ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਪਹਿਲਾਂ ਸਾਬਕਾ ਵਿਧਾਇਕ ਦੀ ਕੋਠੀ ਹੜੱਪੀ

08/19/2019 4:10:07 AM

ਮੋਗਾ, (ਆਜ਼ਾਦ)- ਬਸਤੀ ਗੋਬਿੰਦਗਡ਼੍ਹ ’ਚ ਸਥਿਤ ਸਾਬਕਾ ਵਿਧਾਇਕ ਮਾਸਟਰ ਸੋਹਣ ਸਿੰਘ ਦੀ 12 ਮਰਲੇ ਦੀ ਕੋਠੀ ਨੂੰ ਕੁੱਝ ਵਿਅਕਤੀਆਂ ਵੱਲੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਹੜੱਪਣ ਦੇ ਬਾਅਦ ’ਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਥਾਣਾ ਸਿਟੀ ਮੋਗਾ ਵਿਚ ਐਡਵੋਕੇਟ ਵਿਕਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਨਿਵਾਸੀ ਧਾਂਧਰਾ ਰੋਡ ਲੁਧਿਆਣਾ ਦੀ ਸ਼ਿਕਾਇਤ ’ਤੇ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ, ਜਸਵਿੰਦਰ ਸਿੰਘ ਨਿਵਾਸੀ ਪਿੰਡ ਉਮਰੀਆਣਾ, ਰਵਿੰਦਰਪਾਲ ਸਿੰਘ ਨਿਵਾਸੀ ਪਟੇਲ ਨਗਰ ਮੋਗਾ, ਰਾਜਕਰਨ ਸਿੰਘ ਗਿੱਲ ਨਿਵਾਸੀ ਬਾਘਾਪੁਰਾਣਾ, ਮਨਜੀਤ ਸਿੰਘ ਨਿਵਾਸੀ ਬੇਦੀ ਨਗਰ ਮੋਗਾ, ਵਿਕਰਮਜੀਤ ਸਿੰਘ, ਵਿਸ਼ਵਜੀਤ ਸਿੰਘ, ਬਲਵੰਤ ਕੌਰ, ਦਲਜੀਤ ਕੌਰ, ਇੰਦਰਜੀਤ ਕੌਰ, ਕਮਲਜੀਤ ਕੌਰ, ਰਵਿਜੋਤ ਕੌਰ, ਵਰਿੰਦਰ ਕੌਰ ਅਤੇ ਰਮਨਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਐਡ. ਵਿਕਰਮਜੀਤ ਸਿੰਘ ਅਤੇ ਉਸ ਦੇ ਭਰਾ ਵਿਸ਼ਵਜੀਤ ਸਿੰਘ ਰਿਸ਼ੀ ਨੇ ਕਿਹਾ ਕਿ ਉਸ ਦੇ ਨਾਨਾ ਮਾਸਟਰ ਸੋਹਣ ਸਿੰਘ, ਜੋ ਸਾਬਕਾ ਵਿਧਾਇਕ ਸਨ, ਦੀ ਕੋਠੀ 12 ਮਰਲੇ ’ਚ ਹੈ ਅਤੇ ਮੋਗਾ-ਲੁਧਿਆਣਾ ਜੀ. ਟੀ. ਰੋਡ ’ਤੇ ਸਥਿਤ ਹੈ। ਉਨ੍ਹਾਂ ਦੀ ਮੌਤ ਦੇ ਬਾਅਦ ਉਕਤ ਕੋਠੀ ਮੇਰੀ ਨਾਨੀ ਗੁਰਦਿਆਲ ਕੌਰ ਦੇ ਨਾਂ ’ਤੇ ਮਾਲ ਵਿਭਾਗ ’ਚ ਉਸ ਦਾ ਇੰਤਕਾਲ ਹੋ ਗਿਆ ਸੀ। ਮੇਰੀ ਨਾਨੀ ਦੀਆਂ ਸੱਤ ਲਡ਼ਕੀਆਂ ਜਿਨ੍ਹਾਂ ’ਚੋਂ ਮੇਰੀ ਮਾਤਾ ਰਣਧੀਰ ਕੌਰ ਪਤਨੀ ਗੁਰਮੇਲ ਸਿੰਘ ਦੀ ਮੌਤ 25 ਜੁਲਾਈ, 1995 ਨੂੰ ਹੋ ਗਈ ਸੀ, ਜਦਕਿ ਮੇਰੀ ਮਾਸੀ ਮਨਧੀਰ ਕੌਰ ਪਤਨੀ ਬਾਲਕਿਰਨ ਸਿੰਘ ਦੀ 1985 ’ਚ ਮੌਤ ਹੋ ਗਈ, ਜਦਕਿ ਬਲਵੰਤ ਕੌਰ ਮਾਂਗਟ 35-40 ਸਾਲ ਤੋਂ ਕੈਨੇਡਾ ਰਹਿੰਦੀ ਹੈ ਅਤੇ ਭਾਰਤ ਨਹੀਂ ਆਈ। ਦਲਜੀਤ ਕੌਰ ਪਤਨੀ ਅਜੀਤ ਸਿੰਘ, ਕੰਵਲਜੀਤ ਕੌਰ ਪੁੱਤਰੀ ਸੋਹਣ ਸਿੰਘ ਅਤੇ ਇੰਦਰਜੀਤ ਕੌਰ, ਜੋ ਯੂ.ਐੱਸ.ਏ. ਸਿਟੀਜ਼ਨ ਹੈ, ਜੋ ਸਾਡੇ ਅਨੁਸਾਰ ਕਦੇ ਇੰਡੀਆ ਨਹੀਂ ਆਈ, ਮੇਰੀ ਇਕ ਮਾਸੀ ਵਰਿੰਦਰ ਕੌਰ 15-20 ਸਾਲਾਂ ਤੋਂ ਦਿੱਲੀ ਰਹਿੰਦੀ ਹੈ। ਮੇਰੀ ਨਾਨੀ ਗੁਰਦਿਆਲ ਕੌਰ ਪਤਨੀ ਸੋਹਣ ਸਿੰਘ ਦੀ ਕੋਠੀ ਦੇ ਵਾਰਿਸਾਂ ’ਚ ਮੇਰੀ ਮਾਤਾ ਰਣਧੀਰ ਕੌਰ ਦੀ ਮੌਤ ਹੋਣ ਦੇ ਬਾਅਦ ਅਸੀਂ ਦੋਵੇਂ ਦੇ ਇਲਾਵਾ ਮੇਰੀ ਮਾਸੀ ਮਨਧੀਰ ਕੌਰ ਦੀ ਮੌਤ ਹੋਣ ਦੇ ਬਾਅਦ ਉਸ ਦੇ ਬੇਟੇ ਰਮਨਦੀਪ ਸਿੰਘ ਅਤੇ ਉਸ ਦੀ ਲਡ਼ਕੀ ਰਵਿਜੋਤ ਕੌਰ ਦੇ ਨਾਂ ’ਤੇ ਹੈ, ਜਦਕਿ ਸਾਡੀ ਬਾਕੀ ਮਾਸੀਆਂ ਦੇ ਨਾਂ ’ਤੇ ਉਨ੍ਹਾਂ ਦੇ ਹਿੱਸੇ ਦਾ ਇੰਤਕਾਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਜਦ ਅਸੀਂ 20 ਜੁਲਾਈ 2019 ਨੂੰ ਮੋਗਾ ਆਪਣੀ ਕੋਠੀ ਦੇਖਣ ਲਈ ਆਏ ਤਾਂ ਕੁੱਝ ਲੋਕ ਜੇ.ਸੀ.ਬੀ. ਮਸ਼ੀਨ ਨਾਲ ਉਕਤ ਕੋਠੀ ਨੂੰ ਢਾਹ ਕੇ ਉਸ ਦਾ ਮਲਬਾ ਸਾਫ ਕਰ ਰਹੇ ਸਨ, ਜਿਸ ’ਤੇ ਅਸੀਂ ਸਬ-ਰਜਿਸਟਰਾਰ ਦਫਤਰ ਵਿਚ ਜਾ ਕੇ ਪਤਾ ਕੀਤਾ ਤਾਂ ਸਾਨੂੰ ਜਾਣਕਾਰੀ ਮਿਲੀ ਕਿ ਕੁੱਝ ਵਿਅਕਤੀਆਂ ਵੱਲੋਂ ਉਕਤ ਜਗ੍ਹਾ ਦੇ ਵਾਰਿਸਾਂ ਦੀ ਜਗ੍ਹਾ ਦੂਸਰੇ ਵਿਅਕਤੀ ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਹਨ, ਖਡ਼੍ਹਾ ਕਰ ਕੇ ਉਨ੍ਹਾਂ ਦੇ ਜਾਅਲੀ ਆਧਾਰ ਕਾਰਡ ਬਣਾ ਕੇ ਉਕਤ ਜਗ੍ਹਾ ਰਜਿਸਟਰੀ ਜਸਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਨਿਵਾਸੀ ਪਿੰਡ ਉਮਰੀਆਣਾ ਦੇ ਪੱਖ ’ਚ ਕਰਵਾ ਲਈ ਹੈ। ਉਕਤ ਜਗ੍ਹਾ ਦੀ ਰਜਿਸਟਰੀ 2 ਅਗਸਤ 2017 ਨੂੰ ਵਸੀਕਾ ਨੰਬਰ 19 ਦੇ ਆਧਾਰ ’ਤੇ ਲਖਵਿੰਦਰ ਸਿੰਘ ਤਹਿਸੀਲਦਾਰ (ਸਬ ਰਜਿਸਟਰਾਰ) ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਸਾਨੂੰ ਪਤਾ ਲੱਗਾ ਕਿ ਉਕਤ ਜਗ੍ਹਾ ਨੂੰ ਵਿਕਰੀ ਕਰਨ ਵਾਲਿਆਂ ਦੇ ਆਧਾਰ ਕਾਰਡ ਫਰਜ਼ੀ ਹੈ, ਜਿਨ੍ਹਾਂ ਵਿਚ ਲੁਧਿਆਣਾ ਅਤੇ ਜਗਰਾਓਂ ਦੇ ਇਲਾਵਾ ਦੁੱਨੇਕੇ, ਤਲਵੰਡੀ ਭਾਈ ਅਤੇ ਦੋ ਵਿਅਕਤੀ ਮੋਗਾ ਦੇ ਨਿਵਾਸੀ ਹਨ, ਜਿਨ੍ਹਾਂ ਦੇ ਆਧਾਰ ਕਾਰਡ ਨਾਲ ਲੱਗੇ ਹੋਏ ਹਨ। ਰਜਿਸਟਰੀ ’ਤੇ ਪਛਾਣਕਰਤਾ ਗੁਲਜ਼ਾਰਾ ਸਿੰਘ ਨੰਬਰਦਾਰ ਦੀ ਫੋਟੋ ਨਹੀਂ ਲੱਗੀ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਕਥਿਤ ਮਿਲੀਭੁਗਤ ਕਰ ਕੇ ਸਾਡੀ 12 ਮਰਲੇ ਜਗ੍ਹਾ ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਹਡ਼ੱਪ ਕਰ ਕੇ ਉਸ ਨੂੰ ਜਸਵਿੰਦਰ ਸਿੰਘ ਦੇ ਨਾਂ ’ਤੇ ਕਰਵਾ ਦਿੱਤੀ ਅਤੇ ਜਸਵਿੰਦਰ ਸਿੰਘ ਨੇ ਇਸ ਜਗ੍ਹਾ ਨੂੰ ਅੱਗੇ ਰਾਜੀਵ ਕੁਮਾਰ ਪੁੱਤਰ ਜਗਨਨਾਥ ਨਿਵਾਸੀ ਗਰਚੇ ਵਾਲੀ ਗਲੀ ਮੋਗਾ ਅਤੇ ਰਵਿੰਦਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਪਟੇਲ ਨਗਰ ਮੋਗਾ ਨੂੰ 5 ਦਸੰਬਰ 2017 ਨੂੰ ਕਰਵਾ ਦਿੱਤੀ ਗਈ। ਉਕਤ ਦੋਨੋਂ ਰਜਿਸਟਰੀਆਂ ’ਤੇ ਰਾਜ ਕਰਨ ਸਿੰਘ ਨਿਵਾਸੀ ਪਿੰਡ ਬੀਡ਼ ਮੰਡੀਰਾਂ ਨੇ ਪਛਾਣ ਕੀਤੀ ਹੈ। ਇਸ ਤਰ੍ਹਾਂ ਰਵਿੰਦਰਪਾਲ ਸਿੰਘ ਨੇ ਆਪਣੇ ਹਿੱਸੇ ਦੀ ਛੇ ਮਰਲੇ ਜਗ੍ਹਾ ਦੀ ਮੁਖਤਿਆਰਨਾਮਾ ਖਾਸ 25 ਫਰਵਰੀ 2019 ਨੂੰ ਦਰਸ਼ਨ ਸਿੰਘ ਪੁੱਤਰ ਮੰਗਲ ਸਿੰਘ ਨੂੰ ਦਿੱਤਾ। ਇਸ ’ਤੇ ਵੀ ਰਾਜਕਰਨ ਵੱਲੋਂ ਪਛਾਣ ਕੀਤੀ ਗਈ ਹੈ। ਇਸ ਮੁਖਤਿਆਰਨਾਮੇ ਖਾਸ ਦੇ ਆਧਾਰ ’ਤੇ ਦਰਸ਼ਨ ਸਿੰਘ ਨੇ ਉਕਤ ਜਗ੍ਹਾ 6 ਮਾਰਚ 2019 ਨੂੰ ਰਾਜੀਵ ਕੁਮਾਰ ਨੂੰ ਵੇਚ ਦਿੱਤੀ। ਇਸ ਤਰ੍ਹਾਂ ਸਾਰੇ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਸਾਡੀ ਕਰੋਡ਼ਾਂ ਰੁਪਏ ਦੀ ਜਗ੍ਹਾ ਨੂੰ ਹਡ਼ੱਪ ਕਰ ਲਿਆ।

ਕੀ ਹੋਈ ਪੁਲਸ ਕਾਰਵਾਈ

ਇਸ ਮਾਮਲੇ ਦੀ ਜਾਂਚ ਥਾਣਾ ਸਿਟੀ ਮੋਗਾ ਦੇ ਇੰਚਾਰਜ ਵੱਲੋਂ ਕੀਤੀ ਗਈ। ਜਾਂਚ ਅਧਿਕਾਰੀਆਂ ਵੱਲੋਂ ਸ਼ਿਕਾਇਤਕਰਤਾ ਦੇ ਦੋਸ਼ਾਂ ਨੂੰ ਸਹੀ ਪਾਇਆ ਗਿਆ। ਜਾਂਚ ਅਧਿਕਾਰੀ ਨੇ ਪਾਇਆ ਕਿ ਉਕਤ ਮਾਮਲੇ ਵਿਚ ਰਜਿਸਟਰੀਆਂ ਕਰਨ ਵਾਲੇ ਸਬ ਰਜਿਸਟਰਾਰ ਲਖਵਿੰਦਰ ਸਿੰਘ ਅਤੇ ਇੰਤਕਾਲ ਦਰਜ ਕਰਨ ਵਾਲੇ ਹਲਕਾ ਪਟਵਾਰੀ ਸਵਰਨ ਸਿੰਘ ਅਤੇ ਹਲਕਾ ਕਾਨੂੰਨਗੋ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਖਿਲਾਫ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਡਿਪਟੀ ਕਮਿਸ਼ਨਰ ਮੋਗਾ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਇੰਸਪੈਕਟਰ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।

Bharat Thapa

This news is Content Editor Bharat Thapa