''ਜਗ ਬਾਣੀ'' ਦੀ ਖਬਰ ਦਾ ਅਸਰ, ਪੰਜਾਬ ਸਰਕਾਰ ਨੇ ਸ਼ੇਰਪੁਰ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਦਿੱਤਾ

10/10/2018 12:39:39 PM

ਸ਼ੇਰਪੁਰ(ਸਿੰਗਲਾ)— ਪੰਜਾਬ ਅੰਦਰ ਜਿੱਥੇ ਸਰਕਾਰੀ ਸਕੂਲ ਸਹੂਲਤਾਂ ਨੂੰ ਤਰਸਦੇ ਹੋਏ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਦਾ ਵਿਸ਼ਾ ਬਣਦੇ ਹਨ, ਉਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਸਕੂਲ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ 2017-18 ਦੇ ਸੈਸ਼ਨ 'ਚ ਸਕੂਲ ਨੂੰ ਸਮਾਰਟ ਸਕੂਲ ਬਨਾਉਣ ਲਈ ਦਰਜਾ ਦੇ ਕੇ 9 ਲੱਖ ਦੀ ਰਾਸ਼ੀ ਭੇਜਣਾ, ਸਕੂਲ ਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਸਕੂਲ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਆਪਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਸਕੂਲ ਦੀ ਹੋਰ ਨੁਹਾਰ ਬਦਲਣ ਲਈ 5 ਲੱਖ ਤੋਂ ਵੱਧ ਰੁਪਏ ਖਰਚ ਕਰ ਕੇ ਸਕੂਲ ਨੂੰ ਮਾਡਲ ਸਕੂਲ ਦੀ ਦਿੱਖ ਦੇਣ ਦਾ ਜੋ ਯਤਨ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਇਸ ਸਕੂਲ 'ਚ ਜ਼ਿਆਦਾਤਰ ਆਰਥਿਕ ਤੌਰ 'ਤੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ 895 ਬੱਚੇ ਪੜ੍ਹਦੇ ਹਨ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਕ੍ਰਮਵਾਰ ਲੁਧਿਆਣਾ ਤੇ ਬਰਨਾਲਾ ਵਿਖੇ ਬਤੌਰ ਡੀ. ਈ. ਓ. ਲਾਇਆ ਗਿਆ ਸੀ।

ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਦਿੱਤੇ ਸਨ 20 ਲੱਖ—
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਦੀ ਖਸਤਾਹਾਲ ਇਮਾਰਤ ਦਾ ਮਾਮਲਾ 'ਜਗ ਬਾਣੀ' ਵੱਲੋਂ ਦਸਬੰਰ 2013 'ਚ ਪੂਰੇ ਜੋਸ਼ ਨਾਲ ਚੁੱਕਿਆ ਗਿਆ ਸੀ। ਇਸ ਸਬੰਧੀ ਕਈ ਖਬਰਾਂ 'ਜਗ ਬਾਣੀ' ਵੱਲੋਂ ਲਗਾਤਾਰ ਸਕੂਲ ਦੀ ਹਾਲਤ ਨੂੰ ਬਿਆਨ ਕਰਦੀਆਂ ਛਾਪੀਆਂ ਗਈਆਂ ਸਨ। ਸੰਨ 2014 'ਚ ਜਦੋਂ ਸੰਗਰੂਰ ਲੋਕ ਸਭਾ ਹਲਕਾ ਤੋਂ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਬਣੇ ਤਾਂ ਉਨ੍ਹਾਂ ਦੇ ਧਿਆਨ 'ਚ 'ਜਗ ਬਾਣੀ' ਵੱਲੋਂ ਪ੍ਰਕਾਸ਼ਿਤ ਕੀਤੀਆਂ ਖਬਰਾਂ ਆਈਆਂ ਤਾਂ ਉਸੇ ਵਕਤ ਉਹ ਸ਼ੇਰਪੁਰ ਸਕੂਲ ਵਿਖੇ ਪੁੱਜੇ ਅਤੇ ਉਨ੍ਹਾਂ ਆਪਣੇ ਪਾਰਲੀਮੈਂਟ ਫੰਡ ਦੀ ਪਹਿਲੀ ਕਿਸ਼ਤ 'ਚੋਂ ਸ਼ੇਰਪੁਰ ਦੇ ਸਕੂਲ ਦੀ ਦਿੱਖ ਸੰਵਾਰਨ ਲਈ 20 ਲੱਖ ਦੀ ਰਾਸ਼ੀ ਤੁਰੰਤ ਜਾਰੀ ਕੀਤੀ।

ਸਮਾਰਟ ਸਕੂਲ ਬਣਾਉਣ ਲਈ 9 ਲੱਖ ਰੁਪਏ ਆਏ—
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਨੂੰ ਪੰਜਾਬ ਸਰਕਾਰ ਵੱਲੋਂ ਸੈਸ਼ਨ 2017-2018 ਦੌਰਾਨ ਸਮਾਰਟ ਸਕੂਲ ਬਨਾਉਣ ਲਈ ਚੁਣਿਆ ਜਾਣਾ, ਸਕੂਲ ਪ੍ਰਿੰਸੀਪਲ ਤੇ ਸਟਾਫ ਲਈ ਮਾਣ ਵਾਲੀ ਗੱਲ ਹੈ। ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੀਮ ਤਹਿਤ ਸਮਾਰਟ ਸਕੂਲ ਦੀ ਦਿੱਖ ਵਾਲਾ ਮੇਨ ਗੇਟ, ਸਕੂਲ ਦੀ ਚਾਰਦੀਵਾਰੀ, ਰੰਗ-ਰੋਗਨ, ਤਿੰਨ ਕਮਰਿਆਂ ਦੀ ਰਿਪੇਅਰ ਲਈ ਸਰਕਾਰ ਵੱਲੋਂ 9 ਲੱਖ ਰੁਪਏ ਆ ਚੁੱਕੇ ਹਨ।

ਅੰਗਰੇਜ਼ੀ ਮੀਡੀਅਮ ਦੀ ਹੋਈ ਸ਼ੁਰੂਆਤ—
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿਖੇ ਸਮਾਰਟ ਸਕੂਲ ਬਣਨ ਨਾਲ ਬੱਚਿਆਂ ਨੂੰ ਪੰਜਾਬੀ ਮੀਡੀਅਮ ਤੋਂ ਇਲਾਵਾ ਹੁਣ ਅੰਗਰੇਜ਼ੀ ਮੀਡੀਅਮ ਵਿਚ ਵੀ ਸਿੱਖਿਆ ਪ੍ਰਦਾਨ ਕੀਤੇ ਜਾਣ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਸ਼ੁਰੂਆਤ 6ਵੀਂ ਕਲਾਸ ਤੋਂ 10ਵੀਂ ਤੱਕ ਕੀਤੀ ਗਈ ਹੈ। ਮੌਜੂਦਾ ਸਮੇਂ 'ਚ ਜਿੱਥੇ ਲੱਖਾਂ ਰੁਪਏ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ 'ਚ ਸਿਰਫ ਅੰਗਰੇਜ਼ੀ ਮੀਡੀਅਮ 'ਚ ਪੜ੍ਹਾਈ ਕਰਵਾਉਣ ਲਈ ਖਰਚ ਕਰਦੇ ਹਨ, ਉਥੇ ਸਰਕਾਰੀ ਸਕੂਲ ਸ਼ੇਰਪੁਰ ਦੇ 133 ਬੱਚੇ ਅੰਗਰੇਜ਼ੀ ਮੀਡੀਅਮ 'ਚ ਮੁਫਤ ਸਿੱਖਿਆ ਪ੍ਰਾਪਤ ਕਰਨ ਲੱਗੇ ਹਨ।

ਭਗਵੰਤ ਮਾਨ ਨੇ 'ਜਗ ਬਾਣੀ' ਦਾ ਕੀਤਾ ਧੰਨਵਾਦ—
ਭਗਵੰਤ ਮਾਨ ਨੇ ਸਭ ਤੋਂ ਪਹਿਲਾਂ 'ਜਗ ਬਾਣੀ' ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਕੰਮਾਂ 'ਤੇ ਸਰਕਾਰ ਦੀ ਨਜ਼ਰ ਨਹੀਂ ਪੈਂਦੀ, ਉਨ੍ਹਾਂ ਕੰਮਾਂ ਨੂੰ ਜ਼ਿੰਮੇਵਾਰ ਮੀਡੀਆ ਕਰਮੀ ਸਰਕਾਰ ਦੇ ਧਿਆਨ ਵਿਚ ਲਿਆ ਕੇ ਸਮਾਜ ਦੇ ਭਲੇ ਲਈ ਅਹਿਮ ਰੋਲ ਅਦਾ ਕਰਦੇ ਹਨ। ਸ਼ੇਰਪੁਰ ਸਕੂਲ ਤੋਂ ਇਲਾਵਾ ਹੋਰ ਕਈ ਸਕੂਲਾਂ ਨੂੰ ਫੰਡ ਦਿੱਤੇ ਗਏ ਹਨ। ਮੈਂ ਚਾਹੁੰਦਾ ਹਾਂ ਕਿ ਬੱਚਿਆਂ ਦੀ ਤਰੱਕੀ ਲਈ ਉਨ੍ਹਾਂ ਨੂੰ ਉਚ ਸਿੱਖਿਆ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਕੂਲ ਲਈ 20 ਲੱਖ ਦੀ ਰਾਸ਼ੀ ਦਾ ਐਲਾਨ ਕੀਤਾ ਸੀ, ਅੱਜ ਤੱਕ ਉਸ ਰਾਸ਼ੀ ਦਾ ਨਾ ਮਿਲਣਾ, ਅਕਾਲੀ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ।

ਪ੍ਰਿੰਸੀਪਲ ਦੇ ਯਤਨਾਂ ਸਦਕਾ 12 ਲੱਖ ਦੀ ਰਾਸ਼ੀ ਹੋਈ ਖਰਚ—
ਸਕੂਲ ਦੀ ਨੁਹਾਰ ਬਦਲਣ ਲਈ ਜਿੱਥੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਐੱਮ. ਪੀ. ਫੰਡ 'ਚੋਂ 20 ਲੱਖ ਦੀ ਰਾਸ਼ੀ ਸਕੂਲ ਨੂੰ ਦਿੱਤੀ ਸੀ, ਉਥੇ ਸਕੂਲ ਦੇ ਉੱਦਮੀ ਤੇ ਮਿਹਨਤੀ ਪ੍ਰਿੰਸੀਪਲ ਨੇ ਆਪਣੇ ਯਤਨਾਂ ਸਦਕਾ 5 ਲੱਖ ਦੀ ਰਾਸ਼ੀ ਖਰਚ ਕਰ ਕੇ ਸਕੂਲ ਨੂੰ ਚਾਰ ਚੰਨ ਲਾ ਦਿੱਤੇ ਹਨ। ਛੱਪੜ ਦਾ ਰੂਪ ਧਾਰਨ ਕਰੀ ਰੱਖਦੇ ਦੋਵਾਂ ਬਲਾਕਾਂ ਦੀ ਵਿਚਕਾਰਲੀ ਜਗ੍ਹਾ 'ਚ ਪੰਜ ਫੁੱਟ ਭਰਤ ਪਵਾ ਕੇ ਸ਼ਾਨਦਾਰ ਪਾਰਕ ਦਾ ਨਿਰਮਾਣ ਕਰਵਾਇਆ ਗਿਆ, ਚੌਗਿਰਦੇ 'ਚ ਇੰਟਰਲਾਕਿੰਗ ਟਾਈਲ ਦਾ ਫਰਸ਼ ਲਾਉਣ, ਸਕੂਲ ਦੀਆਂ ਕੰਧਾਂ 'ਤੇ ਸਿੱਖਿਆਦਾਇਕ ਮਾਟੋ ਅਤੇ ਪੜ੍ਹਾਈ ਨਾਲ ਸਬੰਧਤ ਪੇਂਟਿੰਗਜ਼ ਤਿਆਰ ਕਰਵਾਈਆਂ ਗਈਆਂ। ਪ੍ਰਿੰਸੀਪਲ ਸਰਬਜੀਤ ਸਿੰਘ ਦੇ ਯਤਨਾਂ ਸਦਕਾ ਰਮਸਾ ਅਧੀਨ ਆਈ 7 ਲੱਖ ਦੀ ਗ੍ਰਾਂਟ ਨਾਲ ਵਰਾਂਡੇ ਸਮੇਤ ਇਕ ਕਮਰਾ ਤੇ ਛੱਤ 'ਤੇ ਜਾਣ ਲਈ ਪੌੜੀਆਂ ਦਾ ਨਿਰਮਾਣ ਕਰਵਾਇਆ ਗਿਆ। ਲੜਕੇ ਤੇ ਲੜਕੀਆਂ ਲਈ ਵੱਖਰੇ-ਵੱਖਰੇ ਬਾਥਰੂਮ ਤਿਆਰ ਕਰਵਾਏ ਗਏ। ਬੱਚਿਆਂ ਦੇ ਬੈਠਣ ਲਈ ਸਕੂਲ 'ਚ ਸਾਰਾ ਫਰਨੀਚਰ ਪੂਰਾ ਕੀਤਾ ਗਿਆ ਅਤੇ ਸਰਬਜੀਤ ਸਿੰਘ ਪ੍ਰਿੰਸੀਪਲ ਵੱਲੋਂ 40 ਬੈਚ ਆਪਣੀ ਨੇਕ ਕਮਾਈ 'ਚੋਂ ਦਿੱਤੇ ਗਏ ਹਨ। ਸਕੂਲ ਦੀ 12ਵੀਂ ਕਲਾਸ ਦੇ ਸਾਇੰਸ ਵਿੰਗ ਦੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਸਾਇੰਸ ਵਿਸ਼ੇ ਨੂੰ ਰੌਚਕ ਬਨਾਉਣ ਲਈ 42 ਇੰਚ ਦਾ ਸਮਾਰਟ ਟੀ. ਵੀ. ਦਾਨ ਕੀਤਾ ਗਿਆ।

27 ਕਮਰੇ ਹੋਏ ਸਨ ਢਹਿ-ਢੇਰੀ ਤੇ ਬਣੇ 5—
ਇਸ ਸਕੂਲ ਦੇ 6 ਸਾਲ ਪਹਿਲਾਂ ਖਸਤਾਹਾਲ 27 ਕਮਰਿਆਂ ਨੂੰ ਅਣ-ਸੁਰੱਖਿਅਤ ਘੋਸ਼ਿਤ ਕਰ ਕੇ ਢਹਿ-ਢੇਰੀ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਿਰਫ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ 5 ਕਮਰਿਆਂ ਸਮੇਤ ਵਰਾਂਡੇ ਦਾ ਨਿਰਮਾਣ ਕਰਵਾਇਆ ਹੈ। ਜਦਕਿ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਵੱਲੋਂ ਕੋਈ ਵੀ ਪੈਸਾ ਸਕੂਲ ਦੇ ਕਮਰਿਆਂ ਲਈ ਨਹੀਂ ਦਿੱਤਾ ਗਿਆ। ਜਦਕਿ ਹੁਣ ਸਰਕਾਰ ਵੱਲੋਂ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਦੇ ਦਿੱਤਾ ਗਿਆ ਹੈ। ਇੱਥੇ ਲੋੜ ਹੈ ਕਿ ਸਕੂਲ ਲਈ ਪੂਰੇ ਕਮਰਿਆਂ ਦਾ ਪ੍ਰਬੰਧ ਕੀਤਾ ਜਾਵੇ।

ਕੀ ਕਹਿੰਦੇ ਹਨ ਆਗੂ—
ਲੋਕ ਮੰਚ ਪੰਜਾਬ ਦੇ ਮੀਤ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਅਤੇ ਸਕੂਲ਼ ਦੇ ਪ੍ਰਿੰਸੀਪਲ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਜਾਵੇ। ਸਕੂਲ ਵਿਚ ਕਮਰਿਆਂ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ।

ਆਰ. ਓ.  ਸਿਸਟਮ ਲਾਇਆ—
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਵੱਲੋਂ ਮੰਗ ਕਰਨ 'ਤੇ 800 ਤੋਂ ਵੱਧ ਬੱਚਿਆਂ ਲਈ ਸਾਫ ਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਆਰ. ਓ. ਸਿਸਟਮ 'ਜਗ ਬਾਣੀ' ਦੇ ਯਤਨਾਂ ਸਦਕਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲਾਇਆ ਗਿਆ।