਕਾਰੀ ਤਹਿਸੀਲ ਵਿਭਾਗ ਤੋਂ ਹਾਸਲ ਕਰ ਕੇ ਜਾਂਚ ਕਰੇ ਤਾਂ ਵਿਭਾਗ ਦੇ ਹੱਥ 2 ਨੰਬਰ ਦੀ ਕਮਾਈ ਦੇ ਕਈ ਸਬੂਤ ਲੱਗ ਸਕਦੇ ਹਨ। ਇਸ ਰੋਡ ’ਤੇ ਜ਼ਮੀਨ ਖਰੀਦਦਾਰਾਂ ਨੇ ਤਹਿਸੀਲ ਵਿਭਾਗ ਨਾਲ ਮਿਲ ਕੇ ਰਜਿਸਟਰੀਆਂ ਘੱਟ ਰੇਟਾਂ ’ਚ ਕਰਵਾਈਆਂ ਜਦਕਿ ਸੌਦੇ ਮਹਿੰਗੇ ਕੀਤੇ। ਡੀ. ਸੀ. ਵੱਲੋਂ ਸ਼ਹਿਰ ਦੇ ਸਾਰੇ ਖੇਤਰਾਂ ਦੇ ਕੁਲੈਕਟਰ ਰੇਟ ਤੈਅ ਕੀਤੇ ਗਏ ਹਨ ਜਿਸਦਾ ਫਾਇਦਾ ਡੱਬਵਾਲੀ ਰੋਡ ’ਤੇ ਸੌਦੇ ਕਰਨ ਵਾਲਿਆਂ ਨੂੰ ਮਿਲਿਆ। ਜ਼ਮੀਨਾਂ ਦੇ ਰੇਟ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਗਜ਼ ਤੱਕ ਪਹੁੰਚ ਚੁੱਕੇ ਹਨ ਜਦਕਿ ਰਜਿਸਟਰੀਆਂ 1 ਤੋਂ 2 ਹਜ਼ਾਰ ਰੁਪਏ ਪ੍ਰਤੀ ਗਜ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਏਮਜ਼ ’ਚ ਹਰਿਆਣਾ, ਪੰਜਾਬ, ਰਾਜਸਥਾਨ, ਸਮੇਤ ਹੋਰ ਸੂਬਿਆਂ ਤੋਂ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਵੱਡੀ ਗਿਣਤੀ ’ਚ ਪਹੁੰਚਣਗੇ।

ਪੁੂੰਜੀਪਤੀਆਂ ਨੇ ਨਿਵੇਸ਼ ਕਰ ਕੇ ਪਹਿਲਾਂ ਹੀ ਵਧਾਏ ਜ਼ਮੀਨਾਂ ਦੇ ਰੇਟ

ਲੋਕਾਂ ਦਾ ਮੰਨਣਾ ਹੈ ਕਿ ਅਜਿਹੇ ’ਚ ਉਥੇ ਕਈ ਦੁਕਾਨਾਂ, ਹਸਪਤਾਲ, ਹੋਟਲ ਸਮੇਤ ਕਈ ਵਪਾਰਿਕ ਸੰਸਥਾਨ ਖੁੱਲ੍ਹਣਗੇ ਜਿਸ ਨਾਲ ਜ਼ਮੀਨਾਂ ਹੋਰ ਮਹਿੰਗੀਆਂ ਹੋਣਗੀਆਂ। ਇਸ ਲਈ ਪੁੂੰਜੀਪਤੀਆਂ ਨੇ ਨਿਵੇਸ਼ ਕਰ ਕੇ ਪਹਿਲਾਂ ਹੀ ਜ਼ਮੀਨਾਂ ਦੇ ਰੇਟ ਕਈ ਗੁਣਾ ਵਧਾ ਦਿੱਤੇ ਤਾਂ ਕਿ ਕੋਈ ਵੀ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦਾ ਵਿਅਕਤੀ ਜ਼ਮੀਨ ਨਾ ਖਰੀਦ ਸਕੇ। ਪ੍ਰਾਪਰਟੀ ਡੀਲਰਾਂ ਨੇ ਵੀ ਡੱਬਵਾਲੀ ਰੋਡ ’ਤੇ ਸੌਦੇ ਕਰਵਾਉਣ ’ਚ ਖੂਬ ਹਿੱਸਾ ਲਿਆ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਸ਼ਹਿਰ ਦੀਆਂ ਹੋਰ ਸਡ਼ਕਾਂ ’ਤੇ ਜ਼ਮੀਨਾਂ ਦੇ ਰੇਟ ਡਿੱਗ ਰਹੇ ਹਨ ਜਦਕਿ ਸਿਰਫ ਏਮਜ਼ ਦੇ ਕਾਰਣ ਡੱਬਵਾਲੀ ਰੋਡ ’ਤੇ ਰੇਟ ਰੁਕਣ ਦਾ ਨਾਂ ਨਹੀਂ ਲੈ ਰਹੇ।

Bharat Thapa

This news is Content Editor Bharat Thapa