ਵਿਆਹ ਕਰਵਾ ਕੇ ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ 25 ਲੱਖ 70 ਹਜ਼ਾਰ ਦੀ ਠੱਗੀ

05/15/2019 5:21:33 PM

ਮੋਗਾ (ਆਜ਼ਾਦ)—ਮੋਗਾ ਜ਼ਿਲੇ ਦੇ ਪਿੰਡ ਡਰੋਲੀ ਭਾਈ ਨਿਵਾਸੀ ਜਸਪ੍ਰੀਤ ਸਿੰਘ ਵੱਲੋਂ ਆਈਲੈਟਸ ਦੇ ਆਧਾਰ 'ਤੇ ਕੈਨੇਡਾ ਗਈ ਲੜਕੀ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲੀਭੁਗਤ ਕਰ ਕੇ ਉਸ ਨਾਲ ਵਿਆਹ ਕਰਵਾ ਕੇ ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਉਸ ਨਾਲ 25 ਲੱਖ 70 ਹਜ਼ਾਰ ਰੁਪਏ ਦੀ ਠੱਗੀ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ, ਜਿਥੇ ਅਦਾਲਤ ਵੱਲੋਂ ਉਸਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ।

ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁੱਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਜਸਪ੍ਰੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਨਿਵਾਸੀ ਪਿੰਡ ਡਰੋਲੀ ਭਾਈ ਨੇ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਵਿਦੇਸ਼ ਜਾਣ ਦਾ ਚਾਹਵਾਨ ਸੀ। ਉਨ੍ਹਾਂ ਦੀ ਆਪਣੇ ਕਿਸੇ ਰਿਸ਼ਤੇਦਾਰ ਰਾਹੀਂ ਮੋਗਾ ਜ਼ਿਲੇ ਦੇ ਪਿੰਡ ਬਹੋਨਾ ਨਿਵਾਸੀ ਬਲਵੀਰ ਸਿੰਘ ਨਾਲ ਗੱਲਬਾਤ ਹੋਈ, ਜਿਸਨੇ ਕਿਹਾ ਕਿ ਉਸਦੀ ਲੜਕੀ ਰੁਪਿੰਦਰ ਕੌਰ ਨੇ ਆਈਲੈਟਸ ਕੀਤੀ ਹੋਈ ਹੈ ਅਤੇ ਉਸਦੇ 6 ਬੈਂਡ ਹਨ, ਜੇਕਰ ਤੁਸੀ ਲੜਕੀ ਨੂੰ ਕੈਨੇਡਾ ਭੇਜਣ ਦਾ ਖਰਚਾ ਕਰੋਂ ਤਾਂ ਅਸੀ ਤੇਰੇ ਨਾਲ ਪੱਕਾ ਵਿਆਹ ਕਰ ਦੇਵਾਂਗੇ ਅਤੇ ਇਸ ਉਪਰੰਤ ਤੈਨੂੰ ਵੀ ਉਹ ਕੈਨੇਡਾ ਬੁਲਾ ਲਵੇਗੀ, ਜਿਸ 'ਤੇ ਧਾਰਮਕ ਰੀਤੀ-ਰਿਵਾਜ਼ਾਂ ਅਨੁਸਾਰ 1 ਮਾਰਚ 2011 ਨੂੰ ਮੇਰਾ ਰੁਪਿੰਦਰ ਕੌਰ ਨਾਲ ਮੋਗਾ ਦੇ ਗੁਰਦੁਆਰਾ ਸਾਹਿਬ 'ਚ ਵਿਆਹ ਹੋਇਆ ਅਤੇ ਵਿਆਹ ਰਜਿਸਟਰਡ ਵੀ ਹੋ ਗਿਆ, ਜਿਸ ਦੇ ਬਾਅਦ ਉਹ ਆਈਲੈਟਸ ਦੇ ਆਧਾਰ 'ਤੇ ਐਜੂਕੇਸ਼ਨ ਲਈ ਕੈਨੇਡਾ ਚੱਲੀ ਗਈ, ਜਿਸਦਾ ਸਾਰਾ ਸਕੂਲ ਦੀਆਂ ਫੀਸਾਂ ਅਤੇ ਹੋਰ ਸਾਰਾ ਖਰਚਾ ਮੇਰੇ ਵੱਲੋਂ ਕੀਤਾ ਗਿਆ। ਲੇਕਿਨ ਉਸਨੇ ਕੈਨੇਡਾ 'ਚ ਪੀ. ਆਰ. ਮਿਲਣ ਦੇ ਬਾਅਦ ਮੈਨੂੰ ਨਹੀਂ ਸੱਦਿਆ, ਜਦ ਕਿ ਆਪਣੇ ਮਾਤਾ-ਪਿਤਾ ਅਤੇ ਭਰਾਂ ਨੂੰ ਬੁਲਾ ਲਿਆ। ਜਦੋਂ ਅਸੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਸਾਨੂੰ ਕੋਈ ਜਵਾਬ ਨਾ ਦਿੱਤਾ।

ਬਾਅਦ 'ਚ ਸਾਨੂੰ ਪਤਾ ਲੱਗਾ ਕਿ ਉਸਨੇ ਮੈਨੂੰ ਤਲਾਕ ਦਿੱਤੇ ਬਗੈਰ 2016 'ਚ ਕੈਨੇਡਾ ਰਹਿੰਦੇ ਇਕ ਗਾਇਕ ਕਲਾਕਾਰ ਨਾਲ ਵਿਆਹ ਕਰਵਾ ਲਿਆ ਹੈ। ਅਸੀਂ ਪੰਚਾਇਤ ਰਾਹੀ ਵੀ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਦਾ ਯਤਨ ਕੀਤਾ, ਲੇਕਿਨ ਸਾਡੀ ਕਿਸੇ ਨੇ ਕੋਈ ਗੱਲ ਨਾ ਸੁਣੀ ਅਤੇ ਇਸ ਤਰ੍ਹਾਂ ਮੇਰੀ ਪਤਨੀ ਰੁਪਿੰਦਰ ਕੌਰ ਨੇ ਆਪਣੇ ਪਿਤਾ ਬਲਵੀਰ ਸਿੰਘ ਅਤੇ ਮਾਂ ਗੁਰਬਖਸ਼ ਕੌਰ ਅਤੇ ਕੁੱਝ ਹੋਰਨਾਂ ਨਾਲ ਕਥਿਤ ਮਿਲੀਭਗਤ ਕਰ ਕੇ ਮੇਰੇ ਨਾਲ 25 ਲੱਖ 70 ਹਜ਼ਾਰ ਦੀ ਠੱਗੀ ਮਾਰੀ ਹੈ। ਉਸਨੇ ਨਾ ਤਾਂ ਮੈਨੂੰ ਕੈਨੇਡਾ ਸੱਦਿਆ ਅਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ।

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁੱਖੀ ਮੋਗਾ ਦੇ ਆਦੇਸ਼ਾਂ 'ਤੇ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਮੋਗਾ ਵੱਲੋਂ ਕੀਤੀ ਗਈ। ਜਾਂਚ ਉਪਰੰਤ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਕੈਨੇਡਾ ਰਹਿੰਦੀ ਰੁਪਿੰਦਰ ਕੌਰ, ਉਸਦੇ ਪਿਤਾ ਬਲਵੀਰ ਸਿੰਘ ਅਤੇ ਮਾਤਾ ਗੁਰਬਖਸ਼ ਕੌਰ ਸਾਰੇ ਨਿਵਾਸੀ ਪਿੰਡ ਬਹੋਨਾ ਹਾਲ ਅਬਾਦ ਕੈਨੇਡਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਜਗਸੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਦੋਸ਼ੀ ਬਲਵੀਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸਦਾ ਅਦਾਲਤ ਵੱਲੋਂ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਜਦਕਿ ਦੂਜੇ ਦੋਸ਼ੀ ਕੈਨੇਡਾ ਹੋਣ ਕਰ ਕੇ ਕਾਬੂ ਨਹੀਂ ਆ ਸਕੇ।

Shyna

This news is Content Editor Shyna