ਤਨਖਾਹ ਨਾ ਮਿਲਣ ’ਤੇ ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ ਲਾਇਆ ਧਰਨਾ

02/18/2020 8:53:27 PM

ਬਠਿੰਡਾ, (ਸੁਖਵਿੰਦਰ)- ਤਨਖਾਹ ਸਮੇਂ ’ਤੇ ਨਾ ਮਿਲਣ ਦੇ ਵਿਰੋਧ ’ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕੰਟਰੈਕਟ ਵਰਕਰਜ਼ ਨੇ ਪਰਿਵਾਰਾਂ ਸਮੇਤ ਕਾਰਜਕਾਰੀ ਇੰਜੀਨੀਅਰ ਮੰਡਲ-1 ਦੇ ਦਫ਼ਤਰ ਮੂਹਰੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁਲਾਜ਼ਮਾਂ ਨੇ ਅਧਿਕਾਰੀਆਂ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਕੇ ਗੁੱਸਾ ਕੱਢਿਆ। ਇਸ ਮੌਕੇ ਜ਼ਿਲਾ ਪ੍ਰਧਾਨ ਸੰਦੀਪ ਖਾਂ ਬਾਲਿਆਂਵਾਲੀ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਨੂੰ ਸਮੇਂ ’ਤੇ ਤਨਖਾਹ ਨਾ ਮਿਲਣ ਕਰ ਕੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪੱਤਰ ਜਾਰੀ ਕਰ ਕੇ ਹਰ ਮਹੀਨੇ ਦੀ 7 ਤਾਰੀਖ ਤੱਕ ਤਨਖਾਹ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ ਪਰ ਲੋਕਲ ਪੱਧਰ ਦੇ ਅਧਿਕਾਰੀ ਉਕਤ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਵੀ ਮੰਗ-ਪੱਤਰ ਸੌਂਪਿਆ ਜਾ ਚੁੱਕਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਤਨਖਾਹ ਮਹੀਨੇ ਦੀ 7 ਤਾਰੀਖ ਤੱਕ ਜਾਰੀ ਕੀਤੀ ਜਾਵੇ, ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤਨਖਾਹ ਸਮੇਂ ’ਤੇ ਨਾ ਦਿੱਤੀ ਗਈ ਤਾਂ ਮੁਲਾਜ਼ਮ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਪ੍ਰੈੱਸ ਸਕੱਤਰ ਕੁਲਵੰਤ ਸਿੰਘ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

Bharat Thapa

This news is Content Editor Bharat Thapa