ਰਿਲਾਇੰਸ ਪੈਟਰੋਲ ਪੰਪ ਬੁਢਲਾਡਾ ''ਤੇ ਕਿਸਾਨ ਮੋਰਚਾ 61ਵੇਂ ਦਿਨ ''ਚ ਦਾਖ਼ਲ

12/02/2020 3:50:22 PM

ਬੁਢਲਾਡਾ(ਬਾਂਸਲ):ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ 'ਚ ਲੱਖਾਂ ਕਿਸਾਨਾਂ ਨੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦਾ ਘਿਰਾਓ ਕਰਕੇ ਸੰਘਰਸ਼ ਤੇਜ਼ ਕੀਤਾ ਹੋਇਆ ਹੈ ਉੱਥੇ ਤਕਰੀਬਨ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਰਿਲਾਇੰਸ ਪੈਟਰੋਲ ਪੰਪਾਂ, ਟੋਲ ਪਲਾਜ਼ਿਆਂ, ਮਾਲਜ਼ ਆਦਿ ਦਾ ਘਿਰਾਓ ਲਗਾਤਾਰ ਜਾਰੀ ਹੈ। ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਕਿਸਾਨਾਂ ਦਾ ਮੋਰਚਾ ਅੱਜ 61ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਕਿਸਾਨ ਆਗੂਆਂ ਨੇ ਸੰਬੋਧਨ 'ਚ ਕਿਹਾ ਕਿ ਪੰਜਾਬ ਦੇ ਲੱਖਾਂ ਦੀ ਤਾਦਾਦ 'ਚ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡੱਟੇ ਹੋਏ ਹਨ। ਪੰਜਾਬੀ ਕਿਸਾਨਾਂ ਨੂੰ ਰੋਕਾਂ, ਨਾਕੇ ਆਦਿ ਤੋੜਨ 'ਚ ਹਰਿਆਣਾ ਦੇ ਕਿਸਾਨਾਂ ਅਤੇ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਿਆਦਾ ਸਲਾਂਘਾਯੋਗ ਸੀ।

ਸਰਹੱਦਾਂ 'ਤੇ ਬੈਠੇ ਕਿਸਾਨ ਔਰਤਾਂ-ਮਰਦਾਂ ਨੂੰ ਦਿੱਲੀ, ਹਰਿਆਣਾ ਸੂਬਿਆਂ ਸਮੇਤ ਸਾਰੇ ਉੱਥੋਂ ਰਹਿਣ ਵਾਲੇ ਲੋਕਾਂ ਦਾ ਭਰਪੂਰ ਸਮੱਰਥਨ ਮਿਲ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਦਾ ਇਹ ਨਿਵੇਕਲਾ ਸੰਘਰਸ਼ ਹੈ, ਜਿਸ ਦੀ ਵਿਸ਼ਾਲਤਾ ਅਤੇ ਮਹੱਤਤਾ ਇਤਿਹਾਸਕ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸੰਘਰਸ਼ 'ਚ ਡੱਟੇ ਕਿਸਾਨਾਂ ਦਾ ਜੋਸ਼, ਉਤਸ਼ਾਹ ਅਤੇ ਮੋਦੀ ਸਰਕਾਰ ਖ਼ਿਲਾਫ਼ ਨਫ਼ਰਤ ਕੇਂਦਰ ਨੂੰ ਤਿੰਨੇ ਖੇਤੀ ਕਾਨੂੰਨਾਂ ਰੱਦ ਕਰਨ ਸਮੇਤ ਸਾਰੀਆਂ ਕਿਸਾਨੀ ਮੰਗਾਂ ਨੂੰ ਮੰਨਣ ਲਈ ਮਜਬੂਰ ਕਰ ਦੇਵੇਗਾ। ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।

Aarti dhillon

This news is Content Editor Aarti dhillon