ਭਿਆਨਕ ਸੜਕ ਹਾਦਸੇ ’ਚ ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

04/09/2021 11:44:59 AM

ਧਰਮਕੋਟ (ਸਤੀਸ਼) : ਅੱਜ ਤੜਕਸਾਰ ਸਥਾਨਕ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਪਤੀ ਦੀ ਮੌਤ ਅਤੇ ਪਤਨੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਤਕਰੀਬਨ 8 ਵਜੇ ਮਲਕੀਤ ਸਿੰਘ ਪੁੱਤਰ ਸੁੱਚਾ ਸਿੰਘ ਨਿਵਾਸੀ ਧਰਮਕੋਟ, ਜੋ ਮੋਟਰਸਾਈਕਲ ’ਤੇ ਆਪਣੀ ਪਤਨੀ ਨੂੰ ਰੋਜ਼ਾਨਾ ਵਾਂਗ ਬੱਸ ਅੱਡੇ ’ਤੇ ਛੱਡਣ ਜਾ ਰਿਹਾ ਸੀ, ਦੀ ਇਕ ਵੱਡੇ ਘੋੜਾ ਟਰਾਲੇ ਦੀ ਲਪੇਟ ’ਚ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਐਂਬੂਲੈਂਸ ਰਾਹੀਂ ਡਾਕਟਰੀ ਸਹਾਇਤਾ ਲਈ ਪਹੁੰਚਾਇਆ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਧਰਮਕੋਟ ਗੁਲਜਿੰਦਰ ਸਿੰਘ ਸੇਖੋਂ ਘਟਨਾ ਵਾਲੀ ਥਾਂ ’ਤੇ ਪਹੁੰਚੇ। ਇਸ ਮੌਕੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਘੋੜਾ ਟਰਾਲੇ ਵੱਲੋਂ ਗਲਤ ਦਿਸ਼ਾ ਤੋਂ ਆਉਣ ਕਾਰਨ ਵਾਪਰਿਆ ਹੈ।

Anuradha

This news is Content Editor Anuradha