ਨੰਗੀਆਂ ਚੀਜ਼ਾਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿਤਾ ਜਾਵੇਗਾ: ਐੱਸ.ਐੱਮ.ਓ

05/18/2021 3:23:12 PM

ਭਗਤਾ ਭਾਈ (ਪਰਮਜੀਤ ਢਿੱਲੋਂ): ਭਾਵੇਂ ਸਾਡੇ ਲੀਡਰ ਜਾਂ ਸਰਕਾਰਾਂ ਪੰਜਾਬ ਨੂੰ ਕੈਲੇਫੋਰਨੀਆਂ ਬਣਾਉਣ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਪਰ ਫ਼ਿਰ ਵੀ ਇੱਥੇ ਸਿਰਫ਼ ਬਿਆਨਬਾਜੀ ਤੋਂ ਸਵਾਏ ਕੁੱਝ ਵੀ ਨਜਰ ਨਹੀਂ ਆ ਰਿਹਾ, ਕਿਉਂਕਿ ਇੱਥੇ ਲੋਕਾਂ ਦੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸਾਫ਼-ਸਫਾਈ ਰੱਖਣ ਵੱਲ ਸਰਕਾਰ ਜਾਂ ਸਿਹਤ ਵਿਭਾਗ ਦਾ ਉੱਕਾ ਵੀ ਧਿਆਨ ਨਹੀਂ। ਇਥੇ ਲੀਡਰ ਹੂਟਰ ਮਾਰਦੇ ਲੰਘ ਜਾਂਦੇ ਹਨ,ਪਰ ਜਨਤਾ ਦੇ ਹਿੱਤਾਂ ਦਾ ਕਿਸੇ ਨੂੰ ਕੋਈ ਫ਼ਿਕਰ ਤੱਕ ਨਹੀਂ ਹੈ। ਸਥਾਨਕ ਸ਼ਹਿਰ ਵਿਖੇ ਲੋਕਾਂ ਦੇ ਖਾਣ-ਪੀਣ ਵਾਲੀਆਂ ਚੀਜ਼ਾਂ ਸ਼ਰੇਆਮ ਖੁੱਲ੍ਹੀਆਂ ਤੇ ਨੰਗੀਆਂ ਰੇਹੜੀਆਂ ਤੇ ਵਿੱਕ ਰਹੀਆਂ ਹਨ ਤੇ ਭੋਲੇ-ਭਾਲੇ ਲੋਕ ਇਸੇ ਤਰ੍ਹਾਂ ਹੀ ਨੰਗੀਆਂ ਰੇਹੜੀਆਂ ਤੋਂ ਆਪਣੇ ਖਾਣ ਪੀਣ ਦਾ ਸਾਮਾਨ ਲੈ ਕੇ ਖਾਣ ਪੀਣ ਲਈ ਮਜਬੂਰ ਹਨ। ਜਰਾ ਸੋਚੋ, ਜੇ ਤੁਸੀਂ ਕੁੱਝ ਖਾਣ ਪੀਣ ਦੇ ਸ਼ੁਕੀਨ ਹੋ ਤਾਂ ਇੰਨਾਂ ਧਿਆਨ ਜ਼ਰੂਰ ਰੱਖੋ ਕਿ ਜਿਸ ਰੇਹੜੀ ਤੋਂ ਲੈ ਕੇ ਤੁਸੀਂ ਕੁੱਝ ਖਾ ਪੀ ਰਹੇ ਹੋ ਉਸ ਉਪਰ ਸਾਫ ਸਫਾਈ ਦਾ ਪ੍ਰਬੰਧ ਕਿਹੋ ਜਿਹਾ ਹੈ, ਕੀ ਤੁਹਾਨੂੰ ਖੁਆਏ ਜਾਣ ਵਾਲਾ ਸਾਮਾਨ ਸਾਫ-ਸੁਥਰੇ ਪਾਣੀ ਨਾਲ ਸਾਫ ਕੀਤਾ ਜਾਂਦਾ ਹੈ ਜਾਂ ਨਹੀਂ।

ਇੱਥੇ ਵੇਖਣ ਵਿੱਚ ਆਇਆ ਹੈ ਕਿ ਇੱਕ ਟੱਬ ਜਾਂ ਬਾਲਟੀ ਵਿੱਚ ਥੋੜਾ ਜਿਹਾ ਪਾਣੀ ਪਾਇਆ ਹੁੰਦਾ ਹੈ ਤੇ ਉਸੇ ਪਾਣੀ ਵਿੱਚ ਹੀ ਵਾਰ-ਵਾਰ ਜਾਂ ਕਹਿ ਲਵੋਂ ਸਾਰਾ ਸਾਰਾ ਦਿਨ ਭਾਂਡੇ ਧੋਤੇ ਜਾਂਦੇ ਹਨ ਜੋ ਸਹੀ ਮਾਈਨੇ ਵਿੱਚ ਪੂਰੀ ਤਰ੍ਹਾਂ ਸਾਫ ਨਹੀਂ ਹੁੰਦੇ। ਇਸ ਸਮੇਂ ਕੋਈ ਸਰਫ, ਸਾਬਣ ਜਾਂ ਲਾਲ ਦੁਆਈ ਆਦਿ ਨਹੀਂ ਵਰਤੀ ਜਾਂਦੀ। ਕੀ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਤਾਂ ਹੋਰ ਕੀ ਹੈ। ਆਮ ਹੀ ਵੇਖਣ ਵਿੱਚ ਆਇਆ ਹੈ ਕਿ ਜੋ ਵੱਡਿਆਂ ਘਰਾਂ ਦੇ ਕਾਕੇ ਆਪਣੇ ਘਰ ਪਾਣੀ ਵੀ ਫਿਲਟਰ ਦਾ ਪੀਂਦੇ ਹਨ ਪਰ ਰੇਹੜੀਆਂ ਤੇ ਨੰਗੀਆਂ ਪਈਆਂ ਚੀਜ਼ਾਂ ਖਾਣ ਵੇਲੇ ਇਸ ਪਾਸੇ ਵੱਲ ਧਿਆਨ ਨਹੀਂ ਦਿੰਦੇ ਕਿ ਇਸ ਉਪਰ ਕਿਥੋਂ-ਕਿਥੋਂ ਆ ਕੇ ਮੱਖੀਆਂ ਬੈਠੀਆਂ ਹੋ ਸਕਦੀਆਂ ਹਨ ।

ਕੀ ਕਹਿਣੈ ਐਸ ਐਮ ਓ ਸਾਹਿਬ ਦਾ: ਇਸ ਸਬੰਧੀ ਜਦੋਂ ਸਥਾਨਕ ਐੱਸ.ਐੱਮ.ਓ. ਸ੍ਰੀ ਰਾਜਪਾਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਉਹ ਤੇ ਉਨ੍ਹਾਂ ਦੀ ਟੀਮ ਹਰ ਸਮੇਂ ਇਸ ਸ਼ਹਿਰ ਵਿੱਚ ਲੋਕਾਂ ਨੂੰ ਨੰਗੀਆਂ ਪਈਆਂ ਚੀਜ਼ਾਂ ਨਾ ਖਰੀਦਣ ਅਤੇ ਰੇਹੜੀਆਂ ਵਾਲਿਆਂ ਨੂੰ ਵੀ ਹਰ ਸਾਮਾਨ ਢੱਕ ਦੇ ਰੱਖਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ, ਕਿਉਂਕਿ ਨੰਗੀ ਪਈ ਕਿਸੇ ਚੀਜ਼ ਉਪਰ ਬਾਹਰੋਂ ਆ ਕੇ ਬੈਠੀਆਂ ਮੱਖੀਆਂ ਭਿਆਨਕ ਬੀਮਾਰੀਆਂ ਪੈਦਾ ਕਰਨ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਨੰਗੀਆਂ ਚੀਜ਼ਾਂ ਲੋਕਾਂ ਨੂੰ ਵੇਚ ਕੇ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਲੋਕਾਂ ਨੂੰ ਫਿਰ ਅਪੀਲ ਕੀਤੀ ਕਿ ਉਹ ਆਪਣੇ ਸਰੀਰ ਦੀ ਤੰਦਰੁਸਤੀ ਲਈ ਖ਼ੁਦ ਵੀ ਧਿਆਨ ਦੇਣ। ਇਸ ਸਮੇਂ ਉਨ੍ਹਾਂ ਨੇ ਦੱਸਿਆ ਕਿ ਨੰਗੀਆਂ ਚੀਜ਼ਾਂ ਵੇਚਣ ਵਾਲੇ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਨੂੰ ਲੋਕਾਂ ਦੇ ਖਾਣ-ਪੀਣ ਦਾ ਸਾਮਾਨ ਢੱਕ ਕੇ ਰੱਖਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਕਈਆਂ ਦਾ ਖ਼ਰਾਬ ਸਾਮਾਨ ਬਾਹਰ ਵੀ ਸੁਟਵਾਇਆ ਜਾਂਦਾ ਹੈ ਫ਼ਿਰ ਵੀ ਜੇਕਰ ਕੋਈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹੋਏ ਖ਼ਰਾਬ ਸਮਾਨ ਵੇਚੇਗਾ ਤਾਂ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

Shyna

This news is Content Editor Shyna