ਐੱਸ. ਡੀ . ਐੱਮ. ਨੇ ਅਨਾਜ ਮੰਡੀ ''ਚ ਲਿਆ ਝੋਨੇ ਦੀ ਖਰੀਦ ਦਾ ਜਾਇਜ਼ਾ

10/16/2018 1:01:43 PM

ਜਲਾਲਾਬਾਦ, (ਸੇਤੀਆ, ਜਤਿੰਦਰ, ਬੰਟੀ) –  ਪਿਛਲੇ ਕੁਝ ਦਿਨਾਂ ਤੋਂ ਝੋਨੇ ਦੀ ਖਰੀਦ ਪ੍ਰਕਿਰਿਆ 'ਚ ਲੱਗ ਰਹੇ ਵਿਰਾਮ ਤੋਂ ਬਾਅਦ ਰਾਈਸ ਮਿੱਲਰਾਂ ਨੇ ਅਨਾਜ ਮੰਡੀਆਂ 'ਚ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ ਐੱਸ. ਡੀ. ਐੱਮ. ਕੇਸ਼ਵ ਗੋਇਲ ਅਤੇ ਹੋਰ ਖਰੀਦ ਏਜੰਸੀ ਦੇ ਅਧਿਕਾਰੀ ਸੈਕਟਰੀ ਕੰਵਰਪ੍ਰੀਤ ਬਰਾੜ, ਦਿਲੋਰ ਚੰਦ, ਰਣਜੀਤ ਸਿੰਘ ਨੇ ਅਨਾਜ ਮੰਡੀ ਦਾ ਜਾਇਜ਼ਾ ਲੈਂਦਿਆਂ ਝੋਨੇ ਦੀ ਖਰੀਦ ਨੂੰ ਅੱਗੇ ਵਧਾਇਆ ਅਤੇ ਰਾਈਸ ਮਿੱਲਰਾਂ ਨੂੰ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਤਾਲਮੇਲ ਬਣਾ ਕੇ ਰੱਖਣ ਦੀ ਗੱਲ ਕਹੀ।ਇਹ ਖਰੀਦ ਹਨੀ ਟ੍ਰੇਡਿੰਗ ਕੰਪਨੀ ਤੋਂ ਸ਼ੁਰੂ ਕੀਤੀ ਗਈ।

ਇਸ ਮੌਕੇ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਹਨੀ ਪੁਪਨੇਜਾ, ਸਚਿਨ ਮਿੱਢਾ, ਅਨੰਤ ਨਾਗਪਾਲ, ਗੋਪਾਲ ਬਜਾਜ, ਕਾਲੀ ਦੂਮੜਾ ਤੋਂ ਇਲਾਵਾ ਨੰਨੂ ਕੁੱਕੜ, ਰਾਈਸ ਮਿੱਲਰ ਰਮਨ ਸਿਡਾਨਾ ਆਦਿ ਖਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ। ਇਸ ਦੌਰਾਨ ਐੱਸ. ਡੀ. ਐੱਮ. ਨੇ ਕਿਹਾ ਕਿ ਅਨਾਜ ਮੰਡੀ 'ਚ ਸਰਕਾਰੀ ਮਾਪਦੰਡਾਂ ਅਨੁਸਾਰ ਖਰਾ ਉਤਰਨ ਵਾਲੇ ਝੋਨੇ ਦੀ ਹੀ ਖਰੀਦ ਕੀਤੀ ਜਾਵੇਗੀ। ਰਾਈਸ ਮਿੱਲਰਾਂ ਨੇ ਸਪੱਸ਼ਟ ਕੀਤਾ ਕਿ ਉਹ ਝੋਨਾ ਖਰੀਦਣ ਲਈ ਤਿਆਰ ਹਨ ਪਰ 17 ਫੀਸਦੀ ਤੋਂ ਵੱਧ ਨਮੀ ਵਾਲੇ ਝੋਨੇ ਦੀ ਉਹ ਖਰੀਦ ਨਹੀਂ ਕਰਨਗੇ।