ਕਾਰ ਸਵਾਰ ਪਿਉ-ਪੁੱਤ ’ਤੇ ਹਥਿਆਰਾਂ ਨਾਲ ਲੈਸ ਲੋਕਾਂ ਨੇ ਕੀਤਾ ਜਾਨਲੇਵਾ ਹਮਲਾ ,ਨੌਜਵਾਨ ਜ਼ਖਮੀ

07/03/2022 5:02:19 PM

ਜ਼ੀਰਾ (ਗੁਰਮੇਲ ਸੇਖਵਾਂ) : ਥਾਣਾ ਜ਼ੀਰਾ ਦੀ ਪੁਲਸ ਨੇ ਬਹਿਕ ਗੁਜਰਾਂ ਨੇੜੇ ਬਲੈਰੋ ਗੱਡੀ ਸਵਾਰ ਪਿਉ-ਪੁੱਤ ’ਤੇ ਜਾਨਲੇਵਾ ਹਮਲਾ ਕਰਨ ਅਤੇ ਨੌਜਵਾਨ ਨੂੰ ਗੋਲ਼ੀ ਲੱਗਣ ਦੇ ਦੋਸ਼ ਹੇਠ 26 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਏ.ਐੱਸ.ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਮੁਦੱਈ ਦਲਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬਹਿਕ ਗੁੱਜਰਾਂ ਨੇ ਦੱਸਿਆ ਕਿ ਉਸਨੇ ਬਹਿਕ ਗੁੱਜਰਾਂ ਵਿਖੇ 4 ਕਿਲੇ ਜ਼ਮੀਨ ਠੇਕੇ ’ਤੇ ਲਈ ਹੈ ਤੇ ਬੀਤੇ ਦਿਨ ਉਹ ਆਪਣੇ ਪਿਤਾ ਨਾਲ ਆਪਣੀ ਬਲੈਰੋ ਗੱਡੀ ’ਤੇ ਸਵਾਰ ਹੋ ਕੇ ਜ਼ੀਰਾ ਸ਼ਹਿਰ ਵੱਲ ਜਾ ਰਿਹਾ ਸੀ ਤਾਂ ਪਿੰਡ ਬਹਿਕ ਗੁੱਜਰਾਂ ਦੇ ਕੋਲ ਪਹੁੰਚਣ ’ਤੇ ਦੋਸ਼ੀ ਬਲਵੰਤ ਸਿੰਘ, ਹਰਜੀਤ ਸਿੰਘ, ਜੰਗੀਰ ਸਿੰਘ, ਸੁਖਜੀਤ ਸਿੰਘ, ਦਰਸ਼ਨ ਸਿੰਘ, ਹਰਪ੍ਰੀਤ ਸਿੰਘ ਅਤੇ ਕਰੀਬ 20 ਅਣਪਛਾਤੇ ਲੋਕ, ਉੱਥੇ ਹਥਿਆਰਾਂ ਸਮੇਤ ਖੜੇ ਸਨ।

ਇਹ ਵੀ ਪੜ੍ਹੋ- ਪਿੰਡ ਡੰਗਰਖੇੜਾ ਬਣਿਆ ‘ਅਧਿਆਪਕ ਖੇੜਾ’, ਪਿੰਡ ਦੇ 29 ਮੁੰਡੇ-ਕੁੜੀਆਂ ਇਕੱਠੇ ਬਣੇ ਅਧਿਆਪਕ

ਸ਼ਿਕਾਇਕਕਰਤਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਵਿਚੋਂ ਸੁਖਜੀਤ ਸਿੰਘ ਨੇ ਲਲਕਾਰਾ ਮਾਰਿਆ ਤਾਂ ਹਰਜੀਤ ਸਿੰਘ ਨੇ 12 ਬੋਰ ਬੰਦੂਕ ਦਾ ਫਾਇਰ ਕੀਤਾ, ਜੋ ਗੱਡੀ ਦੀ ਕੰਡਕਟਰ ਸਾਈਡ ਲੱਗਾ ਅਤੇ ਜੰਗੀਰ ਸਿੰਘ ਨੇ ਦਸਤੀ ਪਿਸਤੌਲ ਦਾ ਫਾਇਰ ਕੀਤਾ, ਜੋ ਗੱਡੀ ਦੀ ਪਿਛਲੀ ਬਾਰੀ ’ਤੇ ਲੱਗਾ। ਦੋਸ਼ੀ ਬਲਵੰਤ ਸਿੰਘ ਨੇ 12 ਬੋਰ ਬੰਦੂਕ ਦਾ ਫਾਇਰ ਕੀਤਾ, ਜੋ ਸ਼ਿਕਾਇਤਕਰਤਾ ਦੇ ਮੋਢੇ ’ਤੇ ਲੱਗਾ। ਮੁਦੱਈ ਅਨੁਸਾਰ ਉਸਦੇ ਪਿਤਾ ਨੇ ਉੱਥੋਂ ਗੱਡੀ ਭਜਾ ਦਿੱਤੀ ਅਤੇ ਪੁਲਸ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਦੋਸ਼ੀ ਉਥੋਂ ਫਰਾਰ ਹੋ ਗਏ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Gurminder Singh

This news is Content Editor Gurminder Singh