ਮਨੁੱਖ ਰਿਸ਼ਤਿਆਂ ਅਤੇ ਮੋਹ-ਪਿਆਰ ਨੂੰ ਤੱਜ ਕੇ ਆਪਣਿਆਂ ਦੇ ਹੀ ਖ਼ੂਨ ਦਾ ਹੋ ਗਿਆ ਪਿਆਸਾ, ਨਿੱਤ ਰੋਜ਼ ਕਤਲੋਗਾਰਤ

11/26/2023 1:30:50 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)- ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਵਿਸ਼ਵਾਸ ਤੇ ਪਿਆਰ ਦਾ ਹੋਣਾ ਜ਼ਰੂਰੀ ਹੈ। ਜੋ ਮੁਸੀਬਤ ਸਮੇਂ ਵੀ ਨਾਲ ਖੜ੍ਹਦਾ ਹੈ, ਉਹੀ ਅਸਲ ਰਿਸ਼ਤਾ ਹੁੰਦਾ ਹੈ। ਖ਼ੁਦਗਰਜ਼ੀ ਦਾ ਸ਼ਿਕਾਰ ਵਿਅਕਤੀ ਕਿਸੇ ਨਾਲ ਕੋਈ ਹਮਦਰਦੀ ਵੀ ਨਹੀਂ ਰੱਖਦਾ ਤੇ ਸਿਰਫ਼ ਉਨ੍ਹਾਂ ਨਾਲ ਹੀ ਮੇਲ-ਜੋਲ ਵਧਾਇਆ ਜਾਂਦਾ ਹੈ,ਜਿਨ੍ਹਾਂ ਕੋਲ ਪੈਸਾ, ਸ਼ੌਹਰਤ ਜਾਂ ਕੋਈ ਰਾਜਨੀਤਕ ਪਹੁੰਚ ਹੋਵੇ। ਅੱਜ-ਕੱਲ ਇਹ ਰਿਸ਼ਤੇ ਸਿਰਫ ਨਾਂ ਦੇ ਰਹਿ ਗਏ ਹਨ।

ਰਿਸ਼ਤੇ ਦੀ ਹੋਂਦ ਮਨੁੱਖੀ ਜੀਵਨ ’ਤੇ ਹੀ ਟਿਕੀ ਹੋਈ ਹੈ। ਜੇਕਰ ਉਹ ਇਨ੍ਹਾਂ ਨੂੰ ਨਿਭਾਵੇਗਾ ਤਾਂ ਇਹ ਚਿਰ ਸਥਾਈ ਕਾਇਮ ਰਹਿਣਗੇ ਨਹੀਂ ਤਾਂ ਇਨ੍ਹਾਂ ਨੂੰ ਟੁੱਟਦਿਆਂ ਬਹੁਤੀ ਦੇਰ ਨਹੀਂ ਲੱਗਦੀ। ਜ਼ਮੀਨ-ਜਾਇਦਾਦ ਅਤੇ ਪੈਸੇ ਦੇ ਲਾਲਚ ਵਿਚ ਕੁੱਖ ਵਿਚ ਕੀਤੇ ਜਾਂਦੇ ਅਣਦਿਸਦੇ ਕਤਲਾਂ ਤੋਂ ਇਲਾਵਾ ਕਿਤੇ ਪਿਓ ਵੱਲੋਂ ਪੁੱਤ ਦਾ ਕਤਲ, ਕਿਤੇ ਪੁੱਤ ਵੱਲੋਂ ਮਾਂ ਦਾ ਕਤਲ ਅਤੇ ਕਿਤੇ ਭਰਾਵਾਂ ਵੱਲੋਂ ਭੈਣ ਦਾ ਕਤਲ ਜਾਂ ਹੋਰ ਸਕੇ-ਸਬੰਧੀਆਂ ਦੇ ਕਤਲਾਂ ਦਾ ਸਿਲਸਿਲਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਅਣਖ ਪਿੱਛੇ ਧੀਆਂ-ਭੈਣਾਂ ਦੇ ਕਤਲ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਦਾ ਲਗਾਤਾਰ ਵੱਧਣਾ ਬੇਹੱਦ ਗੰਭੀਰ ਅਤੇ ਚਿੰਤਾਜਨਕ ਹੋਣ ਦੇ ਨਾਲ ਹੀ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਆਖ਼ਰ ਕਿਉਂ ਮਨੁੱਖ ਮਾਨਵੀ ਰਿਸ਼ਤਿਆਂ ਅਤੇ ਮੋਹ-ਪਿਆਰ ਨੂੰ ਤੱਜ ਕੇ ਆਪਣਿਆਂ ਦੇ ਹੀ ਖ਼ੂਨ ਦਾ ਪਿਆਸਾ ਹੋ ਗਿਆ ਹੈ।

ਦਿਲ ਬੇਈਮਾਨ ਕਰ ਦਿੱਤੇ 

ਜ਼ਮੀਨਾਂ-ਜਾਇਦਾਦਾਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੇ ਭੈਣ-ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਦਿਲ ਬੇਈਮਾਨ ਕਰ ਦਿੱਤੇ ਹਨ। ਪੈਸਾ ਇਕੱਠਾ ਕਰਨ ਦੀ ਹੋੜ ਅਤੇ ਆਰਥਿਕ ਅਸਾਵੇਂਪਣ ਨੇ ਠੱਗੀਆਂ, ਚੋਰੀਆਂ ਅਤੇ ਬੇਈਮਾਨੀ ਜਿਹੀਆਂ ਅਲਾਮਤਾਂ ਤੋਂ ਇਲਾਵਾ ਕਤਲ ਜਿਹੇ ਭਿਆਨਕ ਜੁਰਮਾਂ ਨੂੰ ਜਨਮ ਦਿੱਤਾ ਹੈ। ਪੈਸੇ ਪ੍ਰਾਪਤੀ ਲਈ ਫਿਰੌਤੀ ਅਤੇ ਅਗਵਾ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਬੇਰੁਜ਼ਗਾਰੀ ਅਤੇ ਆਰਥਿਕ ਕਮਜ਼ੋਰੀ ਕਾਰਨ ਅੱਜ ਦਾ ਨੌਜਵਾਨ ਨਸ਼ਿਆਂ ਦਾ ਗੁਲਾਮ ਬਣਦਾ ਜਾ ਰਿਹਾ ਹੈ। ਨਸ਼ਿਆਂ ਲਈ ਪੈਸੇ ਦੀ ਪ੍ਰਾਪਤੀ ਅਤੇ ਉਸ ਦੀ ਲੋਰ ਵਿਚ ਪਾਗਲ ਹੋਇਆ ਮਨੁੱਖ ਰਿਸ਼ਤਿਆਂ ਦੀ ਪਵਿੱਤਰਤਾ ਭੁੱਲ ਬੈਠਾ ਹੈ। ਰਾਤੋ-ਰਾਤ ਅਮੀਰ ਹੋਣ ਦੀ ਚਾਹਤ ਅਤੇ ਬੁਲੰਦੀਆਂ ਛੂਹਣ ਦੀ ਇੱਛਾ ਨੇ ਮਾਨਵੀ ਰਿਸ਼ਤਿਆਂ ਦਾ ਘਾਣ ਕਰ ਦਿੱਤਾ ਹੈ।

ਇਹ ਵੀ ਪੜ੍ਹੋ-  ਆਮ ਆਦਮੀ ਪਾਰਟੀ ਨੂੰ 11 ਸਾਲ ਹੋਏ ਪੂਰੇ, CM ਮਾਨ ਨੇ ਟਵੀਟ ਕਰ ਆਖੀ ਇਹ ਗੱਲ

ਆਸ ਦੀ ਕੰਨੀ ਨਹੀਂ ਛੱਡੀ ਜਾ ਸਕਦੀ 

ਵਕਤ ਦਾ ਪਹੀਏ ਹੁਣ ਭਾਵੇਂ ਪਿੱਛੇ ਮੋੜਨਾ ਕਠਿਨ ਜਾਪਦਾ ਹੈ ਪਰ ਫਿਰ ਵੀ ਆਸ ਦੀ ਕੰਨੀ ਨਹੀਂ ਛੱਡੀ ਜਾ ਸਕਦੀ। ਨੈਤਿਕ ਸਿੱਖਿਆ ਦਾ ਪੱਲਾ ਫੜ ਕੇ ਅਨੈਤਿਕਤਾ ਦੀ ਹਨੇਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਅੱਜਕਲ ਜ਼ਿਆਦਾਤਰ ਲੋਕ ਲਾਲਚੀ ਤੇ ਮੌਕਾਪ੍ਰਸਤ ਹੋ ਗਏ ਹਨ। ਜ਼ਮੀਨਾਂ, ਜਾਇਦਾਦਾਂ ਤੇ ਪੈਸਿਆਂ ਪਿੱਛੇ ਖ਼ੂਨ ਦੇ ਪਵਿੱਤਰ ਰਿਸ਼ਤੇ ਖ਼ਤਮ ਹੋ ਰਹੇ ਹਨ। ਭੈਣ-ਭਰਾਵਾਂ ਦਾ ਪਿਆਰ ਨਹੀਂ ਰਿਹਾ। ਪਤੀ ਪਤਨੀ ਵਿਚ ਅਣਬਣ ਹੋ ਰਹੀ ਹੈ। ਤਲਾਕਾਂ ਦਾ ਰੁਝਾਨ ਵੱਧ ਗਿਆ ਹੈ। ਆਪਣੇ ਬੇਗਾਨੇ ਹੋ ਗਏ ਹਨ ਤੇ ਬਸ ਪੈਸਾ ਹੀ ਮੁੱਖ ਰਹਿ ਗਿਆ ਹੈ। ਲੋਕ ਵਿਸ਼ਵਾਸ਼ਘਾਤ ਕਰ ਰਹੇ ਹਨ। ਧੋਖੇ, ਠੱਗੀ ਦਾ ਦੌਰ ਚੱਲ ਰਿਹਾ ਹੈ। ਪ੍ਰੇਸ਼ਾਨੀਆਂ, ਚੁਣੌਤੀਆਂ ਘਟਣ ਦਾ ਨਾਮ ਨਹੀਂ ਲੈ ਰਹੀਆਂ।

ਗੰਭੀਰ ਚਿੰਤਾ ਵਾਲਾ ਵਿਸ਼ਾ 

ਦਿਨੋਂ ਦਿਨ ਟੁੱਟ ਰਹੇ ਪਵਿੱਤਰ ਰਿਸ਼ਤਿਆਂ ਅਤੇ ਰਿਸ਼ਤਿਆਂ ਦਾ ਹੋ ਰਿਹਾ ਘਾਣ ਬੜਾ ਗੰਭੀਰ ਚਿੰਤਾ ਵਾਲਾ ਵਿਸ਼ਾ ਹੈ ਤੇ ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦਾ ਹੈ । ਟੁੱਟ ਰਹੇ ਰਿਸ਼ਤਿਆਂ ਕਾਰਨ ਸਮਾਜ ਵਿਚ ਵੱਡੀਆਂ ਤਰੇੜਾਂ ਪੈ ਚੁੱਕੀਆਂ ਹਨ ਤੇ ਸਾਰਾ ਤਾਣਾ ਬਾਣਾ ਉਲਝਿਆ ਪਿਆ ਹੈ । ਟੁੱਟੇ ਹੋਏ ਰਿਸ਼ਤਿਆਂ ਕਰ ਕੇ ਅਨੇਕਾਂ ਬੱਚੇ ਵੀ ਰੁਲ ਰਹੇ ਹਨ ਤੇ ਉਨ੍ਹਾਂ ਦਾ ਭਵਿੱਖ ਤਬਾਹ ਹੋ ਗਿਆ ਹੈ। ਲੋਕਾਂ ਨੂੰ ਲਾਲਚ ਭੁੱਲ ਕੇ ਪਵਿੱਤਰ ਰਿਸ਼ਤਿਆਂ ਨੂੰ ਕਾਇਮ ਰੱਖਣ ਦੀ ਲੋੜ ਹੈ ਤਾਂ ਕਿ ਸਮਾਜ ਵਿਚ ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਨਜ਼ਰ ਆਉਣ।

ਇਹ ਵੀ ਪੜ੍ਹੋ-  ਟਰੇਨ 'ਚ ਖ਼ਰਾਬ ਖਾਣਾ ਪਰੋਸਣ 'ਤੇ ਲੱਗੇਗਾ ਭਾਰੀ ਜੁਰਮਾਨਾ, ਤੈਅ ਕੀਤੀਆਂ 4 ਸ਼੍ਰੇਣੀਆਂ

ਜਦੋਂ ਰੂਹ ਦੇ ਰਿਸ਼ਤੇ ਟੁੱਟ ਜਾਂਦੇ ਹਨ ਤਾਂ ਬੰਦਾ ਸੌਣਾ ਤੇ ਜਿਉਣਾ ਭੁੱਲ ਜਾਂਦਾ 

ਰਿਸ਼ਤਿਆਂ ਵਿਚ ਜਿਹੜਾ ਮੋਹ ਮੁਹੱਬਤ ਤੇ ਪਿਆਰ ਪਹਿਲਾਂ ਸੀ, ਉਹ ਹੁਣ ਕਿਧਰੇ ਨਹੀਂ ਰਿਹਾ । ਪਵਿੱਤਰ ਰਿਸ਼ਤਿਆਂ ਵਿਚ ਤਰੇੜਾਂ ਆ ਗਈਆਂ ਹਨ, ਮੋਹ ਦੀਆਂ ਗੂੜੀਆਂ ਤੰਦਾਂ ਖਤਮ ਹੋ ਰਹੀਆਂ ਹਨ । ਲੋਕਾਂ ਵਿਚ ਲਾਲਚ ਵੱਧ ਗਿਆ ਹੈ ਤੇ ਪੈਸੇ ਪਿੱਛੇ ਆਪਣਿਆਂ ਦਾ ਹੀ ਖੂਨ ਕੀਤਾ ਜਾ ਰਿਹਾ ਹੈ। ਖ਼ਤਮ ਹੋ ਰਹੀ ਰਿਸ਼ਤਿਆਂ ਵਿਚਲੀ ਨਿੱਘ ਤੇ ਤਾਂਘ ਮਨੁੱਖੀ ਜੀਵਨ ਦਾ ਅਧਾਰ ਹਨ। ਰਿਸ਼ਤਿਆਂ ਲਈ ਸਮਾਂ ਦੇਣਾ ਜ਼ਰੂਰੀ ਹੈ। ਜੇਕਰ ਸਮਾਂ ਨਾ ਮਿਲੇ ਤਾਂ ਰਿਸ਼ਤਿਆਂ ਵਿਚ ਦੂਰੀ ਬਣ ਜਾਂਦੀ ਹੈ।

ਜਦੋਂ ਰੂਹ ਦੇ ਰਿਸ਼ਤੇ ਟੁੱਟ ਜਾਂਦੇ ਹਨ ਤਾਂ ਬੰਦਾ ਸੌਣਾ ਤੇ ਜਿਉਣਾ ਭੁੱਲ ਜਾਂਦਾ ਹੈ। ਜੇ ਪਰਿਵਾਰ ਦਾ ਇਕ ਵੀ ਮੈਂਬਰ ਸਵਾਰਥ ਜਾਂ ਤੇਰ-ਮੇਰ ਦੀ ਭਾਵਨਾ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਪਰਿਵਾਰ ਵਿਚ ਤਰੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪਰਿਵਾਰ ਮੋਤੀਆ ਵਾਂਗ ਬਿਖਰ ਜਾਂਦਾ ਹੈ ਅਤੇ ਪਰਿਵਾਰ ਦਾ ਵਿਕਾਸ ਰੁਕ ਜਾਂਦਾ ਹੈ। ਇਹ ਦੁਨੀਆਂ ਰਿਸ਼ਤਿਆਂ ਨਾਲ ਹੀ ਬੱਝੀ ਹੋਈ ਹੈ।

ਇਹ ਵੀ ਪੜ੍ਹੋ- ਬਾਬੇ ਨਾਨਕ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਜੈਕਾਰਿਆਂ ਦੀ ਗੂੰਜ ਨਾਲ ਪਾਕਿਸਤਾਨ ਲਈ ਰਵਾਨਾ

ਰਿਸ਼ਤਿਆਂ ਵਿਚ ਤਬਦੀਲੀ ਆ ਗਈ-ਸਮਾਜ ਸੇਵਕ

ਅਧਿਆਪਕ ਕਿੱਤੇ ਨਾਲ ਜੁੜੇ ਅਮਰਗੁਰਪ੍ਰੀਤ ਸਿੰਘ ਰਾਣਾ ਬੇਦੀ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਲੱਖੇਵਾਲੀ, ਕਾਨੂੰਗੋ ਜਸਵਿੰਦਰ ਸਿੰਘ ਰਾਮਗੜ੍ਹ ਚੂੰਘਾਂ, ਵਾਤਾਵਰਣ ਪ੍ਰੇਮੀ ਬੇਨਜ਼ੀਰ ਸਿੰਘ ਬਰਾੜ ਮੱਲਣ, ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਪਰੂਥੀ, ਮੁਲਾਜ਼ਮ ਆਗੂ ਗੁਰਮੀਤ ਕੌਰ ਦਬੜੀਖਾਨਾ, ਗਗਨ ਮੱਲਣ, ਪਰਮਜੀਤ ਕੌਰ ਜਵਾਹਰੇਵਾਲਾ , ਗੁਰਮੀਤ ਕੌਰ ਗੋਨੇਆਣਾ ਅਤੇ ਅੰਮ੍ਰਿਤਪਾਲ ਕੌਰ ਥਾਂਦੇਵਾਲਾ ਨੇ ਕਿਹਾ ਹੈ ਕਿ ਸਮਾਂ ਬਦਲਣ ਨਾਲ ਰਿਸ਼ਤਿਆਂ ਵਿਚ ਵੀ ਤਬਦੀਲੀ ਆ ਗਈ ਹੈ। ਰਿਸ਼ਤਿਆਂ ਵਿਚ ਬਨਾਵਟੀਪਣ ਆ ਗਿਆ ਹੈ। ਪੈਸੇ ਦੀ ਹੋੜ ਨੇ ਤੇ ਸੁਆਰਥੀਪੁਣੇ ਨੇ ਰਿਸ਼ਤਿਆਂ ਵਿਚਲ਼ੀ ਆਪਸੀ ਖਿੱਚ, ਤਾਂਘ ਤੇ ਨਿੱਘ ਨੂੰ ਖਤਮ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan