ਫਾਜ਼ਿਲਕਾ ਦਾ ਇਹ ਪਿੰਡ ਜ਼ਿੰਦਗੀ ਜਿਊਣ ਦੀਆਂ ਮੁੱਢਲੀਆਂ ਸਹੂਲਤਾਂ ਤੋਂ ਅੱਜ ਵੀ ਵਾਂਝਾ (ਵੀਡੀਓ)

03/26/2019 5:02:27 PM

ਫਾਜ਼ਿਲਕਾ (ਸੁਨੀਲ ਨਾਗਪਾਲ) - ਭਾਰਤ ਸਰਕਾਰ ਵਲੋਂ ਇਕ ਪਾਸੇ ਜਿੱਥੇ ਦੇਸ਼ ਨੂੰ ਡਿਜ਼ੀਟਲ ਬਣਾਉਣ ਅਤੇ ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿਕਾਸ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਪੰਜਾਬ ਦੇ ਕਈ ਪਿੰਡ ਅਜਿਹੇ ਹਨ, ਜਿੱਥੋਂ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਕੋਹਾਂ ਦੂਰ ਹਨ। ਫਾਜ਼ਿਲਕਾ ਦਾ ਪਿੰਡ ਚੂੜੀਵਾਲਾ ਚਿਛਤੀ ਦੇ ਲੋਕ ਜ਼ਿੰਦਗੀ ਜਿਊਣ ਦੀਆਂ ਮੁੱਢਲੀਆਂ ਸਹੂਲਤਾਂ ਤੋਂ ਅੱਜ ਵੀ ਵਾਂਝੇ ਹਨ। ਸੜਕਾਂ, ਕੱਚੀਆਂ ਗਲੀਆਂ, ਪੀਣ ਵਾਲਾ ਪਾਣੀ, ਬੱਸ ਇਥੋ ਦੇ ਲੋਕਾਂ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਹਨ, ਜਿਨਾਂ ਦੇ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੀਆਂ ਔਰਤਾਂ ਨੂੰ ਪੀਣ ਵਾਲਾ ਪਾਣੀ ਲੈਣ ਲਈ 2 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਬੱਸ ਦੀ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਬਹੁਤ ਮੁਸ਼ਕਲ ਹੁੰਦੀ ਹੈ ਅਤੇ ਸਕੂਲੀ ਬੱਚੇ ਆਟੋ ਦਾ ਸਹਾਰਾ ਲੈ ਕੇ ਸਕੂਲ ਜਾਂਦੇ ਹਨ। 

ਦੱਸ ਦੇਈਏ ਕਿ ਇਸ ਪਿੰਡ ਦੇ ਬੱਚੇ ਅੱਜ ਦੇ ਆਧੁਨਿਕ ਯੁੱਗ 'ਚ ਲੈਪਟਾਪ ਅਤੇ ਕੰਪਿਊਟਰ ਵਰਗੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ ਅਤੇ ਪਿੰਡ ਦੇ ਸਰਕਾਰੀ ਸਕੂਲ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਇਨ੍ਹਾਂ ਸਹੂਲਤਾਂ ਦੇ ਬਾਰੇ ਕੁਝ ਪਤਾ ਹੀ ਨਹੀਂ। ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ 'ਚ ਅਧਿਆਪਕਾਂ ਦੀ ਬਹੁਤ ਕਮੀ ਹੈ। ਇਨ੍ਹਾਂ ਸਮੱਸਿਆ ਦੇ ਸਬੰਧ 'ਚ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਇਥੋਂ ਦੇ ਵਿਧਾਇਕ ਪਿੰਡ ਦਾ ਵਿਕਾਸ ਕਰਵਾਉਣ ਲਈ ਨਹੀਂ ਸਗੋਂ ਚੋਣਾਂ ਦੇ ਸਮੇਂ ਵੋਟਾਂ ਲੈਣ ਲਈ ਆਉਂਦੇ ਹਨ। ਫਾਜ਼ਿਲਕਾ ਦੇ ਡੀ.ਸੀ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਪਿੰਡ ਦੇ ਪਾਣੀ ਦੀ ਨਿਕਾਸੀ ਦਾ ਕੰਮ ਚੋਣਾਂ ਖਤਮ ਹੁੰਦੇ ਸਾਰ ਹੀ ਨੇਪਰੇ ਚਾੜ੍ਹ ਦਿੱਤਾ ਜਾਵੇਗਾ।

rajwinder kaur

This news is Content Editor rajwinder kaur