ਸਰਕਾਰੀ ਹਸਪਤਾਲ ’ਚ ਐਮਰਜੈਂਸੀ ਸੇਵਾਵਾਂ ਬੰਦ, ਚਿਪਕਾਇਆ ਨੋਟਿਸ

12/14/2018 5:11:28 AM

ਸ੍ਰੀ ਚਮਕੌਰ ਸਾਹਿਬ, (ਕੌਸ਼ਲ)- ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਕੋਈ ਵੀ ਮੈਡੀਕਲ ਡਾਕਟਰ ਨਾ ਹੋਣ ਕਾਰਨ ਬੰਦ ਹੋ ਗਈਆਂ ਹਨ। ਇਸ ਸਬੰਧੀ ਹਸਪਤਾਲ ਨੇ ਪਹਿਲਾ ਇਕ ਲਿਖ਼ਤੀ ਨੋਟਿਸ ਲਾ ਦਿੱਤਾ ਸੀ ਪਰ ਬਾਅਦ ਵਿਚ ਜਦੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਤਾਂ ਇਹ ਨੋਟਿਸ ਉਤਾਰ ਦਿੱਤਾ ਗਿਆ। ਜੇ ਇੰਝ ਕਹਿ ਲਈਏ ਕੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ’ਚ ਇਹ ਪ੍ਰਮੁੱਖ ਹਸਪਤਾਲ ਹੈ, ਜਿਸ ਵਿਚ ਕੇਵਲ ਦੋ ਹੀ ਡਾਕਟਰ 30 ਬੈੱਡਾਂ ਵਾਲੇ ਹਸਪਤਾਲ ਨੂੰ ਚਲਾ ਰਹੇ ਹਨ । 159 ਪਿੰਡਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਇਸ ਹਸਪਤਾਲ ਵਿਚ 6 ਡਾਕਟਰਾਂ ਦੀਆਂ ਅਸਾਮੀਆਂ ਹਨ, ਜਿਨ੍ਹਾਂ ਵਿਚੋਂ ਤਿੰਨ ਡਾਕਟਰ ਪਹਿਲਾਂ ਹੀ ਬਦਲ ਗਏ ਤੇ ਬਾਕੀ ਇਸ ਹਸਪਤਾਲ ਅਧੀਨ ਪੈਂਦੀਆਂ ਤਿੰਨ ਡਿਸਪੈਂਸਰੀਆਂ ਅਮਰਾਲੀ, ਸੂਰਤਾਪੁਰ ਅਤੇ ਬੂਰਮਾਜਰਾ ਵਿਚੋਂ 2 ਡਾਕਟਰ ਸੂਰਤਾਪੁਰ ਅਤੇ ਬੂਰਮਾਜਰਾ ਡਿਸਪੈਂਸਰੀਆਂ ਵਿਚੋਂ ਪਤੀ-ਪਤਨੀ ਇੱਥੇ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਨੇ ਵੀ ਅਾਪਣੀ ਬਦਲੀ ਬੀਤੇ ਦਿਨ ਮੋਹਾਲੀ ਦੀ ਕਰਵਾ ਲਈ, ਜਿਸ ਕਾਰਨ ਹੁਣ ਇੱਥੇ ਐਮਰਜੈਂਸੀ ਡਾਕਟਰ ਕੋਈ ਵੀ ਨਹੀਂ ਹੈ, ਜਦਕਿ ਅਮਰਾਲੀ ਦੇ ਡਾਕਟਰ ਦੀ ਪੋਸਟ ਕਈ ਮਹੀਨਿਆਂ ਤੋਂ ਪਹਿਲਾਂ ਹੀ ਖਾਲੀ ਚਲਦੀ ਆ ਰਹੀ ਹੈ ਅਤੇ ਹੁਣ ਹਸਪਤਾਲ ਵਿਚ ਮਰੀਜ਼ ਇੱਕਾ-ਦੁੱਕਾ ਹੀ ਆ ਰਹੇ ਹਨ। ਨਰਸਾਂ ਤੇ ਹੋਰ ਸਟਾਫ਼ ਦਾ ਵੀ ਕਹਿਣਾ ਹੈ ਕਿ ਅਸੀਂ ਬਿਨਾਂ ਡਾਕਟਰ ਤੋਂ ਮਰੀਜ਼ ਨੂੰ ਕੀ ਸਹੂਲਤ ਦੇ ਸਕਦੇ ਹਾਂ, ਇਸ ਲਈ ਮਰੀਜ਼ ਨੂੰ ਅਸੀਂ ਐਮਰਜੈਂਸੀ ਹਾਲਤ ਵਿਚ ਵੀ ਇੱਥੇ ਨਹੀਂ ਰੱਖ ਸਕਦੇ। ਹਸਪਤਾਲ ਦੇ ਜ਼ਿਆਦਾਤਰ ਬੈੱਡ ਖਾਲੀ ਪਏ ਹਨ, ਜੋ ਇੱਕਾ-ਦੁੱਕਾ ਮਰੀਜ਼ ਹਨ ਉਹ ਵੀ ਕਹਿੰਦੇ ਹਨ ਕਿ ਕੱਲ ਤੋਂ ਕੋਈ ਵੀ ਡਾਕਟਰ ਵਾਰਡ ਵਿਚ ਰਾਊਂਡ ’ਤੇ ਨਹੀਂ ਆ ਰਿਹਾ, ਅਸੀਂ ਇੱਥੇ ਰਹਿ ਕੇ ਵੀ ਕੀ ਕਰਨਾ ਹੈ। ਰੱਬ ਨਾ ਕਰੇ ਜੇਕਰ ਕੋਈ ਵੱਡੀ ਘਟਨਾ ਜਾਂ ਐਮਰਜੈਂਸੀ ਹਾਲਾਤ ਪੈਦਾ ਹੋ ਜਾਣ ਤਾਂ ਉਨ੍ਹਾਂ ਮਨੁੱਖੀ ਜਾਨਾਂ ਦਾ ਕੀ ਬਣੇਗਾ। ਉਧਰ ਹਸਪਤਾਲ ਵਿਚ ਦਵਾਈਆਂ ਦੀ ਘਾਟ ਵੀ ਮਹਿਸੂਸ ਹੋ ਰਹੀ ਹੈ। ਪ੍ਰਾਈਵੇਟ ਲੈਬਾਰਟਰੀਅਾਂ ਵਲੇ ਖੂਨ ਦੀ ਜਾਂਚ ਇੱਥੇ ਆਮ ਤੌਰ ’ਤੇ ਕਰਦੇ ਦੇਖੇ ਜਾ ਸਕਦੇ ਹਨ। ਮੌਜੂਦਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਾਦਲ ਸਰਕਾਰ ਵੇਲੇ 2008 ਵਿਚ, ਜਦੋਂ ਉਹ ਐੱਮ. ਐੱਲ. ਏ. ਸਨ, ਵਿਧਾਨ ਸਭਾ ਵਿਚ ਮੰਗ ਕਰ ਕੇ ਇਸ ਹਸਪਤਾਲ ਨੂੰ ਅਪਗ੍ਰੇਡ ਕਰਵਾ ਕੇ 50 ਬਿਸਤਰਿਆਂ ਦਾ ਹਸਪਤਾਲ ਪ੍ਰਵਾਨ ਕਰਵਾਇਆ ਸੀ। ਇਸ ਹਸਪਤਾਲ ਦਾ ਨਾਂ ਵੀ ‘ਸ਼ਹੀਦ ਬਾਬਾ ਸੰਗਤ ਸਿੰਘ ਜੀ’ ਦੇ ਨਾਂ ’ਤੇ ਰੱਖਿਆ ਗਿਆ ਹੈ ਪਰ 10 ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਹਸਪਤਾਲ 30 ਬਿਸਤਰਿਆਂ ਦਾ ਹੀ ਰਿਹਾ, ਜਦਕਿ ਇਸ ਹਸਪਤਾਲ ਲਈ ਨਗਰ ਪੰਚਾਇਤ ਨੇ ਮਤਾ ਪਾ ਕੇ ਪਸ਼ੂ ਹਸਪਤਾਲ ਅਤੇ ਸਰਕਾਰੀ ਆਰੇ ਦੀ ਜ਼ਮੀਨ ਹਸਪਤਾਲ ਦੇ ਨਾਂ ਕਰ ਦਿੱਤੀ ਹੈ ਪਰ ਇੱਥੇ ਤਾਂ ਹੁਣ 30 ਬਿਸਤਰਿਆਂ ਦਾ ਹਸਪਤਾਲ ਚਲਾਉਣਾ ਹੀ ਔਖਾ ਹੋਇਆ ਪਿਆ ਹੈ, ਜਦਕਿ ਕੈਬਨਿਟ ਮੰਤਰੀ ਵੀ ਸਾਡਾ ਹੀ ਹੋਵੇ। ਇਸ ਨਾਲ ਪੰਜਾਬ ਸਰਕਾਰ ਦੇ ਸਿਹਤ ਸੇਵਾਵਾਂ ਲਈ ਕੀਤੇ ਵਾਅਦਿਆਂ ਦੀ ਫੂਕ ਨਿਕਲ ਗਈ ਜਾਪਦੀ ਹੈ। ਜਦੋਂ ਇਸ ਸਬੰਧੀ ਐੱਸ. ਐੱਮ. ਓ. ਡਾਕਟਰ ਅਸ਼ੋਕ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਦੱਸਿਆ ਜਾ ਚੁੱਕਾ ਹੈ ਕਿ ਕੇਵਲ 2 ਡਾਕਟਰ ਹੀ 24 ਘੰਟੇ ਦੀਆਂ ਐਮਰਜੈਂਸੀ ਸੇਵਾਵਾਂ ਨਿਭਾਅ ਰਹੇ ਹਨ ਤੇ ਹੋਰ ਡਾਕਟਰ ਭੇਜਣ ਲਈ ਵੀ ਮੰਗ ਕੀਤੀ ਗਈ ਸੀ ਪਰ ਹੁਣ ਤਾਂ ਇਹ 2 ਡਾਕਟਰ ਵੀ ਚਲੇ ਗਏ ਹਨ। ਕੈਬਨਿਟ ਮੰਤਰੀ  ਚੰਨੀ ਦਾ ਕਹਿਣਾ ਹੈ ਉਹ ਇਸ ਸਬੰਧੀ ਤੁਰੰਤ ਸਿਹਤ ਮੰਤਰੀ ਨੂੰ ਮਿਲਣ ਜਾ ਰਹੇ ਹਨ ਤਾਂ ਜੋ ਹਸਪਤਾਲ ਵਿਚ ਹੋਰ ਨਵੇਂ ਡਾਕਟਰ ਭੇਜੇ ਜਾ ਸਕਣ।  
 

KamalJeet Singh

This news is Content Editor KamalJeet Singh