ਮੈਨੀਫੈਸਟੋ ''ਚ ਕੀਤੇ ਵਾਅਦਿਆਂ ਨੂੰ ਭੁੱਲੀ ਕਾਂਗਰਸ ਸਰਕਾਰ : ਦਿਵਿਆਂਗ ਨੌਜਵਾਨ

03/12/2020 2:16:59 PM

ਜਲਾਲਾਬਾਦ (ਨਿਖੰਜ, ਜਤਿੰਦਰ ) - ਦਿਵਿਆਂਗ ਨੌਜਵਾਨਾਂ ਦੀ ਅਹਿਮ ਮੀਟਿੰਗ ਮੰਗਲ ਸਿੰਘ ਮੋਹਣੇ ਵਾਲਾ ਦੀ ਪ੍ਰਧਾਨਗੀ ਹੇਠ ਜਲਾਲਾਬਾਦ ਦੀ ਅਨਾਜ ਮੰਡੀ ਵਿਖੇ ਹੋਈ, ਜਿਸ ’ਚ ਹਲਕੇ ਦੇ ਦਿਵਿਆਂਗ ਨੌਜਵਾਨ ਵੱਡੀ ਗਿਣਤੀ 'ਚ ਪੁੱਜੇ। ਇਸ ਮੌਕੇ ਉਨ੍ਹਾਂ ਮੰਗਾਂ ਨਾ ਮੰਨਣ ਲਈ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕੀਤਾ।ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਗਲ ਸਿੰਘ ਨੇ ਕਿਹਾ ਕਿ ਲੋਕ ਸਰਕਾਰਾਂ ਆਪਣੇ ਭਲੇ ਲਈ ਬਣਾਉਂਦੇ ਹਨ ਪਰ ਸਿਆਸੀ ਪਾਰਟੀਆਂ ਦੇ ਆਗੂ ਸਰਕਾਰੀ ਤਾਕਤਾਂ ਨੂੰ ਆਪਣੇ ਘਰ ਭਰਨ ਲਈ ਵਰਤਦੇ ਹਨ। ਇਸੇ ਕਾਰਨ ਪੰਜਾਬ ਦੇ ਲੱਖਾਂ ਅੰਗਹੀਣ ਮੁੰਡੇ-ਕੁੜੀਆਂ ਪਿਛਲੇ ਕਈ ਸਾਲਾਂ ਤੋਂ ਹੱਕਾਂ ਦੇ ਲਈ ਲੜਾਈ ਲੜ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਉਹ ਭੁੱਲ ਚੁੱਕੇ ਹਨ। 

ਮੀਟਿੰਗ 'ਚ ਪੁੱਜੇ ਆਗੂਆਂ ਨੇ ਕਿਹਾ ਕਿ ਅੰਗਹੀਣ ਵਰਗ ਨੂੰ ਤੀਜੇ ਬਜਟ 'ਚ ਵੀ ਵਾਂਝਾ ਰੱਖਿਆ ਗਿਆ ਹੈ, ਜਿਸ ਕਾਰਨ ਉਹ ਆਪਣੇ ਹੱਕਾਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਲਈ 29 ਮਾਰਚ ਨੂੰ ਕੋਟਕਪੂਰਾ ਦੀ ਅਨਾਜ ਮੰਡੀ ਲੋਕ ਅਧਿਕਾਰ ਲਹਿਰ ਵਲੋਂ ਡਾ. ਸਰਦਾਰਾ ਸਿੰਘ ਜੌਹਲ ਦੀ ਅਗਵਾਈ 'ਚ ਕਾਨਫਰੰਸ ਕੀਤੀ ਜਾ ਰਹੀ ਹੈ। ਉਸ 'ਚ ਅਸੂਲ ਮੰਚ ਦੇ ਨਾਲ ਵੱਡੇ ਪੱਧਰ 'ਤੇ ਜੁੜੇ ਹੋਏ ਨੌਜਵਾਨ ਲੋਕ ਅਧਿਕਾਰ ਲਹਿਰ ਕਾਨਫ਼ਰੰਸ 'ਚ ਵੱਡੇ ਪੱਧਰ 'ਤੇ ਸ਼ਮੂਲੀਅਤ ਕਰਨਗੇ। ਇਸ ਮੌਕੇ ਪੂਰਨ ਸਿੰਘ, ਬਾਲ ਕ੍ਰਿਸ਼ਨ, ਪ੍ਰਕਾਸ਼ ਸਿੰਘ, ਪਰਮਜੀਤ ਸਿੰਘ, ਹਰਮੇਸ਼ ਸਿੰਘ, ਮਹਿੰਦਰਪਾਲ ਗੱਬਰ, ਬਾਬਾ ਜਗੀਰ ਸਿੰਘ ਆਦਿ ਹਾਜ਼ਰ ਸਨ।

ਇਹ ਹਨ ਮੰਗਾਂ 
1. ਅੰਗਹੀਣ ਵਿਧਵਾ ਅਤੇ ਬਜ਼ੁਰਗਾਂ ਦੀ ਪੈਨਸ਼ਨ 750 ਰੁਪਏ ਤੋਂ ਵਧਾ 2500 ਰੁਪਏ ਕੀਤੀ ਜਾਵੇ।
2. 4 ਫ਼ੀਸਦੀ ਕੋਟੇ ਦੀਆਂ ਨੌਕਰੀਆਂ ਦਾ ਬੈਕਲਾਗ ਪੂਰਾ ਕੀਤਾ ਜਾਵੇ।
3. ਬਿਜਲੀ ਦਾ ਬਿੱਲ ਮੁਆਫ਼ ਕੀਤਾ ਜਾਵੇ।
4. ਬੇਰੁਜ਼ਗਾਰ ਦਿਵਿਆਂਗ ਲੋਕਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।
5. ਪੰਜਾਬ ਸਰਕਾਰ ਅਤੇ ਨਿੱਜੀ ਬੱਸਾਂ 'ਚ ਅੰਗਹੀਣਾਂ ਦਾ ਪੂਰਾ ਸਫ਼ਰ ਮੁਆਫ਼ ਕੀਤਾ ਜਾਵੇ।
6. ਮੁੰਡੇ ਅਤੇ ਕੁੜੀਆਂ ਦੇ ਵਿਆਹ ਲਈ ਸ਼ਗਨ ਸਕੀਮ 1 ਲੱਖ ਰੁਪਏ ਕੀਤੀ ਜਾਵੇ।
7. ਅੰਗਹੀਣ ਨੌਜਵਾਨਾਂ ਦੇ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਨਾਲ ਹੀ ਘਰ ਬਣਾਉਣ ਲਈ 5 ਲੱਖ ਰੁਪਏ ਦੀ ਰਾਸ਼ੀ ਸਰਕਾਰ ਵਲੋਂ ਦਿੱਤੀ ਜਾਵੇ ।
8. ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਦਿਵਿਆਂਗ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ।
9. ਦਿਵਿਆਂਗ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਬਿਨਾਂ ਪੜ੍ਹੇ ਦਿਵਿਆਂਗਾਂ ਨੂੰ ਸਬਸਿਡੀ 'ਤੇ ਕਰਜ਼ੇ ਦਿੱਤੇ ਜਾਣ ਤਾਂ ਕਿ ਉਹ ਆਪਣੇ ਪਰਿਵਾਰਾਂ ਦੇ ਲਈ ਰੁਜ਼ਗਾਰ ਕਰ ਸਕਣ।
 
 

rajwinder kaur

This news is Content Editor rajwinder kaur