ਬੱਸ ਅੱਡੇ ''ਤੇ ਲੱਗੇ ਅੱਗ ਬੁਝਾਊ ਯੰਤਰ ਹੋਏ ਨਕਾਰਾ

03/16/2018 10:19:14 AM


ਫ਼ਰੀਦਕੋਟ (ਹਾਲੀ) - ਇੱਥੋਂ ਦੇ ਮੁੱਖ ਬੱਸ ਅੱਡੇ 'ਤੇ ਅੱਗ ਲੱਗਣ ਦੀ ਛੋਟੀ ਜਿਹੀ ਘਟਨਾ ਵੀ ਵੱਡਾ ਰੂਪ ਧਾਰ ਸਕਦੀ ਹੈ ਕਿਉਂਕਿ ਇੱਥੇ ਲੱਗੇ ਅੱਗ ਬੁਝਾਊ ਯੰਤਰਾਂ ਦੀ ਹਾਲਤ ਕਾਫੀ ਬਦਤਰ ਹੋ ਚੁੱਕੀ ਹੈ। ਨਕਾਰਾ ਹੋਏ ਇਨ੍ਹਾਂ ਯੰਤਰਾਂ ਕਰ ਕੇ ਕਿਸੇ ਸਮੇਂ ਵੀ ਬੱਸ ਸਟੈਂਡ ਨੂੰ ਵੱਡੀ ਦੁਰਘਟਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 
ਸਾਲ ਕੁ ਪਹਿਲਾਂ ਹੀ ਲਗਭਗ 6 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਇੱਥੋਂ ਦੇ 'ਅਵਤਾਰ ਸਿੰਘ ਬਰਾੜ ਬੱਸ ਅੱਡੇ' ਵਿਚ ਕਿਸੇ ਵੀ ਸਮੇਂ ਅੱਗ ਲੱਗਣ ਨਾਲ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਇਸ ਮੁੱਖ ਬੱਸ ਅੱਡੇ ਦੇ ਸੈੱਡ ਥੱਲੇ ਅੱਗ 'ਤੇ ਕਾਬੂ ਪਾਉਣ ਲਈ ਦੋ ਯੰਤਰ ਲਾਏ ਗਏ ਹਨ, ਜਿਨ੍ਹਾਂ ਨੂੰ ਬਕਾਇਦਾ ਤੌਰ 'ਤੇ ਪਾਣੀ ਵਾਲੀਆਂ ਪਾਈਪਾਂ ਨਾਲ ਜੋੜਿਆ ਗਿਆ ਹੈ। ਇਨ੍ਹਾਂ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਹਾਲਤ ਕਾਫੀ ਬਦਤਰ ਹੋ ਚੁੱਕੀ ਹੈ। ਇਨ੍ਹਾਂ ਯੰਤਰਾਂ ਨਾਲ ਟੰਗੇ ਬਕਸਿਆਂ, ਜਿਨ੍ਹਾਂ 'ਚ ਪਾਣੀ ਛਿੜਕਣ ਵਾਲੀਆਂ ਪਾਈਪਾਂ ਰੱਖੀਆਂ ਹੁੰਦੀਆਂ ਹਨ, ਉਹ ਵੀ ਟੁੱਟੇ ਹੋਏ ਹਨ ਅਤੇ ਇਨ੍ਹਾਂ 'ਚੋਂ ਪਾਈਪਾਂ ਗਾਇਬ ਹਨ। ਇਸ ਤੋਂ ਇਲਾਵਾ ਨਾਲ ਟੰਗੀਆਂ ਛੋਟੀਆਂ ਪਾਈਪਾਂ ਵੀ ਖਸਤਾ ਹਾਲਤ ਵਿਚ ਹਨ। ਜ਼ਿਕਰਯੋਗ ਹੈ ਇੱਥੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਯਾਤਰੀ ਆਉਂਦੇ-ਜਾਂਦੇ ਹਨ ਅਤੇ ਕਈ ਦੁਕਾਨਦਾਰ ਇੱਥੇ ਆਪਣਾ ਕਾਰੋਬਾਰ ਚਲਾਉਂਦੇ ਹਨ। ਆਪਣੇ ਘਰਾਂ ਨੂੰ ਬੱਸ 'ਤੇ ਜਾਣ ਲਈ ਆਉਂਦੇ ਵਿਦਿਆਰਥੀ ਰਜਿੰਦਰ ਸਿੰਘ, ਹਰਦੀਪ ਕੌਰ, ਨੌ ਨਿਹਾਲ ਸਿੰਘ ਨੇ ਕਿਹਾ ਕਿ ਇਨ੍ਹਾਂ ਯੰਤਰਾਂ ਦੇ ਖਰਾਬ ਹੋਣ ਬਾਰੇ ਕਈ ਵਾਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ ਪਰ ਇਨ੍ਹਾਂ ਨੂੰ ਠੀਕ ਕਰਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। 
ਸਾਬਕਾ ਚੇਅਰਮੈਨ ਨਵਦੀਪ ਸਿੰਘ ਬਰਾੜ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਇਲਾਕਾ ਨਿਵਾਸੀਆਂ ਦੀ ਵੱਡੀ ਮੰਗ ਨੂੰ ਪੂਰਾ ਕਰਦੇ ਹੋਏ ਲਗਭਗ 6 ਕਰੋੜ ਰੁਪਏ ਦੀ ਲਾਗਤ ਨਾਲ ਇੱਥੇ ਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਅੱਡੇ ਦਾ ਨਿਰਮਾਣ ਕੀਤਾ ਗਿਆ ਸੀ। ਪੀ. ਆਰ. ਟੀ. ਸੀ. ਫਰੀਦਕੋਟ ਡਿਪੂ ਦੇ ਮਹਾ ਪ੍ਰਬੰਧਕ (ਜੀ. ਐੱਮ.) ਸ਼ਿੰਗਾਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਇੱਥੇ ਚਾਰਜ ਲਿਆ ਹੈ ਅਤੇ ਉਹ ਇਨ੍ਹਾਂ ਯੰਤਰਾਂ ਨੂੰ ਦਰੁਸਤ ਕਰ ਕੇ ਚਾਲੂ ਕਰਵਾਉਣ ਦੀ ਕੋਸ਼ਿਸ਼ ਕਰਨਗੇ