ਗੈਂਗਸਟਰ ਸ਼ੇਰਾ ਖੁੱਬਣ ਗਰੁੱਪ ਦਾ ਮੈਂਬਰ 2 ਸਾਥੀਆਂ ਸਮੇਤ ਗ੍ਰਿਫਤਾਰ

12/21/2019 10:04:03 PM

ਬਠਿੰਡਾ, (ਪਰਮਿੰਦਰ)- ਸੀ. ਆਈ. ਏ. ਸਟਾਫ-2 ਦੀ ਟੀਮ ਨੇ ਇਕ ਅੰਤਰਰਾਜੀ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਚੋਂ ਇਕ ਮੁਲਜ਼ਮ ਗੈਂਗਸਟਰ ਸ਼ੇਰਾ ਖੁੱਬਣ ਗਰੁੱਪ ਦਾ ਮੈਂਬਰ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ ਪਿਸਤੌਲ, 100 ਗ੍ਰਾਮ ਹੈਰੋਇਨ ਅਤੇ ਇਕ ਕਾਰ ਬਰਾਮਦ ਕੀਤੀ ਹੈ। ਮੁਲਜ਼ਮਾਂ ਖਿਲਾਫ ਥਾਣਾ ਕੈਂਟ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਡ਼ੇ ਗਏ ਮੁਲਜ਼ਮਾਂ ’ਚੋਂ 2 ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਲੁੱਟ-ਖੋਹ ਅਤੇ ਹੋਰ ਅਪਰਾਧਿਕ ਮਾਮਲੇ ਦਰਜ ਹਨ।

ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-2 ਦੇ ਪ੍ਰਮੁੱਖ ਤਰਜਿੰਦਰ ਸਿੰਘ ਦੀ ਅਗਵਾਈ ’ਚ ਐੱਸ. ਆਈ. ਅਵਤਾਰ ਸਿੰਘ ਨੇ ਬੀਤੀ ਦੇਰ ਰਾਤ ਪਟੇਲ ਨਗਰ ਨਜ਼ਦੀਕ ਰਿੰਗ ਰੋਡ ’ਤੇ ਇਕ ਵਰਨਾ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ, ਜਿਸ ’ਚ ਮੁਲਜ਼ਮ ਗੁਰਦੀਪ ਸਿੰਘ ਕਾਕਾ ਵਾਸੀ ਮਡ਼ਾਕ, ਜ਼ਿਲਾ ਫਰੀਦਕੋਟ, ਪਰਮਜੀਤ ਸਿੰਘ ਪੰਮਾ ਅਤੇ ਰਛਪਾਲ ਸਿੰਘ ਪਾਲੋ ਵਾਸੀ ਧੂੰਦਾ ਜ਼ਿਲਾ ਤਰਨਤਾਰਨ ਸਵਾਰ ਸਨ। ਪੁਲਸ ਨੇ ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ 32 ਬੋਰ ਦਾ ਪਿਸਤੌਲ ਅਤੇ 5 ਕਾਰਤੂਸ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ। ਮੁਲਜ਼ਮਾਂ ਨੂੰ ਪੁਲਸ ਨੇ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ, ਜਿਸ ’ਚ ਹੋਰ ਅਹਿਮ ਖੁਲਾਸੇ ਹੋਣ ਦੀਆਂ ਸੰਭਾਵਨਾਵਾਂ ਹਨ।

ਉੱਤਰ ਪ੍ਰਦੇਸ਼ ’ਚ ਸਰਗਰਮ ਸੀ ਸ਼ੇਰਾ ਦਾ ਸਾਥੀ ਕਾਕਾ

ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਦੀਪ ਸਿੰਘ ਕਾਕਾ ਦਾ ਸਬੰਧ ਗੈਂਗਸਟਰ ਸ਼ੇਰਾ ਖੁੱਬਣ ਗਰੁੱਪ ਨਾਲ ਹੈ। 2017 ਦੌਰਾਨ ਕਾਕਾ ਦੇ 2 ਸਾਥੀ ਬਠਿੰਡਾ ਦੇ ਗੁਲਾਬਗਡ਼੍ਹ ਨਜ਼ਦੀਕ ਹੋਏ ਪੁਲਸ ਮੁਕਾਬਲੇ ਦੌਰਾਨ ਮਾਰੇ ਗਏ ਸਨ ਜਦਕਿ ਕੁਝ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜਦੋਂ ਤੋਂ ਗੁਰਦੀਪ ਸਿੰਘ ਕਾਕਾ ਪੁਲਸ ਦੀ ਪਹੁੰਚ ਤੋਂ ਨਿਕਲ ਕੇ ਉੱਤਰ ਪ੍ਰਦੇਸ਼ ਪਹੁੰਚ ਗਿਆ ਸੀ, ਉਦੋਂ ਤੋਂ ਉਹ ਉਥੇ ਹੀ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਉਸਦੇ ਖਿਲਾਫ ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਹੋਰ ਕਈ ਸੂਬਿਆਂ ’ਚ ਅਪਰਾਧਿਕ ਮਾਮਲੇ ਦਰਜ ਹਨ। ਇਸ ਤਰ੍ਹਾਂ ਮੁਲਜ਼ਮ ਪਰਮਜੀਤ ਸਿੰਘ ਪੰਮਾ ਖਿਲਾਫ ਪਹਿਲਾਂ ਬਠਿੰਡਾ, ਬਿਆਸ, ਗੋਇੰਦਵਾਲ ਸਾਹਿਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਆਦਿ ’ਚ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ।

Bharat Thapa

This news is Content Editor Bharat Thapa