ਸਤਿਕਾਰ ਕੌਰ ਦੀ ਟਿਕਟ ਕੱਟੇ ਜਾਣ ’ਤੇ ਨਿਰਾਸ਼ ਪਤੀ ਨੇ ਕਾਂਗਰਸ ਹਾਈਕਮਾਨ ਨੂੰ ਕੀਤੀ ਇਹ ਅਪੀਲ

01/27/2022 12:10:11 PM

ਫਿਰੋਜ਼ਪੁਰ (ਕੁਮਾਰ) :  ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦੀ ਕਾਂਗਰਸੀ ਵਿਧਾਇਕਾ ਸ੍ਰੀਮਤੀ ਸਤਿਕਾਰ ਕੌਰ ਦੀ ਟਿਕਟ ਕੱਟੇ ਜਾਣ ਤੋਂ ਵਿਧਾਇਕਾ ਦੇ ਪਤੀ ਜਸਮੇਲ ਸਿੰਘ ਲਾਡੀ ਬਹੁਤ ਨਿਰਾਸ਼ ਹਨ। ਉਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਵਿਧਾਨ ਸਭਾ ਹਲਕਾ ਦਿਹਾਤੀ ਤੋਂ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦੀ ਪਤਨੀ ਸਤਿਕਾਰ ਕੌਰ ਨੂੰ ਟਿਕਟ ਨਹੀਂ ਦਿੱਤੀ ਅਤੇ ਉਨ੍ਹਾਂ ਦੀ ਟਿਕਟ ਕੱਟ ਕੇ ਆਸ਼ੂ ਬੰਗੜ ਨੂੰ ਟਿਕਟ ਦੇ ਦਿੱਤੀ ਗਈ ਹੈ ਤਾਂ ਵਿਧਾਇਕਾ ਦੇ ਪਤੀ ਲਾਡੀ ਗਹਿਰੀ ਫੁੱਟ -ਫੁੱਟ ਕੇ ਰੋ ਪਏ। ਆਸ਼ੂ ਬੰਗੜ ਉਹ ਨੇਤਾ ਹੈ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਫਿਰੋਜ਼ਪੁਰ ਦਿਹਾਤੀ ਤੋਂ ਟਿਕਟ ਦਿੱਤੀ ਸੀ, ਪਰ ਉਹ ਪੱਤਰਕਾਰ ਸੰਮੇਲਨ ਕਰਕੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਨੂੰ ਕਾਂਗਰਸ ’ਚ ਸ਼ਾਮਲ ਕਰਦੇ ਹੋਏ ਇਸੇ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਦਾ ਐਲਾਨ ਕੀਤਾ ਸੀ। ਫੁੱਟ ਫੁੱਟ ਕੇ ਰੋਂਦੇ ਲਾਡੀ ਗਹਿਰੀ ਨੇ ਆਪਣੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਬੁਲਾਈ ਅਤੇ ਰੋਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਬਹੁਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਸੀ।

ਸਖ਼ਤ ਮਿਹਨਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਸਤਿਕਾਰ ਕੌਰ ਗਹਿਰੀ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਵਿੱਚ ਹਲਕੇ ਤੋਂ ਕਾਂਗਰਸੀ ਵਿਧਾਇਕ ਬਣੇ ਸਨ। ਲਾਡੀ ਗਹਿਰੀ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਉਸ ’ਤੇ ਤਰਸ ਕਰਨਾ ਚਾਹੀਦਾ ਹੈ। ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਹਾਈਕਮਾਂਡ ਇਕ ਵਾਰ ਫਿਰ ਆਪਣੇ ਫੈਸਲੇ ’ਤੇ ਵਿਚਾਰ ਕਰੇ ਅਤੇ ਸਤਿਕਾਰ ਕੌਰ ਨੂੰ ਫਿਰੋਜ਼ਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦਿੱਤੀ ਜਾਵੇ।  ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਸਤਿਕਾਰ ਕੌਰ ਇਸ ਵਾਰ ਕਿਸੇ ਹੋਰ ਪਾਰਟੀ ਤੋਂ ਚੋਣ ਲੜਨਗੇ ਜਾਂ ਆਜ਼ਾਦ ਉਮੀਦਵਾਰ ਵਜੋਂ?  ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕੁਝ ਨਹੀਂ ਕਹਿ ਸਕਦੇ ਅਤੇ ਫਿਲਹਾਲ ਉਨ੍ਹਾਂ ਦੀ ਕਾਂਗਰਸ ਹਾਈਕਮਾਂਡ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਵਿੱਖ ਸਬੰਧੀ ਹਰ ਫੈਸਲਾ ਦਿਹਾਤੀ ਵਿਧਾਨ ਸਭਾ ਹਲਕੇ ਦੀ ਸੰਗਤ ਤੇ ਉਨ੍ਹਾਂ ਦੇ ਸਮਰਥਕ ਹੀ ਕਰਨਗੇ ਅਤੇ ਉਨ੍ਹਾਂ ਦੇ ਸਮਰਥਕ ਜੋ ਵੀ ਫੈਸਲਾ ਲੈਣਗੇ, ਪਤੀ-ਪਤਨੀ ਦੋਵੇਂ ਉਸ ਫੈਸਲੇ ਨੂੰ ਮੰਨਣ ਦੇ ਪਾਬੰਦ ਹੋਣਗੇ। ਕੁਝ ਵਰਕਰਾਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਵਿੱਚ ਹੀ ਰਹਿਣਗੇ, ਪਰ ਕਾਂਗਰਸ ਦੇ ਐਲਾਨੇ ਉਮੀਦਵਾਰ ਨੂੰ ਵੋਟ ਆਪਣਾ ਨਹੀਂ ਪਾਉਣਗੇ।

ਹਾਈਕਮਾਨ ਦਾ ਫੈਸਲਾ ਸਿਰ ਮੱਥੇ - ਸਤਕਾਰ ਕੌਰ


ਦੂਜੇ ਪਾਸੇ ਵਿਧਾਇਕਾ ਸਤਿਕਾਰ ਕੌਰ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦਾ ਫੈਸਲਾ ਸਿਰ ਮੱਥੇ। ਉਨ੍ਹਾਂ ਕਿਹਾ ਕਿ ਉਹ ਦੁਖੀ ਤਾਂ ਹੈ, ਪਰ ਹਾਈਕਮਾਂਡ ਦੇ ਫੈਸਲੇ ਦਾ ਸਵਾਗਤ ਕਰਦੀ ਹੈ ਅਤੇ ਬੇਸ਼ੱਕ ਉਨ੍ਹਾਂ ਨੂੰ ਕਾਂਗਰਸ ਦੀ ਟਿਕਟ ਨਹੀਂ ਮਿਲੀ, ਪਰ ਉਹ ਪਹਿਲਾਂ ਦੀ ਤਰ੍ਹਾਂ ਆਪਣੇ ਭਾਈਚਾਰੇ ਦੇ ਲੋਕਾਂ ਦੀ ਸੇਵਾ ਕਰਦੀ ਰਹੇਗੀ ਅਤੇ ਹਲਕੇ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਹਲਕੇ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦੇ ਰਹਿਣਗੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਾ ਤਾਂ ਉਹ ਕਿਸੇ ਹੋਰ ਪਾਰਟੀ ਵਿੱਚ ਜਾਵੇਗੀ ਅਤੇ ਨਾ ਹੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗੀ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਹਾਈਕਮਾਂਡ ਵੱਲੋਂ ਐਲਾਨੇ ਕਾਂਗਰਸੀ ਉਮੀਦਵਾਰ ਦੀ ਮਦਦ ਨਹੀਂ ਕਰਨਗੇ।

Anuradha

This news is Content Editor Anuradha