ਜੇ ਪੁਲਸ ਪ੍ਰਸ਼ਾਸਨ ਨੇ ਮੇਰੇ ਪਤੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਬੱਚਿਆਂ ਸਣੇ ਕਰਾਂਗੀ ਖ਼ੁਦਕੁਸ਼ੀ  : ਦਲਜੀਤ ਕੌਰ

09/14/2021 4:15:46 PM

ਫ਼ਰੀਦਕੋਟ (ਰਾਜਨ)-ਬੀਤੀ 17 ਅਗਸਤ ਨੂੰ ਜ਼ਿਲ੍ਹੇ ਦੇ ਪਿੰਡ ਵਾੜਾ ਦੜਾਕਾ ਕੋਲ ਹੋਏ ਕਾਤਿਲਾਨਾ ਹਮਲੇ ’ਚ ਮਾਰੇ ਗਏ ਨਵਜੋਤ ਸਿੰਘ ਬਰਾੜ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਦੇ ਦਫਤਰ ਦੇ ਬਾਹਰ ਸੰਕੇਤਕ ਧਰਨਾ ਦੇ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਇਸ ਮੌਕੇ ਮ੍ਰਿਤਕ ਨਵਜੋਤ ਸਿੰਘ ਬਰਾੜ ਦੀ ਪਤਨੀ ਦਲਜੀਤ ਕੌਰ ਨੇ ਮੰਗ ਕੀਤੀ ਕਿ ਪੁਲਸ ਕਾਤਲਾਂ ਨੂੰ ਜਲਦ ਗਿ੍ਫ਼ਤਾਰ ਕਰ ਕੇ ਉਸ ਨੂੰ ਨਿਆਂ ਦੇਵੇ, ਨਹੀਂ ਤਾਂ ਉਹ ਅਗਲੀ ਵਾਰ ਆਪਣੇ ਬੱਚਿਆਂ ਸਮੇਤ ਪੁਲਸ ਮੁਖੀ ਦੇ ਦਫਤਰ ਦੇ ਬਾਹਰ ਖ਼ੁਦਕੁਸ਼ੀ ਕਰ ਲਵੇਗੀ। ਉਸ ਨੇ ਕਿਹਾ ਕਿ ਜੇਕਰ ਪੁਲਸ ਨਾਮੀ ਗੈਂਗਸਟਰਾਂ ਨੂੰ ਕਾਬੂ ਕਰ ਸਕਦੀ ਹੈ ਤਾਂ ਉਸ ਦੇ ਪਤੀ ਦੇ ਕਾਤਲ, ਜੋ ਪੰਜਾਬ ’ਚ ਹੀ ਘੁੰਮ ਰਹੇ ਹਨ, ਨੂੰ ਗਿ੍ਫ਼ਤਾਰ ਕਿਉਂ ਨਹੀਂ ਕਰ ਰਹੀ। ਉਸ ਨੇ ਕਥਿਤ ਦੋਸ਼ੀਆਂ ਦੇ ਨਾਂ ਲੈ ਕੇ ਦੋਸ਼ ਲਾਇਆ ਕਿ ਉਸ ਦੇ ਪਤੀ ਦਾ ਕਤਲ ਪੂਰੀ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ : ਚਿੱਤੇਆਣੀ ਪਿੰਡ ਦੇ ਕਤਲ ਕੀਤੇ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ

ਦਲਜੀਤ ਕੌਰ ਨੇ ਕਿਹਾ ਕਿ ਉਹ ਇਨਸਾਫ਼ ਮੰਗਣ ਲਈ ਪਹਿਲਾਂ ਵੀ ਦੋ ਵਾਰ ਫ਼ਰੀਦਕੋਟ ਦੇ ਐੱਸ. ਐੱਸ. ਪੀ. ਨੂੰ ਮਿਲ ਚੁੱਕੇ ਹਨ, ਜਿਸ ’ਤੇ ਪੁਲਸ ਮੁਖੀ ਵੱਲੋਂ ਕਾਰਵਾਈ ਕਰਨ ਲਈ 3 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ ਪਰ ਦੁੱਖ ਦੀ ਗੱਲ ਹੈ ਕਿ 10 ਦਿਨ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਮੌਕੇ ਮ੍ਰਿਤਕ ਦੀ ਪਤਨੀ ਨਾਲ ਆਏ ਇੱਕ ਹੋਰ ਸਮਰਥਕ ਨੇ ਕਿਹਾ ਕਿ ਇਨਸਾਫ਼ ਪ੍ਰਾਪਤੀ ਲਈ ਉਹ ਹੋਰ ਜਥੇਬੰਦੀਆਂ ਨੂੰ ਲੈ ਕੇ ਪੱਕਾ ਧਰਨਾ ਦੇਣ ਤੋਂ ਵੀ ਗੁਰੇਜ ਨਹੀਂ ਕਰਨਗੇ, ਜਿਸ ’ਚ ਹੋਰ ਜਥੇਬੰਦੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਨੂੰ ਇਸ ਪਰਿਵਾਰ ਦੀ ਹਿਫ਼ਾਜ਼ਤ ਯਕੀਨੀ ਬਣਾਉਣੀ ਚਾਹੀਦੀ ਹੈ ਕਿਉਂਕਿ ਮ੍ਰਿਤਕ ਨਵਜੋਤ ਸਿੰਘ ਬਰਾੜ ਦੇ ਪਰਿਵਾਰ ਨੂੰ ਰਾਜ਼ੀਨਾਮਾ ਕਰਨ ਲਈ ਧਮਕੀਆਂ ਮਿਲ ਰਹੀਆਂ ਹਨ।

ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਆ ਦੇਣ ਦੀ ਮੰਗ ਕਰਦਿਆਂ ਦੋਸ਼ ਲਗਾਇਆ ਕਿ ਕਾਤਲਾਂ ਨੂੰ ਸੱਤਾਧਾਰੀ ਕਾਂਗਰਸ ਪਾਰਟੀ ਬਚਾਉਣਾ ਚਾਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਤੱਕ ਪੂਰੀ ਪਹੁੰਚ ਹੈ। ਦੱਸਣਯੋਗ ਹੈ ਕਿ ਬੀਤੀ 17 ਅਗਸਤ ਨੂੰ ਨਵਜੋਤ ਸਿੰਘ ਬਰਾੜ ਵਾਸੀ ਸ੍ਰੀ ਮੁਕਤਸਰ ਸਾਹਿਬ ਜਿਸ ਵੇਲੇ ਆਪਣੀ ਕਾਰ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਜ਼ਿਲ੍ਹੇ ਦੇ ਪਿੰਡ ਵਾੜਾ ਦੜਾਕਾ ਪੁੱਜਣ ’ਤੇ ਇਸ ਦਾ ਪਿੱਛਾ ਕਰਦੇ ਆ ਰਹੇ ਦੋ ਕਾਰਾਂ ’ਤੇ ਸਵਾਰ ਕੁਝ ਵਿਅਕਤੀਆਂ ਵੱਲੋਂ ਇਸ ਦੀ ਕਾਰ ਨੂੰ ਘੇਰ ਕੇ ਇਸ ’ਤੇ ਜਾਨਲੇਵਾ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। 
 

Manoj

This news is Content Editor Manoj