ਮੇਅਰ ਸਾਹਿਬ! ਆਪਣੀ ਰਿਹਾਇਸ਼ ਦਾ ਆਲਾ-ਦੁਆਲਾ ਤਾਂ ਗੰਦਗੀ ਤੋਂ ਮੁਕਤ ਕਰਾਓ

07/19/2019 3:19:40 PM

ਪਟਿਆਲਾ (ਬਿਕਰਮਜੀਤ)—ਸ਼ਹਿਰ ਨੂੰ ਸਫਾਈ ਪੱਖੋਂ ਮੋਹਰੀ ਅਤੇ ਵਾਤਾਵਰਣ ਪਖੋਂ ਮੋਹਰੀ ਬਣਾਉਣ ਦੇ ਦਾਅਵੇ ਕਰਨ ਵਾਲੇ ਮੇਅਰ ਸੰਜੀਵ ਕੁਮਾਰ ਬਿੱਟੂ ਦੇ ਆਪਣੇ ਵਾਰਡ ਅਤੇ ਨਿੱਜੀ ਰਿਹਾਇਸ਼ ਵਾਲਾ ਇਲਾਕਾ ਸਫਾਈ ਪੱਖੋਂ ਜ਼ੀਰੋ ਹੈ। ਉਨ੍ਹਾਂ ਦੀ ਰਿਹਾਇਸ਼ ਦੇ ਪਿਛਲੇ ਪਾਸੇ 2 ਏਕੜ 'ਚ ਫੈਲੀ ਗਧਾ ਗਰਾਊਂਡ ਵਾਲੀ ਜਗ੍ਹਾ ਗੰਦਗੀ ਨਾਲ ਬਦਬੂ ਮਾਰ ਰਹੀ ਹੈ। ਨਾਲ ਲਗਦੀ ਸਬਜ਼ੀ ਮੰਡੀ ਦੇ ਦੁਕਾਨਦਾਰ ਜਿਥੇ ਪਰੇਸ਼ਾਨ ਹਨ, ਉਥੇ ਹੀ ਮੰਡੀ ਵਿਚ ਸਬਜ਼ੀ ਖਰੀਦਣ ਲਈ ਪਬਲਿਕ ਇਸ ਗੰਦ ਕਰ ਕੇ ਪਰੇਸ਼ਾਨੀਆਂ ਵੀ ਝਲਦੀ ਹੈ।

ਇਥੇ ਹੀ ਬੱਸ ਨਹੀਂ, ਮੇਅਰ ਦੇ ਘਰ ਵੱਲ ਜਾਂਦੀ ਮੇਨ ਸੜਕ 'ਤੇ ਪਿਛਲੇ ਕਈ ਦਿਨਾਂ ਤੋਂ ਇਕ ਵੱਡਾ ਟੋਇਆ ਪਿਆ ਹੋਇਆ ਹੈ। ਇਸ ਕਰ ਕੇ ਕਈ ਹਾਦਸੇ ਵਾਪਰ ਰਹੇ ਹਨ। ਜਿਸ ਜਗ੍ਹਾ 'ਤੇ ਇਹ ਟੋਇਆ ਪਿਆ ਹੈ, ਉਥੇ ਪਾਣੀ ਦੀ ਨਿਕਾਸੀ ਲਈ ਕੰਮ ਚੱਲ ਰਿਹਾ ਹੈ। ਠੇਕੇਦਾਰਾਂ ਦੀ ਅਣਗਹਿਲੀ ਨਾਲ ਇਹ ਕੰਮ ਸਿਰੇ ਨਹੀਂ ਲਗਦਾ ਦਿਸਦਾ। ਇਸ ਕਰ ਕੇ ਮੀਂਹ ਵਿਚ ਕੋਈ ਵੀ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਨੂੰ ਗੁਹਾਰ ਲਾਈ ਹੈ ਕਿ ਇਸ ਵਾਰਡ ਦੇ ਵਿਕਾਸ ਕਾਰਜਾਂ ਵਿਚ ਪਹਿਲ ਦੇ ਆਧਾਰ 'ਤੇ ਇਹ ਗੰਦਗੀ ਜਲਦ ਹੀ ਹਟਾਈ ਜਾਵੇ।

Shyna

This news is Content Editor Shyna