ਮਾਮਲਾ ਨਾਜਾਇਜ਼ ਮਾਈਨਿੰਗ ਦਾ : ਇੱਟ ਭੱਠਿਆਂ ਦੇ ਮਾਲਕ ਉਡਾ ਰਹੇ ਨੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ

05/08/2021 6:01:41 PM

ਗੁਰੂਹਰਸਹਾਏ (ਮਨਜੀਤ)-ਕੈਪਟਨ ਸਰਕਾਰ ਨੇ ਸੱਤਾ ਹਥਿਆਉਣ ਲਈ ਵੱਡੇ-ਵੱਡੇ ਦਾਅਵੇ ਕੀਤੇ ਸਨ, ਜਿਨ੍ਹਾਂ ’ਚ ਨਸ਼ਿਆਂ ਦਾ 4 ਹਫ਼ਤਿਆਂ ’ਚ ਲੱਕ ਤੋੜਨਾ ਤੇ ਨਾਜਾਇਜ਼ ਮਾਈਨਿੰਗ ਬੰਦ ਕਰਨਾ ਆਦਿ ਸ਼ਾਮਲ ਸੀ ਪਰ ਸਰਕਾਰ ਬਣਦੇ ਸਾਰ ਹੀ ਇਸ ਦਾ ਖ਼ੁਦ ਦਾ ਮੰਤਰੀ ਕਥਿਤ ਰੂਪ ’ਚ ਨਾਜਾਇਜ਼ ਮਾਈਨਿੰਗ ਅਧੀਨ ਆਪਣੀ ਸਰਕਾਰ ਤੋਂ ਬਰਖ਼ਾਸਤ ਹੋ ਗਿਆ ਪਰ ਇਹ ਧੰਦਾ ਅੱਜ ਵੀ ਜਾਰੀ ਹੈ। ਆਲਮ ਇਹ ਹੈ ਕਿ ਹਲਕਾ ਗੁਰੂਹਰਸਹਾਏ ਦੇ ਐੱਫ. ਐੱਫ. ਰੋਡ ’ਤੇ ਗੋਲੂ ਕਾ ਮੋੜ ਤੋਂ ਗੁਰੂਹਰਸਹਾਏ ਰੋਡ ’ਤੇ ਲੱਗੇ ਇੱਟ ਭੱਠੇ ਕਥਿਤ ਤੌਰ ’ਤੇ ਨਾਜਾਇਜ਼ ਮਾਈਨਿੰਗ ਕਰ ਕੇ ਇੱਥੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜ਼ਮੀਨ ਨੂੰ ਜ਼ਿਆਦਾ ਡੂੰਘਾ ਪੁੱਟਿਆ ਨਹੀਂ ਜਾ ਸਕਦਾ।

ਇਨ੍ਹਾਂ ਇੱਟ ਭੱਠਿਆਂ ਦੇ ਮਾਲਕਾਂ ਵੱਲੋਂ ਜੇ. ਸੀ. ਬੀ. ਮਸ਼ੀਨਾਂ ਦੇ ਸਹਾਰੇ ਭੱਠਿਆਂ ਲਈ ਡੂੰਘੀ ਮਿੱਟੀ ਪੁੱਟ ਕੇ ਟਰੈਕਟਰ-ਟਰਾਲੀਆਂ ਰਾਹੀਂ ਸ਼ਰੇਆਮ ਲਿਆ ਕੇ ਆਪਣੇ ਭੱਠਿਆਂ ’ਚ ਸਟੋਰ ਕਰ ਕੇ ਵੱਡੇ-ਵੱਡੇ ਟਿੱਬੇ ਬਣਾਏ ਜਾ ਰਹੇ ਹਨ। ਮੇਨ ਸੜਕਾਂ ’ਤੇ ਬਿਨਾਂ ਤਰਪਾਲ ਦੇ ਟਰੈਕਟਰ ਟਰਾਲੀਆਂ ਕਾਰਨ ਉੱਡਦੀ ਮਿੱਟੀ ਵਾਹਨ ਚਾਲਕਾਂ ਲਈ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਇਨ੍ਹਾਂ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਮਾਈਨਿੰਗ ਵਿਭਾਗ ਦੇ ਅਧਿਕਾਰੀ ਚੁੱਪ ਧਾਰੀ ਬੈਠੇ ਹਨ।

ਦੱਸਣਯੋਗ ਹੈ ਕੇ ਬੀਤੇ ਦਿਨੀਂ ਇੱਕ ਇਕ ਭੱਠੇ ’ਤੇ ਸਟੋਰ ਕੀਤੀ ਜਾ ਰਹੀ ਮਿੱਟੀ ਦੌਰਾਨ ਇੱਕ ਮਜ਼ਦੂਰ ਨੂੰ ਉੱਪਰੋਂ ਲੰਘਦੀ ਬਿਜਲੀ ਦੀ ਤਾਰ ਦਾ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਤੋਂ ਬਾਅਦ ਥਾਣਾ ਅਮੀਰ ਖ਼ਾਸ ਦੀ ਪੁਲਸ ਵੱਲੋਂ ਮਾਮਲਾ ਭਾਵੇਂ ਠੰਡੇ ਬਸਤੇ ’ਚ ਪਾ ਕੇ ਧਾਰਾ 174 ਦੀ ਕਾਰਵਾਈ ਕੀਤੀ ਗਈ, ਉਸ ’ਤੇ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ ।

ਟ੍ਰੈਫਿਕ ਵਿਭਾਗ ਕਿਉਂ ਹੈ ਚੁੱਪ 
ਜਦੋਂ ਸ਼ਰੇਆਮ ਰੋਡ ’ਤੇ ਬਿਨਾਂ ਤਰਪਾਲਾਂ ਦੇ ਮਿੱਟੀ ਦੀਆਂ ਨਾਜਾਇਜ਼ ਟਰਾਲੀਆਂ ਸਬੰਧੀ ਟ੍ਰੈਫਿਕ ਇੰਚਾਰਜ ਬਲਵਿੰਦਰ ਸਿੰਘ ਘਾਂਗਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਸਾਡੇ ਧਿਆਨ ’ਚ ਇਹ ਗੱਲ ਆਈ ਹੈ, ਇਸ ’ਤੇ ਕਾਰਵਾਈ ਅਮਲ ਲਿਆਂਦੀ ਜਾਵੇਗੀ ।

ਕੀ ਕਹਿੰਦੇ ਹਨ ਮਾਈਨਿੰਗ ਵਿਭਾਗ ਦੇ ਬਲਾਕ ਅਧਿਕਾਰੀ 
ਮਿੱਟੀ ਦੀ ਕੀਤੀ ਜਾ ਰਹੀ ਮਾਈਨਿੰਗ ਅਤੇ ਖੁੱਲ੍ਹੇਆਮ ਟਰੈਕਟਰ-ਟਰਾਲੀਆਂ ’ਤੇ ਢੋਈ ਜਾ ਰਹੀ ਮਿੱਟੀ ਸਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਬਲਾਕ ਅਫ਼ਸਰ ਸਰਬਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਕਾਰਵਾਈ ਕਰਾਂਗਾ, ਜਦਕਿ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਨਾਲ ਦੇ ਖੇਤ ਵਾਲਾ ਜ਼ਮੀਨ ਮਾਲਕ ਰਜ਼ਾਮੰਦ ਹੋਵੇਗਾ ਤਾਂ ਹੀ ਮਿੱਟੀ ਚੁੱਕੀ ਜਾ ਸਕਦੀ ਹੈ, ਜਦਕਿ ਵੱਡੀ ਤਾਦਾਦ ’ਚ ਹਰ ਪਿੰਡ ’ਚ ਜੇ. ਸੀ. ਬੀ. ਮਸ਼ੀਨ ਰਾਹੀਂ ਮਿੱਟੀ ਖੇਤਾਂ ’ਚੋਂ ਚੁੱਕੀ ਜਾ ਰਹੀ ਹੈ, ਜੋ ਕਾਨੂੰਨ ਅਨੁਸਾਰ ਗ਼ਲਤ ਹੈ ਤਾਂ ਉਹ ਵੀ ਸਪੱਸ਼ਟ ਜਵਾਬ ਨਹੀਂ ਦੇ ਸਕੇ। ਹੁਣ ਦੇਖਦੇ ਹਾਂ ਕਿ ਮਹਿਕਮਾ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ।

Manoj

This news is Content Editor Manoj