ਵਿਧਾਨ ਸਭਾ: ‘ਨਸ਼ੇ ਵਾਲੇ ਵੱਡੇ ਬੰਦਿਆਂ ਦੇ ਮੈਨੂੰ ਨਾਂ ਦਿਓ, ਕੱਲ ਫਡ਼ ਲਵਾਂਗੇ’

02/21/2019 1:06:14 AM

ਚੰਡੀਗਡ਼੍ਹ, (ਅਸ਼ਵਨੀ)– ਵਿਧਾਨ ਸਭਾ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਨਸ਼ੇ ਦੇ ਮੁੱਦੇ ’ਤੇ ਬੋਲਣ ਵਾਲਿਆਂ ਨੂੰ ਜਵਾਬ ਦਿੱਤਾ। ਮੁੱਖ ਮੰਤਰੀ ਨੇ ਕਿਹਾ  ‘ਕਹਿੰਦੇ ਨੇ, ਵੱਡੇ ਫਡ਼ੋ, ਨਸ਼ੇ ਵਾਲੇ ਵੱਡੇ ਬੰਦਿਆਂ  ਦੇ ਮੈਨੂੰ ਨਾਂ ਦਿਓ, ਕੱਲ ਫਡ਼ ਲਵਾਂਗੇ, ਕੋਈ ਮੁਸ਼ਕਿਲ ਨਹੀਂ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ’ਤੇ ਬੋਲਣ ਵਾਲਿਆਂ ਨੂੰ ਕੀ ਲੱਗਦਾ ਹੈ ਕਿ ਸਪੈਸ਼ਲ ਟਾਸਕ ਫੋਰਸ ਘਰ ਬੈਠੀ ਹੈ, ਕੀ ਉਹ ਆਪਣਾ ਕੰਮ ਨਹੀਂ ਕਰ ਰਹੀ ਹੈ। ਟਾਸਕ ਫੋਰਸ ਲਗਾਤਾਰ  ਰੇਡ ਕਰ ਰਹੀ ਹੈ ਅਤੇ ਜੋ ਵੀ ਸੂਚਨਾਵਾਂ ਆਉਂਦੀਆਂ ਹਨ, ਉਸ ਦੇ ਆਧਾਰ ’ਤੇ  ਕਾਰਵਾਈ ਕੀਤੀ ਜਾਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਨਹੀਂ ਪਰ ਦੇਸ਼ ਦੇ ਬਾਹਰ ਇਕ-ਦੋ ਲੋਕ ਹਨ,  ਜੋ ਨਸ਼ੇ ਦੇ ਕਾਰੋਬਾਰ ’ਚ ਸ਼ਾਮਲ ਸਨ  ਤੇ ਜਦੋਂ ਵੀ ਉਹ ਇੱਥੇ ਆਉਣਗੇ, ਨੂੰ ਵੀ ਫਡ਼ ਲਿਆ ਜਾਵੇਗਾ।  
 ਇਸ ਲਈ ਨਸ਼ੇ ਨੂੰ ਲੈ ਕੇ ਸਰਕਾਰ ਖਿਲਾਫ ਬੋਲਣ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਪੈਸ਼ਲ ਟਾਸਕ ਫੋਰਸ ਜਿੰਨਾ ਕਰ ਸਕਦੀ ਹੈ, ਕਰ ਰਹੀ ਹੈ।  ਮੁੱਖ ਮੰਤਰੀ ਨੇ ਪੁਲਸ ਵਿਭਾਗ ’ਚ ਅਫਸਰਾਂ ਦੀ ਨਿਯੁਕਤੀ ’ਤੇ ਵੀ ਦੋ-ਟੁੱਕ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੈਂ ਵੇਖਣਾ ਹੈ ਕਿ ਕਿਸ ਅਫਸਰ ਨੂੰ ਕਿੱਥੇ ਤਾਇਨਾਤ ਕਰਨਾ ਹੈ। ਫੋਰਸ ਬਿਹਤਰ ਕੰਮ ਕਰ ਰਹੀ ਹੈ,  ਇਸ ਲਈ ਸਵਾਲ ਚੁੱਕਣ ਦਾ ਕੋਈ ਮਤਲਬ ਨਹੀਂ ਹੈ।  ਪੰਜਾਬ ’ਚ ਨਸ਼ੇ ਦੀ ਕਮਰ ਟੁੱਟ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ’ਤੇ ਵੀ ਸਵਾਲ ਚੁੱਕਿਆ ਜਾਂਦਾ ਹੈ ਪਰ ਸਿਰਫ ਉਨ੍ਹਾਂ ਨਸ਼ੇ ਦੇ ਮਰੀਜ਼ਾਂ ਦੀ ਮੌਤ ਹੋ ਰਹੀ ਹੈ, ਜੋ ਇਲਾਜ ਨਹੀਂ ਕਰਵਾ ਰਹੇ ਹਨ ਜਾਂ ਨਸ਼ੇ ’ਚ ਜ਼ਹਿਰ ਵਰਗੇ ਮਿਕਸਚਰ ਮਿਲਾ ਕੇ ਉਸ ਦਾ ਇਸਤੇਮਾਲ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਾਲੇ ਸਰਕਾਰ ਨੂੰ  2 ਸਾਲ ਹੀ ਹੋਏ ਹਨ ਅਤੇ ਸਰਕਾਰ ਨੇ 21039 ਕੇਸ ਰਜਿਸਟਰ ਕੀਤੇ ਹਨ। 25092 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪੂਰਾ ਪੰਜਾਬ ਤਾਂ ਹਿਰਾਸਤ ’ਚ ਨਹੀਂ ਲਿਆ ਜਾ ਸਕਦਾ ਹੈ, ਸਭ ਕੁਝ ਸਿਸਟਮ ਅਨੁਸਾਰ ਚੱਲਦਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ 556 ਕਿਲੋ ਹੈਰੋਇਨ ਫਡ਼ੀ ਗਈ ਹੈ। ਪਹਿਲਾਂ ਜੋ ਹੈਰੋਇਨ 1200 ਰੁਪਏ ਗ੍ਰਾਮ ਹੁੰਦੀ ਸੀ, ਉਹ ਹੁਣ 6 ਹਜ਼ਾਰ ਰੁਪਏ ਗ੍ਰਾਮ ਹੋ ਗਈ ਹੈ। ਬਾਜ਼ਾਰ ’ਚ ਮੰਗ ਵਧੀ ਹੈ ਪਰ ਸਪਲਾਈ ਨਹੀਂ ਹੈ। ਇਸ ਲਈ ਕੈਮੀਕਲ ਦੇ ਮਿਕਸਚਰ ਵਾਲੇ ਨਸ਼ੇ ਨਾਲ ਮੌਤ  ਦੇ ਕੁਝ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਵੱਖਰੀ ਗੱਲ ਹੈ ਕਿ ਸਿਹਤ ਮੰਤਰੀ ਦੀ ਰਾਇ ਮੁੱਖ ਮੰਤਰੀ ਤੋਂ ਕਾਫ਼ੀ ਜੁਦਾ ਸੀ। ਮੁੱਖ ਮੰਤਰੀ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਡਰੱਗ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦਾ ਸਵਾਲ ਚੁੱਕਣ ’ਤੇ ਸਿਹਤ ਮੰਤਰੀ  ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ’ਚ ਹੋਈਆਂ ਮੌਤਾਂ  ਦੇ ਪੋਸਟਮਾਰਟਮ ’ਚ ਡਰੱਗ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਕੈਮੀਕਲ ਨਹੀਂ ਪਾਇਆ ਗਿਆ ਹੈ, ਜੋ ਇਹ ਸਾਬਤ ਕਰਦਾ ਹੋਵੇ ਕਿ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ।    

Bharat Thapa

This news is Content Editor Bharat Thapa