ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਘਿਰਾਓ ਵਿਚ 50 ਪਿੰਡਾਂ ਦੀ ਸ਼ਮੂਲੀਅਤ ਕਰਵਾਉਣ ਦਾ ਫੈਸਲਾ

07/13/2020 6:53:37 PM

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ) - ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਲਾਕਾ ਸ਼ੇਰਪੁਰ ਦੀ ਮੀਟਿੰਗ ਜੋਨਲ ਆਗੂ ਗੁਰਦੀਪ ਸਿੰਘ ਧੰਦੀਵਾਲ ਦੀ ਅਗਵਾਈ ਹੇਠ ਹੋਈ । ਇਸ ਮੀਟਿੰਗ ਵਿਚ 24 ਜੁਲਾਈ ਨੂੰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਘਿਰਾਓ ਵਿੱਚ 50 ਪਿੰਡਾਂ ਦੀ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ ਗਿਆ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । 

ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਦੀਪ ਸਿੰਘ ਧੰਦੀਵਾਲ ਅਤੇ ਚਮਕੌਰ ਸਿੰਘ ਮੂਲੋਵਾਲ ਨੇ ਦੱਸਿਆ ਕਿ ਪਿੰਡ ਘਰਾਚੋਂ ਵਿੱਚ ਦਲਿਤ ਭਾਈਚਾਰੇ ਦੀ ਪੰਚਾਇਤੀ ਜਮੀਨ ਦੇ ਮਸਲੇ ਦੇ ਹੱਲ ਅਤੇ ਫਾਇਨਾਸ ਕੰਪਨੀਆਂ ਵੱਲੋਂ ਪਿੰਡਾਂ ਅੰਦਰ ਔਰਤਾਂ ਦੀ ਕੀਤੀ ਜਾ ਰਹੀ ਲੁੱਟ ਦੇ ਖਿਲਾਫ ਇਲਾਕੇ ਵਿੱਚ ਲਾਮਬੰਦੀ ਕਰਕੇ 24 ਜੁਲਾਈ ਨੂੰ ਸੰਗਰੂਰ ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਲੋਕਾਂ ਨੂੰ ਕਰੋਨਾ ਮਹਾਮਾਰੀ ਕਾਰਨ ਹੋਏ ਲਾਕਡਾਉਨ ਦੀ ਮਾਰ ਕਾਰਨ ਬੇਰੁਜ਼ਗਾਰੀ ਤੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਸਰਕਾਰਾਂ ਇਸਦੀ ਆੜ ਹੇਠ ਲੋਕਾਂ ਦੇ ਹੱਕਾਂ ਨੂੰ ਕੁਚਲਣ ਦੇ ਰਾਹ ਪਈਆਂ ਹਨ। ਜਸਵੰਤ ਖੇੜੀ ਨੇ ਕਿਹਾ ਕਿ ਇਸ ਮਾਰ ਦਾ ਮੁਕਾਬਲਾ ਕਰਨ ਲਈ ਸੰਘਰਸ਼ ਇੱਕੋ ਇੱਕ ਰਾਹ ਹੈ ਜਿਸਤੇ ਚਲਦਿਆਂ ਫਾਇਨਾਂਸ ਕੰਪਨੀਆਂ ਤੋਂ ਲਏ ਲਾਕਡਾਊਨ ਸਮੇਤ ਸਾਰੇ ਕਰਜੇ ਮੁਆਫ਼ ਕਰਨ, ਪੰਚਾਇਤੀ ਜਮੀਨਾਂ 33 ਸਾਲਾ ਪਟੇ ਤੇ ਲੈਣ,ਮਨਰੇਗਾ ਅਤੇ ਨੀਲੇ ਕਾਰਡਾਂ ਤੇ ਰਾਸ਼ਨ ਦੇ ਮਸਲੇ ਆਦਿ ਮੰਗਾਂ ਨੂੰ ਲੈਕੇ 24 ਜੁਲਾਈ ਨੂੰ ਸੰਗਰੂਰ ਪਹੁੰਚਣ ਦਾ ਸੱਦਾ ਦਿੱਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਬਿਨਾ ਬੇਅੰਤ ਕੌਰ, ਜਰਨੈਲ ਸਿੰਘ ਜੱਗਾ ਰੰਗੀਆਂ ਬਲਦੇਵ ਸਿੰਘ ਬਲਜੀਤ ਕੌਰ ਚਰਨਜੀਤ ਕੌਰ ਗੁਰਮੇਲ ਕੌਰ ਆਦਿ ਹਾਜ਼ਰ ਸਨ।
 

Harinder Kaur

This news is Content Editor Harinder Kaur