ਪਹਿਲਾਂ ਦੋਸਤੀ, ਫਿਰ ਪਿਆਰ, ਰੇਪ ਤੇ ਫਿਰ ਬਿਜ਼ਨੈੱਸ ਦੇ ਨਾਮ ’ਤੇ ਠੱਗੀ

11/13/2018 6:57:51 AM

ਮੋਹਾਲੀ, (ਕੁਲਦੀਪ)- ਪੁਲਸ ਸਟੇਸ਼ਨ ਫੇਜ਼-8 ਅਧੀਨ ਆਉਂਦੇ ਖੇਤਰ ਦੀ ਵਸਨੀਕ ਇਕ ਲਡ਼ਕੀ ਦੇ ਨਾਲ ਇਕ ਨੌਜਵਾਨ ਵਲੋਂ ਪਹਿਲਾਂ ਦੋਸਤੀ ਕੀਤੀ ਗਈ, ਫਿਰ ਪਿਆਰ, ਫਿਰ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ ਗਏ ਅਤੇ ਫਿਰ ਉਸ ਨਾਲ ਬਿਜ਼ਨੈੱਸ ਸ਼ੁਰੂ ਕਰਨ ਦੇ ਨਾਮ ’ਤੇ ਪੈਸਾ ਲੈ ਕੇ ਠੱਗੀ ਵੀ ਕਰ ਲਈ ਗਈ । ਪੁਲਸ ਨੇ ਲਡ਼ਕੀ ਦੀ ਸ਼ਿਕਾਇਤ ’ਤੇ ਨੌਜਵਾਨ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। 
ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਲਡ਼ਕੀ ਨੇ ਦੱਸਿਆ ਕਿ ਉਹ ਇਕ ਇਮੀਗ੍ਰੇਸ਼ਨ ਕੰਪਨੀ ਵਿਚ ਕੰਮ ਕਰਦੀ ਸੀ। ਉਥੇ ਹੀ ਉਸ ਦੀ ਦੋਸਤੀ ਇਕ ਸੁਖਰਾਜ ਸਿੰਘ ਨਾਮ ਦੇ ਨੌਜਵਾਨ  ਨਾਲ ਹੋ ਗਈ। ਦੋਵਾਂ ਵਿਚ ਦੋਸਤੀ ਇੰਨੀ ਡੂੰਘੀ ਹੋ ਗਈ ਕਿ ਸੁਖਰਾਜ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਲੱਗ ਪਿਆ। ਇਸ ਦੌਰਾਨ ਉਸ ਨੇ ਲਡ਼ਕੀ ਤੋਂ ਪੈਸੇ ਵੀ ਮੰਗੇ, ਜਿਸ ਕਾਰਨ ਲਡ਼ਕੀ ਨੇ ਉਸ ਨੂੰ ਕਰੀਬ 35 ਲੱਖ ਰੁਪਏ ਵੀ ਬਿਜ਼ਨੈੱਸ ਲਈ ਦੇ ਦਿੱਤੇ। ਲਡ਼ਕੀ ਤੋਂ ਪੈਸੇ ਲੈਣ ਤੋਂ ਬਾਅਦ ਨੌਜਵਾਨ ਨੇ ਉਸ ਦੇ ਨਾਲ ਵਿਆਹ ਕਰਵਾਉਣ ਤੋਂ ਆਨਾਕਾਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਪੈਸੇ ਵੀ ਵਾਪਸ ਨਹੀਂ ਕੀਤੇ। ਪੁਲਸ ਸਟੇਸ਼ਨ ਫੇਜ਼-8 ਵਿਚ ਲਡ਼ਕੀ ਦੀ ਸ਼ਿਕਾਇਤ ’ਤੇ ਸੁਖਰਾਜ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 376, 406, 420 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।