ਇੰਸਪੈਕਟਰ ਸੁਖਦੀਪ ਸਿੰਘ ਨੇ ਥਾਣਾ ਸਿਟੀ-2 ਦਾ ਕਾਰਜਭਾਰ ਸੰਭਾਲਿਆ

09/06/2020 1:19:17 PM

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ): ਪੁਲਸ ਵਿਭਾਗ 'ਚ ਇੱਕ ਚੰਗੇ ਤੇ ਮਿਹਨਤੀ ਅਫ਼ਸਰ ਵਜੋਂ ਜਾਣੇ ਜਾਂਦੇ ਇੰਸਪੈਕਟਰ ਸੁਖਦੀਪ ਸਿੰਘ ਨੇ ਅੱਜ ਥਾਣਾ ਸਿਟੀ-2 ਵਿਖੇ ਮੁੱਖ ਅਫ਼ਸਰ ਦਾ ਕਾਰਜਭਾਰ ਸੰਭਾਲ ਲਿਆ ਹੈ। ਗੱਲਬਾਤ ਕਰਦਿਆਂ ਇੰਸਪੈਕਟਰ ਸੁਖਦੀਪ ਸਿੰਘ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਖੇਤਰ 'ਚ ਸਮਾਜ ਵਿਰੋਧੀ ਕਾਰਜ ਕਰਨ ਵਾਲਿਆਂ ਦੀ ਥਾਂ ਸਲਾਖਾਂ ਪਿੱਛੇ ਹੈ। ਇਸ ਲਈ ਕਿਸੇ ਵੀ ਕਿਸਮ ਦਾ ਨਸ਼ਾ ਨਾ ਤਾਂ ਮਾਲੇਰਕੋਟਲਾ 'ਚ ਵੇਚਣ ਦਿੱਤਾ ਜਾਵੇਗਾ ਤੇ ਨਾ ਹੀ ਬਾਹਰੋਂ ਨਸ਼ਾ ਲਿਆ ਕੇ ਵੇਚਣ ਵਾਲੇ ਹੁਣ ਪੁਲਸ ਦੀ ਗ੍ਰਿਫਤ ਤੋਂ ਬਾਹਰ ਰਹਿ ਸਕਣਗੇ।

ਉਨ੍ਹਾਂ ਕਿਹਾ ਕਿ ਸ਼ਹਿਰ ਦੀ ਅਮਨ ਸ਼ਾਂਤੀ ਭੰਗ ਕਰਨ ਵਾਲੇ ਕਿਸੇ ਵੀ ਗਲ਼ਤ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਕਿ ਉਹ ਕਿੰਨੀ ਵੀ ਉੱਚੀ ਪਹੁੰਚ ਰੱਖਣ ਵਾਲਾ ਵਿਅਕਤੀ ਹੀ ਕਿਉਂ ਨਾ ਹੋਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰੇਗਾ ਤਾਂ ਉਸ ਖਿਲ਼ਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੰਸਪੈਕਟਰ ਸੁਖਦੀਪ ਸਿੰਘ ਨੇ ਸਥਾਨਕ ਮੀਡੀਆ ਤੋਂ ਭਰਵੇਂ ਸਹਿਯੋਗ ਦੀ ਉਮੀਦ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਮਲੇਰਕੋਟਲਾ ਦੀ ਪ੍ਰੈੱਸ ਵੀ ਆਪਣੀ ਬਣਦੀ ਜਿੰਮੇਵਾਰਾਨਾ ਭੂਮਿਕਾ ਨਿਭਾਏਗੀ, ਕਿਉਂਕਿ ਪ੍ਰੈੱਸ ਅਤੇ ਲੋਕਾਂ ਦੇ ਸਹਿਯੋਗ ਤੋਂ ਬਗੈਰ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧ 'ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਬਹੁਤ ਮੁਸ਼ਕਿਲ ਹੈ। ਪ੍ਰੈੱਸ ਨੂੰ ਬਣਦਾ ਮਾਣ-ਸਨਮਾਨ ਦੇਣ ਦਾ ਪੂਰਨ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਬੁਰਾਈਆਂ 'ਤੇ ਕਾਬੂ ਪਾਉਣ ਲਈ ਪੁਲਸ ਤੇ ਪ੍ਰੈੱਸ 'ਚ ਦੋਸਤੀ ਵਾਲੇ ਸਬੰਧਾਂ ਦਾ ਹੋਣਾ ਵੀ ਅਤਿ ਜ਼ਰੂਰੀ ਹੈ। ਵਰਣਨਯੋਗ ਹੈ ਕਿ ਸੰਦੌੜ ਵਿਖੇ ਸੇਵਾਵਾਂ ਨਿਭਾ ਚੁੱਕੇ ਇੰਸਪੈਕਟਰ ਸੁਖਦੀਪ ਸਿੰਘ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਵਜੋਂ ਵੀ ਸ਼ਲਾਘਾਯੋਗ ਕੰਮ ਕਰ ਚੁੱਕੇ ਹਨ।

Shyna

This news is Content Editor Shyna