ਮੀਂਹ ਤੇ ਗੜ੍ਹੇਮਾਰੀ ਕਾਰਣ ਝੋਨੇ ਦੀ ਫਸਲ ਨੂੰ ਹੋਇਆ ਭਾਰੀ ਨੁਕਸਾਨ

10/24/2021 1:51:29 PM

ਮੰਡੀ ਲਾਧੂਕਾ (ਸੰਧੂ): ਇਲਾਕੇ ਦੇ ਬੀਤੀ ਦੇਰ ਸ਼ਾਮ ਹੋਈ ਤੇਜ਼ ਬਰਸਾਤ ਅਤੇ ਗੜ੍ਹੇਮਾਰੀ ਕਾਰਣ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਅਨਾਜ ਮੰਡੀਆਂ ’ਚ ਕਿਸਾਨਾਂ ਵਲੋਂ ਲਿਆਂਦੀ ਗਈ ਫਸਲ ਵੀ ਮੀਂਹ ਤੇ ਗੜ੍ਹੇਮਾਰੀ ਕਾਰਣ ਪੂਰੀ ਤਰ੍ਹਾਂ ਭਿੱਜ ਗਈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ 7 ਵਜੇ ਅਚਾਨਕ ਤੇਜ਼ ਬਰਸਾਤ ਸ਼ੁਰੂ ਹੋ ਗਈ ਅਤੇ ਬਰਸਾਤ ਦੇ ਨਾਲ ਗੜੇਮਾਰੀ ਵੀ ਸ਼ੁਰੂ ਹੋ ਗਈ। ਜਿਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵੀ ਵੱਧ ਗਈਆਂ। ਬਰਸਾਤ ਤੇ ਗੜ੍ਹੇਮਾਰੀ ਕਾਰਣ ਖੇਤਾਂ ’ਚ ਖੜੀ ਬਾਸਮਤੀ 1121 ਦੀ ਫਸਲ ਦੀਆਂ ਮੁੰਜਰਾਂ ਟੁੱਟ ਗਈਆਂ ਅਤੇ ਕੁੱਝ ਝੜ ਗਈਆਂ। ਇਲਾਕੇ ਦੇ ਪਿੰਡ ਜੱਲਾ ਲੱਖੇ ਕੇ ਹਿਠਾੜ, ਭੰਬਾਵੱਟੂ, ਘੁਬਾਇਆ ਤੇ ਹੋਰ ਪਿੰਡਾਂ ਦੇ ਕਿਸਾਨ ਜਸਬੀਰ ਸਿੰਘ, ਕਿੱਕਰ ਸਿੰਘ ਨੰਬਰਦਾਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਕੁਲਵੰਤ ਸਿੰਘ ਨੇ ਦੱਸਿਆ ਕਿ ਖੇਤਾਂ ’ਚ ਬਾਸਮਤੀ 1121 ਦੀ ਫ਼ਸਲ ਪੂਰੀ ਤਰ੍ਹਾਂ ਤਿਆਰ ਖੜ੍ਹੀ ਸੀ ਅਤੇ ਹੁਣ ਕਟਾਈ ਦਾ ਕੰਮ ਚੱਲਣਾ ਸੀ।

ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਹੋਈ ਬਰਸਾਤ ਤੇ ਗੜ੍ਹੇਮਾਰੀ ਕਾਰਣ ਬਾਸਮਤੀ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਿਸਾਨਾਂ ਨੇ ਬਾਸਮਤੀ ਦੀ ਮੁੰਜਰ ਕਮਜ਼ੋਰ ਹੁੰਦੀ ਹੈ ਅਤੇ ਬਰਸਾਤ ਨਾਲ ਇਸ ਦਾ ਦਾਣਾ ਝੜ ਜਾਂਦਾ ਹੈ। ਉਨ੍ਹਾ ਦੱਸਿਆ ਕਿ ਬਰਸਾਤ ਤੇ ਗੜ੍ਹਮਾਰੇ ਕਾਰਣ ਹੁਣ ਇਸ ਦਾ ਝਾੜ ਬਿਲਕੁੱਲ ਅੱਧਾ ਰਹਿ ਗਿਆ ਅਤੇ ਉਨ੍ਹਾਂ ਨੂੰ ਇਸਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਨੁਕਸਾਨੀ ਗਈ ਫਸਲਾਂ ਦੀ ਗਿਰਦਾਵਰੀ ਕਰਵਾਏ ਤੇ ਮੁਆਵਜਾ ਦੇਵੇ। ਉਧਰ ਅਨਾਜ ਮੰਡੀਆਂ ’ਚ ਝੋਨਾ ਲਿਆ ਕੇ ਬੈਠੇ ਕਿਸਾਨਾਂ ਨੇ ਕਿਹਾ ਕਿ ਬੀਤੀ ਰਾਤ ਉਨ੍ਹਾਂ ਲਈ ਕਾਫ਼ੀ ਮੁਸ਼ਕਲ ਭਰੀ ਸੀ, ਕਿਉਂਕਿ ਅਚਾਨਕ ਆਈ ਬਰਸਾਤ ਕਾਰਣ ਉਨ੍ਹਾਂ ਨੂੰ ਤਿਰਪਾਲਾਂ ਦਾ ਪ੍ਰਬੰਧ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਕਈ ਕਿਸਾਨਾਂ ਕੋਲ ਤਾਂ ਤਰਪਾਲਾਂ ਦਾ ਪ੍ਰਬੰਧ ਹੋ ਹੀ ਨਹੀਂ ਸਕਿਆ ਅਤੇ ਉਨ੍ਹਾਂ ਦੀ ਫਸਲ ਬਰਸਾਤ ਨਾਲ ਪੂਰੀ ਤਰ੍ਹਾਂ ਭਿੱਜ ਗਈ। ਇਸ ਤੋਂ ਇਲਾਵਾ ਅਨਾਜ ਮੰਡੀ ’ਚ ਖਰੀਦ ਏਜੰਸੀਆਂ ਅਤੇ ਆੜ੍ਹਤੀਆਂ ਵਲੋਂ ਭਰਿਆ ਗਿਆ ਮਾਲ ਵੀ ਬਰਸਾਤ ਕਾਰਣ ਪੂਰੀ ਤਰ੍ਹਾਂ ਭਿੱਜ ਗਿਆ।
 

Shyna

This news is Content Editor Shyna