ਸੀਵਰੇਜ਼ ਦੇ ਪਾਣੀ ਕਾਰਨ ਬਣੀ ਨਰਕ ਵਰਗੀ ਸਥਿਤੀ, ਲੋਕਾਂ ਵਲੋਂ ਰੋਸ ਪ੍ਰਦਰਸ਼ਨ

05/04/2021 9:10:06 PM

ਭਵਾਨੀਗੜ੍ਹ, (ਕਾਂਸਲ)- ਸ਼ਹਿਰ ਦੇ ਵਾਰਡ ਨੰਬਰ 1 ਅਤੇ 7 ਵਿਚਕਾਰ ਲੀਕ ਹੋ ਰਹੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਝੀਲ ਦਾ ਰੂਪ ਧਾਰਨ ਕਰ ਚੁੱਕੀਆਂ ਸੜਕਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਸਰਕਾਰ ਖਿਲਾਫ ਧਰਨਾ ਦਿੱਤਾ ਅਤੇ ਸਰਕਾਰ ਅੱਗੇ ਆਪਣੀ ਮੰਗ ਰੱਖੀ। ਦੋਵੇ ਵਾਰਡਾ ਦੇ ਇਕੱਠੇ ਹੋਏ ਨਿਵਾਸੀਆਂ ਜਿਸ ’ਚ ਵੱਡੀ ਗਿਣਤੀ ’ਚ ਔਰਤਾਂ ਵੀ ਸ਼ਾਮਿਲ ਸਨ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ, ਸੀਵਰੇਜ਼ ਬੋਰਡ ਅਤੇ ਨਗਰ ਕੌਂਸਲ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ । 
ਇਸ ਮੌਕੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਮਾਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੂਬਾ ਮੀਤ ਪ੍ਰਧਾਨ ਗੁਰਤੇਜ ਸਿੰਘ ਝਨੇੜੀ, ਭਰਪੂਰ ਸਿੰਘ ਅਤੇ ਔਰਤਾਂ ਨੇ ਕਿਹਾ ਕਿ ਦੋਵੇ ਵਾਰਡਾਂ ਦੇ ਵਿਚਕਾਰ ਤੋਂ ਲੰਘਦੀ ਇਸ ਫਿਰਨੀ (ਰਸਤੇ ’ਚ) ਸੀਵਰੇਜ਼ ਸਹੀ ਢੰਗ ਨਾਲ ਨਹੀਂ ਪਾਇਆ ਗਿਆ ਜਿਸ ਕਾਰਨ ਇਥੇ ਸੀਵਰੇਜ਼ ਦੀਆਂ ਪਾਇਪਾਂ ਅਕਸਰ ਟੁੱਟੀਆਂ ਰਹਿਣ ਕਾਰਨ ਇਥੇ ਪਾਣੀ ਦੀ ਲੀਕੇਜ਼ ਹੁੰਦੀ ਰਹਿੰਦੀ ਹੈ ਅਤੇ ਇਹ  ਗੰਦਾ ਪਾਣੀ ਇਥੇ ਝੀਲ ਦਾ ਰੂਪ ਧਾਰਨ ਕਰਕੇ ਖੜਾ ਹੋਣ ਕਾਰਨ ਇਥੇ ਜਿਥੇ ਲੋਕਾਂ ਨੂੰ ਇਥੋਂ ਲੰਘਣ ’ਚ ਮੁਸਕਿਲਾਂ ਦਾ ਸਹਾਮਣਾ ਕਰਨਾਂ ਪੈਂਦਾ ਹੈ ਉਥੇ ਨਾਲ ਹੀ ਇਥੇ ਗੰਦੀ ਬਦਬੋਂ ਅਤੇ ਇਸ ਗੰਦੇ ਪਾਣੀ ’ਚ ਪੈਦਾ ਹੋਣ ਵਾਲੇ ਮੱਖੀਆਂ ਮੱਛਰ ਕਾਰਨ ਇਥੇ ਮਲੇਰੀਆਂ, ਡਾਇਰਿਆਂ, ਡੇਂਗੂ ਅਤੇ ਹੋਰ ਭਿਆਨਕ ਬੀਮਾਰੀਆਂ ਫੈਲਣ ਦਾ ਵੀ ਪੂਰਾ ਖਾਦਸਾ ਬਣਿਆ ਹੋਇਆ ਹੈ ਅਤੇ ਜੇਕਰ ਤੇਜ਼ ਬਰਸਾਤ ਹੁੰਦੀ ਹੈ ਤਾਂ ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ’ਚ ਵੜ੍ਹਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਕਰੇਗਾ। 
ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਕਰੀਬ 5 ਮਹੀਨੇ ਤੋਂ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ, ਪਰ ਨਗਰ ਕੌਂਸਲ ਅਤੇ ਸੀਵਰੇਜ਼ ਬੋਰਡ ਵਲੋਂ ਇਸ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਗੱਲਬਾਤ ਕਰਦਿਆਂ ਨੇ ਦੱਸਿਆ ਕਿ ਉਥੇ ਵਾਰਡ ਵਾਸੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਸੀ ਕਈ ਵਾਰ ਸੰਘਰਸ਼ ਕਰਨ ਦੇ ਨਾਲ ਨਾਲ ਨਗਰ ਕੌਂਸਲ ਨੂੰ ਲਿਖ਼ਤੀ ਰੂਪ ’ਚ ਪੱਤਰਾਂ ਰਾਹੀ ਇਸ ਦੇ ਹੱਲ ਲਈ ਮੰਗ ਕਰ ਚੁੱਕੇ ਹਾਂ। ਪਰ ਕਹਿਣਾ ਮੋੜਨਾਂ ਨਹੀਂ ਅਤੇ ਡੱਕਾ ਤੋੜਣਾ ਨਹੀਂ ਦੀ ਕਹਾਵਤ ਵਾਂਗ ਇਥੇ ਸਥਿਤ ਜਿਓ ਦੀ ਤਿਓ ਬਣੀ ਹੋਈ ਹੈ ਅਤੇ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਮੌਕੇ ’ਤੇ ਉਕਤ ਤੋਂ ਇਲਾਵਾ ਨੈਬ ਦਾਸ ਬਾਬਾ, ਗੁਰਮੀਤ ਸਿੰਘ, ਚਮਕੌਰ ਸਿੰਘ, ਬਚਨ ਸਿੰਘ, ਹਰਦੀਪ ਸਿੰਘ, ਕੁਲਵਿੰਦਰ ਸਿੰਘ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਸਮੇਤ ਹੋਰ ਵਾਰਡ ਵਾਸੀਆਂ ਨੇ ਨਗਰ ਕੌਂਸਲ ਨੂੰ ਇਸ ਸੀਵਰੇਜ਼ ਨੂੰ ਤੁਰੰਤ ਠੀਕ ਕਰਨ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਸਬੰਧੀ ਜਦੋਂ ਨਗਰ ਕੌਂਸਲ ਦੀ ਪ੍ਰਧਾਨ ਸੁਖਜੀਤ ਕੌਰ ਦੇ ਪਤੀ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਉਨ੍ਹਾਂ ਕਿਹਾ ਕਿ ਇਸ ਦੇ ਪੱਕੇ ਹੱਲ ਲਈ ਉਹ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਲਦੀ ਹੀ ਵਾਰਡ ਵਾਸੀਆਂ ਨੂੰ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਦਿਵਾਉਣਗੇ।

Bharat Thapa

This news is Content Editor Bharat Thapa