ਬਿਜਲੀ ਦਾ ਪ੍ਰਾਜੈਕਟ ਵੇਚਣ ਦੇ ਨਾਂ ''ਤੇ 4 ਕਰੋੜ ਦੀ ਠੱਗੀ

07/17/2019 10:29:49 AM

ਬਠਿੰਡਾ (ਬਲਵਿੰਦਰ)— ਬਿਜਲੀ ਬਣਾਉਣ ਦਾ ਪ੍ਰਾਜੈਕਟ ਵੇਚਣ ਦੇ ਨਾਂ 'ਤੇ 4 ਕਰੋੜ ਦੀ ਠੱਗੀ ਮਾਰਨ ਦੇ ਦੋਸ਼ 'ਚ ਬਠਿੰਡਾ ਪੁਲਸ ਨੇ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਜਸਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਰਾਮਗੜ੍ਹ ਜ਼ਿਲਾ ਫਰੀਦਕੋਟ ਨੇ ਚਮਨਦੀਪ ਸਿੰਘ ਉਰਫ ਮਤਲਖੀ, ਮਨਦੀਪ ਸਿੰਘ ਅੰਮੂ, ਦਲਬੀਰ ਸਿੰਘ, ਬਲਵੰਤ ਕੌਰ, ਹਨਦੀਪ ਕੌਰ, ਹਰਲੀਨ ਕੌਰ ਦੇ ਵਿਰੁੱਧ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਮੈਂ ਸੰਗਰੂਰ ਤੋਂ ਆਪਣਾ ਕੰਮ-ਕਾਰ ਕਰ ਕੇ ਵਾਪਸ ਬਠਿੰਡਾ ਜਾ ਰਿਹਾ ਸੀ ਤਾਂ ਬਰਨਾਲਾ 'ਚ ਇਕ ਮਾਲ 'ਚ ਮੈਂ ਖਾਣ-ਪੀਣ ਲਈ ਰੁਕਿਆ ਤਾਂ ਉਥੇ ਪਹਿਲਾਂ ਤੋਂ ਹੀ ਮੇਰੇ ਦੋਸਤ ਬਲਕਾਰ ਸਿੰਘ ਵਾਸੀ ਗੋਨਿਆਨਾ ਮੰਡੀ, ਯਾਦਵਿੰਦਰ ਸਿੰਘ ਉਰਫ ਸ਼ੈਂਟੀ ਅਤੇ ਉਸ ਦਾ ਭਾਈ ਰਾਜਮਿੰਦਰ ਸਿੰਘ ਖੜ੍ਹੇ ਸਨ, ਜਿਨ੍ਹਾਂ ਦੇ ਨਾਲ ਇਕ ਵਿਅਕਤੀ ਚਮਨਦੀਪ ਸਿੰਘ ਉਰਫ ਮਿਲਖੀ ਵੀ ਖੜ੍ਹਾ ਸੀ, ਜਿਸ ਨਾਲ ਮੇਰੇ ਦੋਸਤ ਬਲਕਾਰ ਸਿੰਘ ਨੇ ਜਾਣ-ਪਛਾਣ ਕਰਵਾਈ ਤਦ ਚਮਨਦੀਪ ਨੇ ਮੈਨੂੰ ਕਿਹਾ ਕਿ ਸਾਡਾ ਬਠਿੰਡਾ 'ਚ ਸਰਹੱਦ ਨਹਿਰ 'ਤੇ ਐੱਸ. ਕੇ. ਹੈਡਰੋ ਕੰਪਨੀ ਦੇ ਨਾਂ 'ਤੇ ਬਿਜਲੀ ਪ੍ਰਾਜੈਕਟ ਲਾਇਆ ਹੋਇਆ ਹੈ, ਜਿਸ ਦੀ ਆਮਦਨ 10 ਲੱਖ ਰੁਪਏ ਮਹੀਨਾ ਹੈ, ਤੁਸੀਂ ਇਸ ਪ੍ਰਾਜੈਕਟ ਨੂੰ ਖਰੀਦ ਸਕਦੇ ਹੋ। ਉਨ੍ਹਾਂ ਦੀਆਂ ਗੱਲਾਂ 'ਚ ਆ ਕੇ ਮੈਂ ਪ੍ਰਾਜੈਕਟ ਖਰੀਦਣ ਲਈ ਹਾਮੀ ਭਰ ਦਿੱਤੀ ਤਾਂ ਉਸ ਨੇ ਪ੍ਰਾਜੈਕਟ ਸਬੰਧੀ ਪੰਚਾਇਤੀ ਰਾਜ਼ੀਨਾਮੇ ਦੀ ਫੋਟੋ ਕਾਪੀ ਵੀ ਦਿਖਾਈ ਅਤੇ ਮੈਨੂੰ ਕਿਹਾ ਕਿ ਤੁਹਾਨੂੰ ਪ੍ਰਾਜੈਕਟ ਦਾ ਕਬਜ਼ਾ ਦੇ ਦਿੱਤਾ ਜਾਵੇਗਾ। ਸ਼ੇਅਰ ਵੀ ਤੁਹਾਡੇ ਨਾਂ ਟਰਾਂਸਫਰ ਕਰ ਦਿੱਤੇ ਜਾਣਗੇ।

ਸਮਝੌਤੇ ਅਨੁਸਾਰ ਬਲਵੀਰ ਕੌਰ ਨੂੰ ਇਸ ਪ੍ਰਾਜੈਕਟ ਨੂੰ ਵੇਚਣ ਦੇ ਅਖਤਿਆਰ ਦਿੱਤੇ ਹੋਏ ਹਨ। ਪ੍ਰਾਜੈਕਟ 'ਤੇ ਸਟੇਟ ਬੈਂਕ ਆਫ ਇੰਡੀਆ ਦਾ ਲੋਨ ਹੈ। 3 ਕਰੋੜ 82 ਲੱਖ ਦੀ ਰਕਮ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾ ਕਰਵਾ ਕੇ ਉਨ੍ਹਾਂ ਦੀਆਂ ਕਰੀਬ 4 ਕਰੋੜ ਦੀਆਂ ਸੰਪੱਤੀਆਂ ਬੈਂਕ 'ਚ ਰਿਲੀਜ਼ ਕਰਵਾ ਲਈਆਂ ਗਈਆਂ ਪਰ ਉਨ੍ਹਾਂ ਨੇ ਪ੍ਰਾਜੈਕਟ ਮੇਰੇ ਨਾਂ ਨਹੀਂ ਕਰਵਾਇਆ ਜਦੋਂ ਕਿ ਉਨ੍ਹਾਂ ਦੇ ਅਕਾਊਂਟ ਨੂੰ ਬੈਂਕ ਨੇ ਐੱਨ. ਟੀ. ਏ. ਘੋਸ਼ਿਤ ਕਰ ਰੱਖਿਆ ਸੀ। ਇਨ੍ਹਾਂ ਲੋਕਾਂ ਨੂੰ ਕੰਪਨੀ 'ਚ ਅਸਤੀਫਾ ਦੇਣ ਸਬੰਧੀ ਅਤੇ ਸ਼ੇਅਰ ਟਰਾਂਸਫਰ ਕਰਨ ਲਈ 20 ਲੱਖ ਰੁਪਏ ਵੀ ਮੈਂ ਅਦਾ ਕਰ ਦਿੱਤੇ। 15 ਲੱਖ ਅਸਤੀਫਾ ਦੇਣ ਅਤੇ ਸ਼ੇਅਰ ਟਰਾਂਸਫਰ ਕਰਨ ਦੇ ਬਾਅਦ ਦੇਣੇ ਸਨ। ਇਨ੍ਹਾਂ ਲੋਕਾਂ ਨੇ ਨਾ ਤਾਂ ਕੰਪਨੀ ਤੋਂ ਅਸਤੀਫਾ ਦਿੱਤਾ ਅਤੇ ਨਾ ਹੀ ਸ਼ੇਅਰ ਟਰਾਂਸਫਰ ਕੀਤੇ, ਜਿਸ ਕਾਰਣ ਉਨ੍ਹਾਂ ਨੇ ਮੇਰੇ ਨਾਲ 4 ਕਰੋੜ ਰੁਪਏ ਦੀ ਠੱਗੀ ਮਾਰੀ ਹੈ ਜਦੋਂ ਕਿ ਬਲਵੀਰ ਕੌਰ ਨੇ ਇਨ੍ਹਾਂ ਲੋਕਾਂ ਨੂੰ ਕੰਪਨੀ ਦੇ ਸ਼ੇਅਰ ਮੈਨੂੰ ਟਰਾਂਸਫਰ ਕਰਵਾਉਣ ਲਈ ਕਿਹਾ ਅਤੇ ਉਹ ਹੁਣ ਵੀ ਆਪਣੇ ਸ਼ੇਅਰ ਟਰਾਂਸਫਰ ਕਰਨ ਨੂੰ ਤਿਆਰ ਹੈ ਜਦੋਂ ਕਿ ਇਨ੍ਹਾਂ ਲੋਕਾਂ ਨੇ ਸਾਜ਼ਿਸ਼ ਤਹਿਤ ਨਾ ਤਾਂ ਕੰਪਨੀ ਤੋਂ ਅਸਤੀਫਾ ਦਿੱਤਾ ਅਤੇ ਨਾ ਹੀ ਸ਼ੇਅਰ ਟਰਾਂਸਫਰ ਕਰਵਾਏ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ 'ਤੇ ਜਸਪ੍ਰੀਤ ਦੇ ਬਿਆਨਾਂ ਦੇ ਆਧਾਰ 'ਤੇ ਚਮਨਦੀਪ ਸਿੰਘ ਉਰਫ ਮਿਲਖੀ, ਦਲਬੀਰ ਸਿੰਘ, ਅਮਨਦੀਪ ਸਿੰਘ ਉਰਫ ਅੰਮੂ, ਹਨੀਦੀਪ ਕੌਰ, ਹਰਲੀਨ ਕੌਰ ਵਾਸੀਆਨ ਸੰਗਰੂਰ ਦੇ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna