ਭਾਰਤ ਪਾਕਿਸਤਾਨ ਹੁਸੈਨੀਵਾਲਾ ਜ਼ੀਰੋ ਲਾਈਨ ਤੇ 165 ਫੁੱਟ ਉੱਚਾ ਲਹਿਰਾਇਆ ਗਿਆ ਤਿਰੰਗਾ

02/13/2021 1:53:46 PM

ਫ਼ਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਹੁਸੈਨੀਵਾਲਾ ਭਾਰਤ ਪਾਕਿਸਤਾਨ ਬਾਰਡਰ ਜ਼ੀਰੋ ਲਾਈਨ ’ਤੇ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੇ ਗਏ 165 ਫੁੱਟ ਉੱਚੇ ਤਿਰੰਗੇ ਝੰਡੇ ਦਾ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ, ਐੱਸ.ਐੱਸ.ਪੀ. ਭਾਗੀਰਥ ਮੀਨਾ, ਇੰਦਰਜੀਤ ਕੌਰ ਖੋਸਾ, ਬਿੱਟੂ ਸਾਂਘਾ ਅਤੇ ਬੀ.ਐਸ.ਐਫ. ਦੇ ਅਧਿਕਾਰੀਆਂ ਵੱਲੋਂ ਉਦਘਾਟਨ ਕੀਤਾ ਗਿਆ। ਬੀ.ਐਸ.ਐਫ. ਦੇ ਜਵਾਨਾਂ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ।  ਇਸ ਮੌਕੇ ਤੇ ਫਿਰੋਜ਼ਪੁਰ ਦੇ ਸੀਨੀਅਰ ਸਿਟੀਜ਼ਨ, ਵੱਖ-ਵੱਖ ਸੰਗਠਨਾਂ ਦੇ ਅਹੁਦੇਦਾਰ, ਸਕੂਲੀ ਬੱਚੇ ਅਤੇ ਫਿਰੋਜ਼ਪੁਰ ਦੇ ਮੋਹਤਬਰ ਲੋਕ ਮੌਜੂਦ ਸਨ।

ਇਸ ਮੌਕੇ ’ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਸਰਦਾਰ ਪਰਮਿੰਦਰ ਸਿੰਘ ਪਿੰਕੀ ਦੀਆਂ ਕੋਸ਼ਿਸ਼ਾਂ ਨਾਲ ਪੰਜਾਬ ਸਰਕਾਰ ਵੱਲੋਂ ਪਾਕਿਸਤਾਨੀ ਝੰਡੇ ਤੋਂ ਉੱਚਾ ਰਾਸ਼ਟਰੀ ਤਿਰੰਗਾ ਭਾਰਤੀ ਝੰਡਾ ਲਗਾਇਆ ਗਿਆ ਹੈ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਕਿਹਾ ਕਿ ਇਹ ਤਿਰੰਗਾ ਸੈਲਾਨੀਆਂ ਵਿੱਚ ਆਕਰਸ਼ਣ ਦਾ ਕੇਂਦਰ ਰਹੇਗਾ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵੱਲੋਂ ਜ਼ੀਰੋ ਲਾਈਨ ਤੇ 140 ਫੁੱਟ ਉੱਚਾ ਝੰਡਾ ਲਗਾਇਆ ਗਿਆ ਹੈ, ਜਦਕਿ ਕੈਪਟਨ ਸਰਕਾਰ ਨੇ ਉਸ ਤੋਂ ਵੀ ਉੱਚਾ 165 ਉੱਚਾ ਝੰਡਾ ਲਗਾ ਕੇ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਇਸ ਮੌਕੇ ਬੱਚਿਆਂ ਨੇ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ।

ਸਕੂਲੀ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਦੇ ਲਈ ਇਹ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਸਾਡੇ ਵਿਧਾਇਕ ਪਿੰਕੀ ਵੱਲੋਂ ਵਿਸ਼ੇਸ਼ ਦਿਲਚਸਪੀ ਲੈਂਦੇ ਹੋਏ ਜ਼ੀਰੋ ਲਾਈਨ ਤੇ ਇੰਨਾ ਉੱਚਾ ਝੰਡਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਤਿਰੰਗਾ ਕਸੂਰ ਤੱਕ ਦਿਖਾਈ ਦੇਵੇਗਾ ਤੇ ਉਹ ਪੰਜਾਬ ਸਰਕਾਰ ਅਤੇ ਵਿਧਾਇਕ ਪਿੰਕੀ ਦੇ ਦੇਸ਼ ਭਗਤੀ ਦੇ ਜਜ਼ਬੇ ਨੂੰ ਸਲਾਮ ਕਰਦੇ ਹਨ। ਸ੍ਰੀਮਤੀ ਇੰਦਰਜੀਤ ਕੌਰ ਖੋਸਾ ਨੇ ਦੱਸਿਆ ਕਿ ਸਾਡੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਜਿਹੇ ਦੇਸ਼ ਭਗਤੀ ਦੇ ਕੰਮ ਕਰਕੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰ ਰਹੇ ਹਨ ਅਤੇ ਜ਼ੀਰੋ ਲਾਈਨ ਤੇ ਲਗਾਇਆ ਗਿਆ ਇਹ 165 ਫੁੱਟ ਉੱਚਾ ਤਿਰੰਗਾ ਝੰਡਾ ਸਮੁੱਚੇ ਫਿਰੋਜ਼ਪੁਰ ਦੇ ਲਈ ਬਹੁਤ ਵੱਡੀ ਮਾਣ ਦੀ  ਗੱਲ ਹੈ। 

Shyna

This news is Content Editor Shyna