1 ਸਾਲ ''ਚ ਚੋਰੀ ਅਤੇ ਲੁੱਟ-ਖੋਹ ਦੀਆਂ 40 ਵਾਰਦਾਤਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼

09/17/2019 12:21:56 AM

ਲੁਧਿਆਣਾ (ਰਿਸ਼ੀ)-ਘਰ ਦਾ ਖਰਚਾ ਚਲਾਉਣ ਲਈ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗੈਂਗ ਦਾ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਗੈਂਗ ਦੇ 5 ਮੈਂਬਰਾਂ ਨੂੰ ਦਬੋਚ ਕੇ 4 ਐਕਟਿਵਾ, 3 ਮੋਟਰਸਾਈਕਲ, 2 ਦਾਤਰ ਬਰਮਾਦ ਕੀਤੇ ਹਨ। ਪੁਲਸ ਦਾ ਦਾਅਵਾ ਹੈ ਕਿ ਇਸ ਗੈਂਗ ਵੱਲੋਂ 1 ਸਾਲ 'ਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਚੋਰੀ ਦੀਆਂ 40 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਉਪਰੋਕਤ ਜਾਣਕਾਰੀ ਸੋਮਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਏ. ਸੀ. ਪੀ. ਸਿਵਲ ਲਾਈਨ ਜਤਿੰਦਰ ਕੁਮਾਰ ਅਤੇ ਐੱਸ. ਐੱਚ. ਓ. ਐੱਸ. ਆਈ. ਰਿਚਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਿਮਲਾਪੁਰੀ ਦੇ ਰਹਿਣ ਵਾਲੇ ਸੁਖਬੀਰ ਸਿੰਘ, ਰਾਮ ਈਸ਼ਵਰ ਸਿੰਘ, ਕਨ੍ਹੱਈਆ ਕੁਮਾਰ, ਰਵਿੰਦਰ ਕੁਮਾਰ ਅਤੇ ਪਿੰਡ ਲੋਹਾਰਾ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਵਜੋਂ ਹੋਈ ਹੈ। ਸਾਰਿਆਂ ਦੀ ਉਮਰ 30 ਤੋਂ 40 ਦੇ ਵਿਚਕਾਰ ਅਤੇ ਵਿਆਹੇ ਹੋਏ ਹਨ। ਘਰ ਦਾ ਖਰਚਾ ਚਲਾਉਣ ਲਈ ਪੈਸੇ ਨਾ ਹੋਣ 'ਤੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਲੱਗ ਪਏ। ਪੁਲਸ ਦੇ ਅਨੁਸਾਰ ਰਵਿੰਦਰ ਦੇ ਖਿਲਾਫ ਥਾਣਾ ਡਾਬਾ 'ਚ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ ਹੈ। ਪੁਲਸ ਨੇ ਇਨ੍ਹਾਂ ਨੂੰ ਰੇਲਵੇ ਸ਼ੈੱਡ ਦੇ ਨੇੜਿਓਂ ਦਬੋਚਿਆ ਹੈ ਅਤੇ ਅਦਾਲਤ 'ਚ ਪੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ। ਪੁਲਸ ਅਨੁਸਾਰ ਗੈਂਗ ਦੇ ਫੜੇ ਜਾਣ ਤੋਂ ਬਾਅਦ ਡਵੀਜ਼ਨ ਨੰ. 5 ਦੇ ਇਲਾਕੇ 'ਚ ਹੋਈ ਚੋਰੀ ਦੀਆਂ 4 ਵਾਰਦਾਤਾਂ ਹੱਲ ਹੋਈਆਂ ਹਨ ਅਤੇ ਲੁੱਟ-ਖੋਹ ਦੀਆਂ ਹੋਰ ਵੀ ਕਈ ਵਾਰਦਾਤਾਂ ਹੱਲ ਹੋਣ ਦਾ ਅਨੁਮਾਨ ਹੈ।

Karan Kumar

This news is Content Editor Karan Kumar