ਦਾਲਾਂ-ਸਬਜ਼ੀਆਂ ਤੋਂ ਬਾਅਦ ਹੁਣ ਤਿਉਹਾਰਾਂ ਨੂੰ ਲੈ ਕੇ ਦੁੱਧ ਦੀ ਕਿੱਲਤ ਵਧੀ

10/05/2019 10:22:45 AM

ਫਰੀਦਕੋਟ (ਜਸਬੀਰ)—ਲੋਕਾਂ ਦੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਆਏ ਭਾਰੀ ਉਛਾਲ ਦੇ ਕਾਰਣ ਮੱਧ ਵਰਗ ਅਤੇ ਗਰੀਬ ਲੋਕ ਰੋਟੀ ਖਾਣ ਤੋਂ ਵੀ ਮੋਹਤਾਜ ਹੁੰਦੇ ਜਾ ਰਹੇ ਹਨ। ਗਰੀਬ ਵਿਅਕਤੀ ਲਈ ਰੋਜ਼ਾਨਾ ਵਰਤੋਂ 'ਚ ਆਉਣ ਵਾਲੇ ਦੁੱਧ ਦੀ ਆ ਰਹੀ ਕਿੱਲਤ ਅਤੇ ਤਿਉਹਾਰਾਂ ਦੇ ਕਾਰਣ ਦੁੱਧ ਦੀ ਮੰਗ ਵੀ ਵਧ ਗਈ ਹੈ। ਦੂਜੇ ਪਾਸੇ ਦੁੱਧ ਦੀ ਮੰਗ ਵਧਣ ਨਾਲ ਮਿਲ ਰਹੀਆਂ ਗੁਪਤ ਜਾਣਕਾਰੀਆਂ ਨੇ ਵੀ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦੂਜੇ ਪਾਸੇ ਜ਼ਖੀਰੇਬਾਜ਼ਾਂ ਮੁਨਾਫਾਖੋਰ ਵਪਾਰੀਆਂ ਵੱਲੋਂ 10 ਰੁਪਏ ਪ੍ਰਤੀ ਕਿਲੋਗ੍ਰਾਮ ਦੁੱਧ ਦੇ ਭਾਅ ਵਧਾਉਣ ਦੀਆਂ ਵੀ ਜਾਣਕਾਰੀਆਂ ਮਿਲ ਰਹੀਆਂ ਹਨ। ਸ਼ਹਿਰ ਅੰਦਰ ਦੁੱਧ ਦੀ ਡੇਅਰੀ ਦਾ ਕੰਮ ਕਰਨ ਵਾਲੇ ਪਿੰਕੀ ਦਾ ਕਹਿਣਾ ਹੈ ਕਿ ਦੁੱਧ ਦੀ ਮੰਗ ਬਹੁਤ ਵਧ ਗਈ ਹੈ ਅਤੇ ਆ ਰਹੇ ਤਿਉਹਾਰਾਂ ਦੇ ਕਾਰਣ ਦੁੱਧ ਦੀ ਖਪਤ ਜ਼ਿਆਦਾ ਹੋਣ ਲੱਗ ਪਈ ਹੈ।

ਦੂਜੇ ਪਾਸੇ ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਤੂੜੀ, ਖਲ, ਵੜੇਵੇਂ ਅਤੇ ਹਰਾ ਚਾਰਾ ਮਹਿੰਗੇ ਹੋਣ ਦੇ ਕਾਰਣ ਪਸ਼ੂ ਮਾਲਕਾਂ ਨੂੰ ਮਜਬੂਰਨ ਰੇਟ ਵਧਾਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਤਕਰੀਬਨ 500 ਰੁਪਏ ਕੁਇੰਟਲ ਤੂੜੀ, 300 ਰੁਪਏ ਕੁਇੰਟਲ ਹਰੇ ਪੱਠੇ, 1000 ਰੁਪਏ ਕੁਇੰਟਲ ਖਲ ਵੜੇਵੇਂ ਅਤੇ ਮਹਿੰਗੇ ਭਾਅ 'ਤੇ ਮਿਲ ਰਿਹਾ ਦਾਣਾ ਚੋਕਰ ਅਤੇ ਪਸ਼ੂਆਂ ਦੀਆਂ ਦਵਾਈਆਂ, ਡਾਕਟਰੀ ਇਲਾਜ 'ਤੇ ਹਜ਼ਾਰਾਂ ਰੁਪਏ ਖਰਚਾ ਹੋਣ ਕਾਰਣ ਪਸ਼ੂ ਪਾਲਕਾਂ ਦੇ ਪੱਲੇ ਕੋਈ ਜ਼ਿਆਦਾ ਮਿਹਨਤ ਨਹੀਂ ਪੈਂਦੀ, ਜਿਸ ਕਰ ਕੇ ਸਰਦੇ-ਪੁਜਦੇ ਲੋਕ ਵੀ ਡੰਗਰ ਪਸ਼ੂ ਰੱਖਣ ਅਤੇ ਸਾਂਭਣ ਤੋਂ ਕਿਨਾਰਾ ਵੱਟਦੇ ਜਾ ਰਹੇ ਹਨ। ਹਰ-ਰੋਜ਼ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਆਈ ਅੰਤਾਂ ਦੀ ਮਹਿੰਗਾਈ ਕਾਰਣ ਗਰੀਬ ਲੋਕ ਪ੍ਰੇਸ਼ਾਨ ਸਨ। ਕੁਝ ਜ਼ਖੀਰੇਬਾਜ਼ਾਂ ਵੱਲੋਂ ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਨੂੰ ਸਟੋਰ ਕਰਨ ਤੋਂ ਬਾਅਦ ਕੀਤੀ ਜਾ ਰਹੀ ਲੁੱਟ ਦੇ ਕਾਰਣ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ ਅਤੇ ਦਾਲਾਂ-ਸਬਜ਼ੀਆਂ ਤੋਂ ਬਾਅਦ ਹੁਣ ਦੁੱਧ ਦੀ ਮੰਗ ਵਧਣ ਨਾਲ ਦੁੱਧ ਦੇ ਰੇਟ ਵੀ ਵਧ ਸਕਦੇ ਹਨ।

Shyna

This news is Content Editor Shyna