ਪੰਜਾਬ ਕੇਂਦਰੀ ਯੂਨੀਵਰਸਿਟੀ ’ਚ ਫਾਇਰ ਸੇਫਟੀ ਦੇ ਨਹੀਂ ਲੱਗੇ ਉਪਕਰਨ

11/15/2018 3:58:12 AM

ਬਠਿੰਡਾ, (ਆਜ਼ਾਦ)- ਪਿਛਲੇ ਮਹੀਨੇ ਮਾਨਸਾ ਰੋਡ ’ਤੇ ਇੰਡਸਟ੍ਰੀਅਲ ਗ੍ਰੋਥ ਸੈਂਟਰ ਵਿਚ ਇਕ ਫੈਕਟਰੀ ਵਿਚ ਸ਼ਾਰਟ ਸਰਕਟ ਨਾਲ ਭਿਆਨਕ ਅੱਗ ਲੱਗ  ਗਈ ਸੀ, ਜਿਸ ਕਾਰਨ ਕਰੋਡ਼ਾਂ ਦਾ ਨੁਕਸਾਨ ਹੋਇਆ ਹੈ ਪਰ ਫੈਕਟਰੀ ਵਿਚ ਕੰਮ ਬੰਦ ਹੋਣ ਕਾਰਨ ਮਜ਼ਦੂਰ ਤੇ ਹੋਰ ਕਰਮਚਾਰੀ ਬਚ ਗਏ। ਇਸ ਫੈਕਟਰੀ ਤੋਂ ਕੁਝ ਹੀ ਮੀਟਰ ਦੂਰੀ ’ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਅਸਥਾਈ ਕੈਂਪਸ ਹੈ, ਜਿਥੇ ਕਾਫੀ ਸੰਖਿਆ ਵਿਚ ਸਟੂਡੈਂਟ, ਸਟਾਫ ਤੇ ਟੀਚਰ ਰਹਿੰਦੇ ਹਨ ਪਰ ਇਸ ਕੈਂਪਸ ਵਿਚ ਅੱਗ ਬੁਝਾਉਣ ਦੇ ਮਾਡ਼ੇ ਪ੍ਰਬੰਧਾਂ ਨੂੰ ਵੇਖ ਕੇ ਲੱਗਦਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਫੈਕਟਰੀ ’ਚ ਲੱਗੀ ਭਿਆਨਕ ਅੱਗ ਤੋਂ ਕੋਈ ਸਬਕ ਨਹੀਂ ਲਿਆ ਕਿਉਂਕਿ ਜਿਥੇ ਦੇ ਫਾਇਰ ਸੇਫਟੀ ਦੀ ਸਥਿਤੀ ਨੂੰ ਵੇਖ ਕੇ ਕਦੀ ਵੀ ਅੱਗ ਲੱਗਣ ਦੀ ਵਾਰਦਾਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 
ਗੌਰਤਲਬ ਹੈ ਕਿ ਯੂਨੀਵਰਸਿਟੀ ਦੀ ਪੁਰਾਣੀ ਬਿਲਡਿੰਗ ਖਸਤਾ ਹਾਲਤ ’ਚ ਪਹੁੰਚ ਹੋ ਚੁੱਕੀ ਹੈ, ਜਿਸ ’ਚ ਵਾਰ-ਵਾਰ ਮੁਰੰਮਤ ਦਾ ਕੰਮ ਕਰਵਾ ਕੇ ਭਵਨ ਦੀ ਅਸਲੀਅਤ ’ਤੇ ਪਰਦਾ ਪਾਉਣ ਦੀ ਨਾਕਾਮ ਕੋਸ਼ਿਸ ਯੂਨੀਵਰਸਿਟੀ ਵੱਲੋਂ ਕੀਤੀ ਜਾਂਦੀ ਰਹੀ ਹੈ। ਯੂਨੀਵਰਸਿਟੀ ’ਚ ਅੱਗ ਬੁਝਾਉਣ ਦੇ ਮਾਡ਼ੇ ਪ੍ਰਬੰਧਾਂ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਇਥੇ ਕਿਤੇ ਵੀ ਫਾਇਰ ਫਾਇਟਿੰਗ ਸਿਸਟਮ ਨਹੀਂ ਹੈ। 
ਸੂਤਰਾਂ ਦੀ ਮੰਨੀਏ ਤਾਂ ਯੂਨੀਵਰਸਿਟੀ ਦੇ ਕਈ ਡਿਪਾਰਟਮੈਂਟ ਅੱਜ ਵੀ ਬਿਨਾਂ ਫਾਇਰ ਸੇਫਟੀ ਦੇ ਹੀ ਚੱਲ ਰਹੇ ਹਨ। ਗੌਰਤਲਬ ਹੈ ਕਿ ਇਸ ਯੂਨੀਵਰਸਿਟੀ ਦੀ ਸਾਇੰਸ ਲੈਬ ਵਿਚ ਮਸ਼ੀਨ ਦੀ ਕੀਮਤ ਕਰੋਡ਼ਾਂ ਰੁਪਏ ਹੈ। ਸਾਇੰਸ ਲੈਬ ਦੀ ਇਹ ਮਸ਼ੀਨ ਦਿਨ-ਰਾਤ ਚੱਲਦੀ ਰਹਿੰਦੀ ਹੈ। ਜੇਕਰ ਜਾਣੇ ਅਣਜਾਣੇ ਵਿਚ ਅੱਗ ਲੱਗ ਜਾਵੇ ਤਾਂ ਕਰੋਡ਼ਾਂ ਦਾ ਨੁਕਸਾਨ ਹੋ ਸਕਦਾ ਹੈ  ਤੇ ਕਿੰਨੀਆਂ ਜਾਨਾਂ ਜਾਣਗੀਆਂ ਇਸਦਾ ਅੰਦਾਜ਼ਾ ਵੀ ਲਾਉਣਾ ਮੁਸ਼ਕਲ ਹੈ। ਇੰਨੇ ਗੰਭੀਰ ਹਾਲਾਤ ਹੋਣ ਦੇ ਬਾਵਜੂਦ  ਯੂਨੀਵਰਸਿਟੀ ਪ੍ਰਸ਼ਾਸਨ ਹੱਥ ’ਤੇ ਹੱਥ ਰੱਖ ਕੇ ਬੈਠਾ ਹੋਇਆ ਹੈ। 
 ਹਮੇਸ਼ਾ ਇਕ ਹਜ਼ਾਰ ਰਹਿੰਦੇ ਹਨ ਸਟੂਡੈਂਟ
 ਯੂਨੀਵਰਸਿਟੀ ਦੀ ਮੇਨ ਬਿਲਡਿੰਗ ’ਚ ਹਰ ਵੇਲੇ ਲਗਭਗ ਇਕ ਹਜ਼ਾਰ ਸਟੂਡੈਂਟ ਰਹਿੰਦੇ ਹਨ। ਇਸ ਵਿਚ ਜ਼ਿਆਦਾਤਰ ਸਟੂਡੈਂਟ ਸਟੱਡੀਜ਼ ਰੂਮ ਤੇ ਕੰਪਿਊਟਰ ਲੈਬ ਵਿਚ ਦਿਨ-ਰਾਤ ਬੈਠ ਕੇ ਪਡ਼੍ਹਾਈ ਕਰਦੇ ਹਨ ਤੇ ਕੁਝ ਸਟੂਡੈਂਟ ਲੈਬ ਵਿਚ ਮਸ਼ੀਨਾਂ ’ਤੇ ਆਪਣਾ ਰਿਸਰਚ ਦਾ ਕੰਮ ਕਰਦੇ ਹਨ। ਜੇਕਰ ਕੋਈ ਅਣਹੋਣੀ ਹੁੰਦੀ ਹੈ ਤਾਂ ਕਾਫੀ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ।
9 ਸਾਲ ’ਚ ਇਕ ਵਾਰ ਵੀ ਨਹੀਂ ਹੋਈ  ਮੌਕ ਡਰਿੱਲ
 ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦਾ ਅਸਥਾਈ ਕੈਂਪਸ 2009 ਤੋਂ ਮਾਨਸਾ ਰੇਲਵੇ ਫਾਟਕ ਕੋਲ ਇਕ ਧਾਗਾ ਫੈਕਟਰੀ ਵਿਚ ਚਲਾਇਆ ਜਾ ਰਿਹਾ ਹੈ ਪਰ 9 ਸਾਲ ਲੰਘ ਜਾਣ ਤੋਂ ਬਾਅਦ ਵੀ ਇਕ ਵਾਰ ਮੌਕ ਡਰਿੱਲ ਨਹੀਂ ਕਰਵਾਈ ਗਈ ਹੈ। ਅੱਗ ਬੁਝਾਉਣ ਵਾਲੇ ਯੰਤਰ ਬਾਰੇ ਕਾਫੀ ਸਟੂਡੈਂਟ ਤੇ ਸਟਾਫ ਨੂੰ ਪਤਾ ਵੀ ਨਹੀਂ ਹੈ ਕਿ ਇਸਨੂੰ ਕਿਵੇਂ ਪ੍ਰਯੋਗ ਕੀਤਾ ਜਾਂਦਾ ਹੈ।

 ਲਾਇਬ੍ਰੇਰੀ ’ਚ ਸਭ ਤੋਂ ਵੱਧ ਖਤਰਾ
 ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਦੀ ਸੈਂਟਰਲ ਲਾਇਬ੍ਰੇਰੀ ਵਿਚ ਕਰੋਡ਼ਾਂ ਕਿਤਾਬਾਂ ਰੱਖੀਅਾਂ ਹੋਈਅਾਂ ਹਨ, ਜਿਸ ਵਿਚ ਕਾਫੀ ਗਿਣਤੀ ਵਿਚ ਸਟੂਡੈਂਟ ਬੈਠ ਕੇ ਦਿਨ-ਰਾਤ ਪਡ਼੍ਹਾਈ ਕਰਦੇ ਹਨ ਪਰ ਇਸ ਲਾਇਬ੍ਰੇਰੀ ਵਿਚ ਸਿਰਫ ਇਕ ਹੀ  ਗੇਟ ਹੈ, ਜਿਸ ਵਿਚੋਂ ਇਕ ਵਾਰ ਸਿਰਫ ਇਕ ਜਾਂ ਦੋ ਹੀ ਲੋਕ ਨਿਕਲ ਸਕਦੇ ਹਨ। ਅਜਿਹੇ ਵਿਚ ਕੋਈ ਵੀ ਹਾਦਸਾ ਹੋ ਸਕਦਾ ਹੈ ਤਾਂ ਕਾਫੀ ਜਾਨ-ਮਾਲ ਦੇ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਕੀ ਕਹਿਣੈ ਯੂਨੀਵਰਸਿਟੀ ਪ੍ਰਸ਼ਾਸਨ ਦਾ
 ਜਦੋਂ ਇਸ ਸਬੰਧ ਵਿਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਮੁੱਖ ਸਕੱਤਰ ਨਾਲ ਸੰਪਰਕ ਕਰਨ ਦੀ  ਕੋਸ਼ਿਸ਼ ਕੀਤੀ ਤਾਂ ਹਰ ਵਾਰ ਮੁੱਖ ਸਕੱਤਰ ਦੇ ਦਫਤਰ ਤੋਂ ਬਸ ਇਹੀ ਰਟਿਆ ਰਟਾਇਆ ਜਵਾਬ ਮਿਲਿਆ ਕਿ ਮੁੱਖ ਸਕੱਤਰ ਯੂਨੀਵਰਸਿਟੀ ਤੋਂ ਬਾਹਰ ਗਏ ਹੋਏ ਹਨ।